Breaking News
Home / ਕੈਨੇਡਾ / ‘ਯੂਵੀਕੈਨ’ ਵੱਲੋਂ ਕੈਂਸਰ ਚੈਰਿਟੀ ਲਈ ਕਰਾਏ ਡਿਨਰ ਨੂੰ ਭਰਵਾਂ ਹੁੰਗਾਰਾ

‘ਯੂਵੀਕੈਨ’ ਵੱਲੋਂ ਕੈਂਸਰ ਚੈਰਿਟੀ ਲਈ ਕਰਾਏ ਡਿਨਰ ਨੂੰ ਭਰਵਾਂ ਹੁੰਗਾਰਾ

ਕੈਂਸਰ ਪੀੜਤਾਂ ਦੇ ਇਲਾਜ ਲਈ ਇਕੱਠੇ ਕੀਤੇ ਫੰਡ
ਬਰੈਂਪਟਨ/ਬਿਊਰੋ ਨਿਊਜ਼ : ਯੂਵੀਕੈਨ ਗਲੋਬਲ ਟੀ20 ਕੈਨੇਡਾ ਅਤੇ ਬੰਬੇ ਸਪੋਰਟਸ ਨੇ ‘ਮੈਥ ਫਾਰ ਲਾਈਫ’ ਦੇ ਸਹਿਯੋਗ ਨਾਲ ਕ੍ਰਿਕਟਰ ਯੁਵਰਾਜ ਸਿੰਘ ਵੱਲੋਂ ਚਲਾਈ ਜਾ ਰਹੀ ਯੂਵੀਕੈਨ ਕੈਂਸਰ ਚੈਰਿਟੀ ਲਈ ਚੈਰਿਟੀ ਡਿਨਰ ਕਰਵਾਇਆ ਗਿਆ।
ਇਸ ਵਿੱਚ ਵੱਖ-ਵੱਖ ਕਿੱਤਿਆਂ ਨਾਲ ਜੁੜੇ ਵਿਅਕਤੀਆਂ ਨੇ ਵੱਡੀ ਸੰਖਿਆ ਵਿੱਚ ਸ਼ਿਰਕਤ ਕਰਕੇ ਸਿਰਫ਼ 100,000 ਸੀਏਡੀ ਇਕੱਠੇ ਹੀ ਨਹੀਂ ਕੀਤੇ ਬਲਕਿ ਸਮਾਜ ਦੇ ਹੇਠਲੇ ਤਬਕੇ ਦੇ ਕੈਂਸਰ ਨਾਲ ਪੀੜਤ 6 ਬੱਚਿਆਂ ਦੇ ਮੈਡੀਕਲ ਖਰਚ ਤਹਿਤ ਹਰੇਕ ਲਈ 10,000 ਸੀਏਡੀ ਤੱਕ ਕਵਰ ਮੁਹੱਈਆ ਕਰਾਇਆ। ਟੋਰਾਂਟੋ ਆਧਾਰਿਤ ਸੰਸਥਾ ‘ਮੈਥ ਫਾਰ ਲਾਈਫ’ ਨੇ ਚੈਰਿਟੀ ਲਈ ਸਥਾਨਕ ਵਿਅਕਤੀਆਂ ਨੂੰ ਇਕੱਠੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ‘ਤੇ ਯੁਵਰਾਜ ਸਿੰਘ ਨੇ ਕਿਹਾ ਕਿ ਅਸੀਂ ਬਹੁਤ ਚੰਗੀ ਦੁਨੀਆ ਵਿਚ ਰਹਿ ਰਹੇ ਹਾਂ ਜਿੱਥੇ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਲੜਨ ਵਾਲਿਆਂ ਦੀ ਮਦਦ ਲਈ ਲੋਕ ਮਦਦ ਕਰਨ ਦੇ ਇਛੁੱਕ ਹਨ। ਉਨ੍ਹਾਂ ਨੇ ਇਸ ਲਈ ਬੰਬੇ ਸਪੋਰਟਸ ਅਤੇ ਮੈਥ ਫਾਰ ਲਾਈਫ ਦਾ ਧੰਨਵਾਦ ਕੀਤਾ। ਇਸ ਦੌਰਾਨ ਯੁਵਰਾਜ ਨੇ ਆਪਣੀ ਕੈਂਸਰ ਨਾਲ ਲੜਾਈ ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ। ਬੰਬੇ ਸਪੋਰਟਸ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ, ‘ਕੈਂਸਰ ਨਾਲ ਲੜਨ ਵਾਲੇ ਭਾਰਤੀ ਲੋਕਾਂ ਲਈ ਯੁਵਰਾਜ ਸਿੰਘ ਉਮੀਦ ਅਤੇ ਸਾਹਸ ਦਾ ਸੋਮਾ ਹੈ। ਅਸੀਂ ਕੈਂਸਰ ਖਿਲਾਫ਼ ਲੜਾਈ ਵਿੱਚ ਯੂਵੀਕੈਨ ਨਾਲ ਮਿਲਕੇ ਬਹੁਤ ਚੰਗਾ ਮਹਿਸੂਸ ਕਰ ਰਹੇ ਹਾਂ।’ ਇਸ ਸਮਾਗਮ ਦੀ ਮੇਜ਼ਬਾਨੀ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਬਾਲਰ ਸਿਮੋਨ ਡੌਲ ਨੇ ਕੀਤੀ। ਮੈਥ ਫਾਰ ਲਾਈਫ ਦੇ ਸੰਸਥਾਪਕ ਰਿਤੇਸ਼ ਮਲਿਕ ਨੇ ਕਿਹਾ, ‘ਯੁਵਰਾਜ ਸਿੰਘ ਦੀ ਕੈਂਸਰ ਖਿਲਾਫ਼ ਲੜਾਈ ਨੇ ਸਰਹੱਦਾਂ ਤੋਂ ਪਾਰ ਜਾ ਕੇ ਪੂਰੇ ਵਿਸ਼ਵ ਨੂੰ ਪ੍ਰੇਰਿਤ ਕੀਤਾ ਹੈ।’ ਯੂਵੀਕੈਨ ਭਾਰਤ ਵਿੱਚ ਕੈਂਸਰ ਕੰਟਰੋਲ ਨੂੰ ਕੇਂਦਰ ਵਿੱਚ ਰੱਖ ਕੇ ਇਸ ਪ੍ਰਤੀ ਜਾਗਰੂਕਤਾ, ਸਕਰੀਨਿੰਗ, ਹੇਠਲੇ ਤਬਕੇ ਦੇ ਮਰੀਜ਼ਾਂ ਲਈ ਵਿੱਤੀ ਸਹਾਇਤਾ ਅਤੇ ਕੈਂਸਰ ਤੋਂ ਬਚੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਮੁਹੱਈਆ ਕਰਵਾ ਰਹੀ ਹੈ। ਇਸ ਪ੍ਰੋਗਰਾਮ ਨੂੰ ਕੈਨੇਡਾ ਇੰਡੀਆ ਫਾਊਂਡੇਸ਼ਨ, ਦਿ ਫਾਇਨਲ ਸਕੋਰ, ਯੂਨੀਵਰਸਲ ਪ੍ਰਮੋਸ਼ਨਜ਼ ਵੱਲੋਂ ਸਹਾਇਤਾ ਪ੍ਰਦਾਨ ਅਤੇ ਹੌਲੀਡੇਅ ਇੰਨ, ਟੋਰਾਂਟੋ ਏਅਰਪੋਰਟ ਵੱਲੋਂ ਮੇਜ਼ਬਾਨੀ ਕੀਤੀ ਗਈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …