ਸਿੱਖ ਵਿਰਾਸਤੀ ਮਹੀਨੇ ਸਬੰਧੀ ਬਿੱਲ ‘ਤੇ ਸੰਸਦ ਨੂੰ ਕੀਤਾ ਸੰਬੋਧਨ
ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਾਨਤਾ ਦੇਣ ਸਬੰਧੀ ਬਿਲ ਸੰਸਦ ‘ਚ ਸੁੱਖ ਧਾਲੀਵਾਲ ਨੇ ਕੀਤਾ ਪੇਸ਼
ਓਟਵਾ/ ਬਿਊਰੋ ਨਿਊਜ਼ : ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਾਨਤਾ ਦੇਣ ਲਈ ਸੰਸਦ ਮੈਂਬਰ ਸੁੱਖ ਧਾਲੀਵਾਲ ਵੱਲੋਂ ਪੇਸ਼ ਕੀਤੇ ਗਏ ਬਿੱਲ ਸੀ-376 ‘ਤੇ ਹੋਈ ਦੂਜੀ ਰੀਡਿੰਗ ਵਿੱਚ ਬਰੈਂਪਟਨ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਸੰਸਦ ਨੂੰ ਸੰਬੋਧਨ ਕੀਤਾ। ਇਹ ਬਿੱਲ ਸਮੁੱਚੇ ਕੈਨੇਡਾ ਵਿੱਚ ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣ ਦੀ ਵਕਾਲਤ ਕਰਦਾ ਹੈ। ਇਸ ਮਹੀਨੇ ਵਿੱਚ ਸਿੱਖ ਪੰਥ ਦੀ ਸਾਜਨਾ ਹੋਈ ਸੀ ਜਿਸਨੂੰ ਵਿਸਾਖੀ ਵਜੋਂ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਸਮੇਂ ਕੈਨੇਡਾ ਵਿੱਚ ਸਿੱਖਾਂ ਦੀ ਜਨਸੰਖਿਆ 500,000 ਹੈ ਜੋ ਦੁਨੀਆ ਵਿੱਚ ਸਿੱਖਾਂ ਦੀ ਦੂਜੀ ਸਭ ਤੋਂ ਵੱਧ ਜਨਸੰਖਿਆ ਹੈ।
ਆਪਣੇ ਸੰਬੋਧਨ ਵਿੱਚ ਸਹੋਤਾ ਨੇ ਕਿਹਾ ਕਿ ਇਸ ਬਿੱਲ ਨੂੰ ਪਾਸ ਕਰਨ ਨਾਲ ਕੈਨੇਡੀਅਨ ਸਮਾਜ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਮਾਨਤਾ ਮਿਲੇਗੀ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਕੈਨੇਡਾ ਵਿੱਚ ਸਾਡੀ ਭਾਸ਼ਾ, ਰਵਾਇਤਾਂ ਅਤੇ ਇਤਿਹਾਸ ਬਾਰੇ ਜਾਗਰੂਕ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਸਾਰੇ ਸਿੱਖ ਸੰਸਦ ਮੈਂਬਰਾਂ ਨੂੰ ਇਸ ਗੱਲ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਿੱਖ ਕੌਮ ਦੀ ਸਖ਼ਤ ਮਿਹਨਤ ਅਤੇ ਸੰਘਰਸ਼ ਕਾਰਨ ਹੀ ਅੱਜ ਸਾਨੂੰ ਇੱਥੇ ਬੈਠਣ ਦਾ ਮੌਕਾ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਇਹ ਸਭ ਹਾਸਲ ਕਰਨਾ ਸੌਖਾ ਨਹੀਂ ਸੀ ਕਿਉਂਕਿ ਸਿੱਖਾਂ ਨੂੰ ਨਸਲਵਾਦ, ਹਿੰਸਾ ਅਤੇ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ। ਕਾਮਾਗਾਟਾ ਮਾਰੂ ਤੋਂ ਲੈ ਕੇ ਵਿਦੇਸ਼ਾਂ ਵਿੱਚ ਗੁਰਦੁਆਰਿਆਂ ਦੀ ਬੇਅਦਬੀ ਤੱਕ ਦਾ ਕਾਲਾ ਇਤਿਹਾਸ ਹੈ, ਪਰ ਹੁਣ ਇਨ੍ਹਾਂ ਕਾਲੇ ਅਧਿਆਇਆਂ ਨੂੰ ਬੰਦ ਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਸਿੱਖ ਪਰਵਾਸੀ ਦੀ ਧੀ ਹੋਣ ਵਜੋਂ ਉਸਦਾ ਇੱਕ ਅਜਿਹੇ ਦੇਸ਼ ਵਿੱਚ ਪਾਲਣ ਪੋਸ਼ਣ ਹੋਇਆ ਜਿੱਥੇ ਉਸਨੂੰ ਅੱਜ ਇਸ ਸਦਨ ਵਿੱਚ ਬੋਲਣ ਦਾ ਮੌਕਾ ਮਿਲਿਆ, ਜਿੱਥੇ ਸਿੱਖ ਵਿਰਾਸਤ ਨੂੰ ਮਾਨਤਾ ਅਤੇ ਮਹੱਤਵ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਵਿੱਚ ਸਿੱਖਾਂ ਨੂੰ ਉੱਚ ਸਥਾਨ ਮਿਲਿਆ ਹੈ ਕਿਉਂਕਿ ਕੈਨੇਡਾ ਦੀ ਵਿਰਾਸਤ ਇੱਕ ਬਹੁਸੱਭਿਆਚਾਰਕ ਦੇਸ਼ ਦੀ ਹੈ ਜਿੱਥੇ ਸਿੱਖਾਂ ਨੂੰ ਧਰਮ ਅਤੇ ਵਿਸ਼ਵਾਸ ਚੁਣਨ ਲਈ ਨਹੀਂ ਕਿਹਾ ਜਾਂਦਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …