Breaking News
Home / ਜੀ.ਟੀ.ਏ. ਨਿਊਜ਼ / ਯੂਥ ਹਿੰਸਾ ਮਾਮਲੇ ‘ਤੇ ਬਰੈਂਪਟਨ ਹਾਲ ਟਾਊਨ ‘ਚ ਸੈਂਕੜਿਆਂ ਦਾ ਇਕੱਠ

ਯੂਥ ਹਿੰਸਾ ਮਾਮਲੇ ‘ਤੇ ਬਰੈਂਪਟਨ ਹਾਲ ਟਾਊਨ ‘ਚ ਸੈਂਕੜਿਆਂ ਦਾ ਇਕੱਠ

ਨੌਜਵਾਨਾਂ ਦੀ ਹਿੰਸਕ ਪ੍ਰਵਿਰਤੀ ਬਣੀ ਵੱਡਾ ਸਵਾਲ
ਬਰੈਂਪਟਨ/ ਬਿਊਰੋ ਨਿਊਜ਼ :
ਬੀਤੇ ਦਿਨੀਂ ਬਰੈਂਪਟਨ ਟਾਊਨ ਹਾਲ ‘ਚ ਯੂਥ ਹਿੰਸਾ ਦੇ ਮਾਮਲੇ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਦਾ ਇਕੱਠ ਹੋਇਆ। ਇਸ ਦੌਰਾਨ ਨੌਜਵਾਨਾਂ ਵਿਚ ਵੱਧ ਰਹੀ ਹਿੰਸਕ ਪ੍ਰਵਿਰਤੀ ਨੂੰ ਰੋਕਣ ਲਈ ਹੱਲ ਕੱਢਣ ‘ਤੇ ਜ਼ੋਰ ਦਿੱਤਾ ਗਿਆ। ਲਗਭਗ 200 ਲੋਕਾਂ ਨੂੰ ਗੇਟ ਤੋਂ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਜਿਮ ਆਕਰਡੇਕਿਨ ਰੀਕ੍ਰਿਏਸ਼ਨ ਸੈਂਟਰ ਦੇ ਸੁਰੱਖਿਆ ਕਰਮਚਾਰੀਆਂ ਨੇ ਅੰਦਰ ਹਾਲ ਪੂਰੀ ਸਮਰੱਥਾ ‘ਚ ਭਰਨ ਤੋਂ ਬਾਅਦ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਬਾਹਰ ਵੀ ਕੁਝ ਲੋਕ ਕਾਰਾਂ ਅਤੇ ਆਸਪਾਸ ਬੈਠੇ ਰਹੇ ਕਿ ਸ਼ਾਇਦ ਬਾਅਦ ਵਿਚ ਉਨ੍ਹਾਂ ਨੂੰ ਟਾਊਨ ਹਾਲ ‘ਚ ਜਾਣ ਦਾ ਮੌਕਾ ਮਿਲ ਜਾਵੇ। ਪ੍ਰੋਗਰਾਮ ਦਾ ਪ੍ਰਬੰਧ ਓਨਟਾਰੀਓ ਗੁਰਦੁਆਰਾ ਕਮੇਟੀ ਅਤੇ ਯੂਨਾਈਟਿਡ ਸਿੱਖਸ ਨੇ ਕੀਤਾ ਸੀ ਤਾਂ ਜੋ ਭਾਈਚਾਰੇ ਵਿਚ ਵੱਧਦੇ ਡਰ ਨੂੰ ਘੱਟ ਕੀਤਾ ਜਾ ਸਕੇ। ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿਚ ਪੰਜਾਬੀ ਨੌਜਵਾਨ ਕੁੱਟਮਾਰ ਅਤੇ ਹਿੰਸਾ ਕਰਦੇ ਦਿਖਾਈ ਦਿੰਦੇ ਹਨ। ਇਹ ਪ੍ਰਮੁੱਖ ਤੌਰ ‘ਤੇ ਬਰੈਂਪਟਨ ਦੀਆਂ ਗਲੀਆਂ ਅਤੇ ਪਾਰਕਿੰਗ ‘ਚ ਕੁੱਟਮਾਰ ਕਰ ਰਹੇ ਹਨ। ਵਧੇਰੇ ਮਾਮਲੇ ਸ਼ੇਰਡਨ ਕਾਲਜ ਡੇਵਿਸ ਕੈਂਪਸ ਦੇ ਆਸਪਾਸ ਹੋਏ ਹਨ। ਪੀਲ ਪੁਲਿਸ ਅਧਿਕਾਰੀ ਸਟੀਫਨ ਬਲੂਮ ਨੇ ਕਿਹਾ ਕਿ ਇਹ ਇਕ ਜਟਿਲ ਮੁੱਦਾ ਹੈ। ਹਰ ਕੋਈ ਇਸ ਤੋਂ ਚਿੰਤਤ ਹੈ। ਇਸ ਦੌਰਾਨ ਮਨਦੀਪ ਗਰੇਵਾਲ ਨੇ ਕਿਹਾ ਕਿ ਇਸ ਬਾਰੇ ਲੋਕਾਂ ਦੀ ਗੱਲ ਸੁਣਨ ਦੀ ਲੋੜ ਹੈ।
ਇਸ ਦੌਰਾਨ ਕੈਨੇਡੀਅਨ ਅਤੇ ਇੰਟਰਨੈਸ਼ਨਲ ਸਟੂਡੈਂਟਸ ਵਲੋਂ ਕੀਤੀ ਜਾਣ ਵਾਲੀ ਹਿੰਸਾ ‘ਤੇ ਵਿਸਥਾਰ ਵਿਚ ਗੱਲਬਾਤ ਹੋਈ। ਮਾਲਟਨ ਦੇ ਐਮ.ਪੀ.ਪੀ.ਦੀਪਕ ਅਨੰਦ ਨੇ ਕਿਹਾ ਕਿ ਇਹ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਸਮੱਸਿਆ ਨਹੀਂ ਹੈ ਸਗੋਂ ਇਹ ਕਾਨੂੰਨ ਅਤੇ ਵਿਵਸਥਾ ਦਾ ਮਾਮਲਾ ਹੈ। ਉਹ ਵੀ ਉਥੇ ਪਹੁੰਚੇ ਕਈ ਨਵੇਂ ਐਮ.ਪੀ.ਪੀ. ਵਿਚ ਸ਼ਾਮਲ ਸਨ।
ਮੇਅਰ ਨੇ ਵੀ ਜਤਾਈ ਚਿੰਤਾ : ਬਰੈਂਪਟਨ ਦੀ ਮੇਅਰ ਲਿੰਡਾ ਜੈਫ਼ਰੀ ਅਤੇ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਵੀ ਮਾਮਲੇ ਨੂੰ ਗੰਭੀਰ ਦੱਸਿਆ ਅਤੇ ਇਸ ਦੇ ਜਲਦੀ ਹੱਲ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਪੀਲ ਪੁਲਿਸ ਸਰਵਿਸਜ਼ ਬੋਰਡ ਦੇ ਕੋਲ ਬੀਤੇ ਨਵੰਬਰ ਮਹੀਨੇ ਤੋਂ ਉਠਾ ਰਹੇ ਹਾਂ। ਫਰੰਟ ਲਾਈਨ ਪੁਲਿਸ ਅਧਿਕਾਰੀਆਂ ਲਈ ਵੱਖਰੇ ਫੰਡ ਵੀ ਦਿੱਤੇ ਗਏ ਹਨ। 37 ਫਰੰਟ ਲਾਈਨ ਅਤੇ 10 ਐਡੀਸ਼ਨਲ ਡਿਸਪੈਚ ਆਫ਼ਿਸਰਜ਼ ਵੀ ਰੱਖੇ ਗਏ ਹਨ।
ਪੀਲ ਕਾਂਸਟੇਬਲ ਮਨਜੀਤ ਬਸਰਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਵੀ ਹਿੰਸਾ ਨੂੰ ਦੇਖਣ ‘ਤੇ ਸਿੱਧਾ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਹੈ ਕਿ ਕਿਸੇ ਵੀ ਲੜਾਈ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …