ਬਰੈਂਪਟਨ/ਬਾਸੀ ਹਰਚੰਦ : ਬਰੈਂਪਟਨ ਦੇ ਕਨੇਡੀ ਰੋਡ ‘ਤੇ ਸਥਿਤ ਵਿਸ਼ਵ ਪੰਜਾਬੀ ਭਵਨ ਵਿਖੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਸਬੰਧੀ ਅਤੇ ਉਸਦੇ ਕੀਤੇ ਸੂਰਮਗਤੀ ਵਾਲੇ ਕਾਨਾਮਿਆਂ ‘ਤੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਤਿੰਨ ਘੰਟੇ ਚੱਲੇ ਸਮਾਗਮ ਵਿੱਚ ਬੁਲਾਰਿਆਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਗਿਆ। ਸਾਰਾ ਸਮਾਂ ਲੋਕ ਟਿਕ-ਟਿਕੀ ਲਾ ਕੇ ਸੁਣਦੇ ਰਹੇ। ਸੱਭ ਤੋਂ ਪਹਿਲਾਂ ਸਟੇਜ ਸੈਕਟਰੀ ਹਰਚੰਦ ਸਿੰਘ ਬਾਸੀ ਨੇ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਦੀ ਪਰਵਾਨਗੀ ਨਾਲ ਪ੍ਰਧਾਨਗੀ ਮੰਡਲ ਵਿੱਚ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਬਲਦੇਵ ਸਿੰਘ ਸਹਿਦੇਵ, ਡਾਕਟਰ ਵਰਿਆਮ ਸਿੰਘ ਸੰਧੂ ਪ੍ਰਸਿੱਧ ਕਹਾਣੀਕਾਰ, ਡੀ.ਪੀ. ਮੌੜ, ਕਾਮਰੇਡ ਸੁਖਦੇਵ ਸਿੰਘ, ਜਗਜੀਤ ਸਿੰਘ ਜੋਗਾ, ਜਗੀਰ ਸਿੰਘ ਕਾਹਲੋਂ ਨੂੰ ਅਦਬ ਸਤਿਕਾਰ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਬਤ ਹੋਣ ਲਈ ਬੇਨਤੀ ਕੀਤੀ।
ਪ੍ਰਧਾਨ ਦੀ ਆਗਿਆ ਨਾਲ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ। ਸਟੇਜ ਸਕੱਤਰ ਨੇ ਵਾਰੀ-ਵਾਰੀ ਮਾਈਕ ‘ਤੇ ਆਪਣੇ ਵਿਚਾਰ ਰੱਖਣ ਲਈ ਬੇਨਤੀ ਕੀਤੀ। ਹਰ ਬੁਲਾਰੇ ਨੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਅਤੇ ਉਸਦੇ ਭਾਰਤ ਦੀ ਅਜ਼ਾਦੀ ਦੇ ਅੰਦੋਲਨ ਵਿੱਚ ਪਾਏ ਯੋਗਦਾਨ ਬਾਰੇ ਆਪਣੇ-ਆਪਣੇ ਨਜ਼ਰੀਏ ਤੋਂ ਵਿਚਾਰ ਸਾਂਝੇ ਕੀਤੇ। ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਉਸ ਸਮੇਂ ਦੇ ਘੋਰ ਵਿਤਕਰੇ, ਮਜਲੂਮਾਂ ‘ਤੇ ਅੱਤਿਆਚਾਰ, ਬੋਲਣ ਲਿਖਣ ਤੇ ਸਜ਼ਾਵਾਂ ਦਾ ਜ਼ਿਕਰ ਕੀਤਾ। ਜੱਲਿਆਂਵਾਲੇ ਬਾਗ ਵਿੱਚ 13 ਅਪ੍ਰੈਲ 1919 ਨੂੰ ਨਿਹੱਥੇ ਲੋਕਾਂ ਦਾ ਕਤਲੇਆਮ, ਲੋਕਾਂ ਵਿੱਚ ਰੋਸ ਦਾ ਜ਼ਿਕਰ ਕੀਤਾ ਅਤੇ ਅਜੋਕੇ ਸਮੇਂ ‘ਚ ਭਾਰਤ ਦੀ ਹਾਲਤ ਨਾਲ ਸਬੰਧ ਜੋੜਦਿਆਂ ਵਿਸਥਾਰ ਨਾਲ ਦਸਿਆ ਕਿ ਜੋ ਸ਼ਹੀਦਾਂ ਨੇ ਬਰਾਬਰੀ, ਭਰਾਤਰੀ ਭਾਵ ਅਤੇ ਧਰਮ ਨਿਰਪਖਤਾ ਦੇ ਸੁਪਨੇ ਅਜ਼ਾਦੀ ਲੈਣ ਤੋਂ ਬਾਅਦ ਦੇ ਲਈ ਲਏ ਸੀ ਅੱਜ ਵੀ ਸਰਮਾਏਦਾਰ ਸਰਕਾਰਾਂ ਇਹਨਾਂ ਸਿਧਾਤਾਂ, ਸੁਪਨਿਆਂ ਨੂੰ ਪੂਰੀ ਤਰ੍ਹਾਂ ਕੁਚਲ ਰਹੀਆਂ ਹਨ। ਡਾਕਟਰ ਵਰਿਆਮ ਸਿੰਘ ਸੰਧੂ ਨੇ ਬੜੇ ਰੌਚਕ ਢੰਗ ਨਾਲ ਊਧਮ ਸਿੰਘ ਬਾਰੇ ਫੈਲਾਈਆਂ ਗਲਤ ਧਾਰਨਾਵਾਂ ਦਾ ਖੰਡਨ ਕੀਤਾ ਅਤੇ ਊਧਮ ਸਿੰਘ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਦਾ ਬਿਰਤਾਂਤ ਕੀਤਾ। ਜਗਜੀਤ ਸਿੰਘ ਜੋਗਾ, ਪ੍ਰੋ. ਡੀ.ਪੀ. ਮੌੜ, ਜਰਨੈਲ ਸਿੰਘ ਅਚਰਵਾਲ, ਜਗੀਰ ਸਿੰਘ ਕਾਹਲੋਂ, ਪ੍ਰਮਿੰਦਰ ਸਿੰਘ ਗਦਰੀ, ਨੇ ਆਪਣੇ ਵਿਚਾਰ ਸਾਂਝੇ ਕੀਤੇ। ਨੌਜਵਾਨ ਆਗੂ ਸੁਮੀਤ ਵਲਟੋਹਾ, ਬਿਕਰਮ ਫੂਲੇਵਾਲੀਆ, ਪਰਵੀਂਨ ਕੁਮਾਰ ਨੇ ਆਪਣੇ ਵਿਚਾਰ ਕਨੇਡਾ ਵਿੱਚ ਸਟੂਡੈਂਟਸ ਦੀਆਂ ਸਮੱਸਿਆਵਾ ਬਾਰੇ ਰੱਖੇ ਅਤੇ ਬੇਨਤੀ ਕੀਤੀ ਕਿ ਸਾਡੀਆਂ ਸਮੱਸਿਆਵਾਂ ਦੇ ਹੱਲ ਲਈ ਸਹਾਇਤਾ ਕਰੋ। ਸ਼ਹਿਰ ਦੀਆਂ ਨਾਮਵਰ ਸਖਸ਼ੀਅਤਾ ਹਰਬੰਸ ਸਿੰਘ, ਪ੍ਰੋ. ਲਾਲ ਸਿੰਘ ਬਰਾੜ, ਮਹਿੰਦਰ ਸਿੰਘ ਮੋਹੀ, ਲਾਲ ਸਿੰਘ ਚਾਹਲ , ਪ੍ਰਿੰਸੀਪਲ ਜਰਨੈਲ ਸਿੰਘ, ਵਿਸਾਖਾ ਸਿੰਘ ਤਾਤਲਾ, ਪ੍ਰੀਤਮ ਸਿੰਘ ਸਰਾਂ, ਸੁਭਾਸ਼ ਚੰਦਰ ਖੁਰਮੀ, ਸਤਨਾਮ ਸਿੰਘ ਚੰਨੂ ਆਲਾ, ਬਲਵਿੰਦਰ ਸਿੰਘ ਟਹਿਣਾ, ਮਾਸਟਰ ਭੁਪਿੰਦਰ ਸਿੰਘ ਕੈਲਡਨ ਵਾਲੇ ਸ਼ਾਮਲ ਹੋਏ। ਪ੍ਰਿੰਸੀਪਲ ਗਿਆਨ ਸਿੰਘ ਘਈ ਨੇ ਊਧਮ ਸਿੰਘ ‘ਤੇ ਖੂਬਸੂਰਤ ਕਵਿਤਾ ਪੜ੍ਹੀ। ਹੁਸੈਣ ਅਕਬਰ ਬਾਬਾ ਨੇ ਹੀਰ ਵਾਰਿਸ ਸ਼ਾਹ ਵਿਚੋਂ ਬੈਂਤ ਸੁਣਾ ਕੇ ਰੰਗ ਬੰਨਿਆ। ਚਾਹ ਸਨੇਕਸ ਦਾ ਪ੍ਰਬੰਧ ਵੀ ਕੀਤਾ ਗਿਆ ਅੰਤ ਵਿੱਚ ਕਾਮਰੇਡ ਸੁਖਦੇਵ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਹੀਦਾਂ, ਸੂਰਮਿਆਂ ਤੇ ਸਮਾਜ ਦੀ ਬਿਹਤਰੀ ਕਰਨ ਵਾਲਿਆਂ ਦੇ ਸਮਾਗਮਾਂ ਵਿੱਚ ਹੁੰਮ-ਹੁਮਾ ਕੇ ਆਇਆ ਕਰੋ। ਹਰਚੰਦ ਸਿੰਘ ਬਾਸੀ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ।

