ਜੋ ਨਈ ਸਹਿਣਾ ਸਹਿਣਾ ਪੈਂਦਾ।
ਹੁਣ ਤਾਂ ਏਦਾਂ ਰਹਿਣਾ ਪੈਂਦਾ।
ਉਸ ਦੀ ਮਰਜ਼ੀ ਨਾਲ ਹੈ ਚਲਣਾ,
ਜੋ ਉਹ ਕਹਿੰਦਾ ਕਹਿਣਾ ਪੈਂਦਾ।
ਉਹ ਤਾਂ ਬਿਲਕੁਲ ਆਪਣਾ ਹੈ,
ਅਪਣੇ ਲਾਗੇ ਬਹਿਣਾ ਪੈਂਦਾ।
ਛੋਟਾ ਹੋਵੇ ਜਾਂ ਫ਼ਿਰ ਵੱਡਾ,
ਦੁਖ ਤਾਂ ਦੁਖ ਹੈ ਸਹਿਣਾ ਪੈਂਦਾ।
ਬਾਰਿਸ਼ ਦੀ ਹੀ ਮੰਨਣੀ ਪੈਂਦੀ,
ਕੋਠੇ ਨੂੰ ਤਾਂ ਢਹਿਣਾ ਪੈਂਦਾ
ਧਰਤੀ ਦੇ ਨਾਲ ਵਾਅਦੇ ਕੀਤੇ,
ਨਿਤ ਸੂਰਜ ਨੂੰ ਲਹਿਣਾ ਪੈਂਦਾ।
ਚੰਗੇ ਮਾੜੇ ਬੋਲ ਤਿਰੇ ਵੀ,
ਝੋਲੀ ਦੇ ਵਿਚ ਗਹਿਣਾ ਪੈਂਦਾ।
ਮੇਰੇ ਘਰ ਦਾ ਇਕ ਸਿਰਨਾਵਾਂ,
ਰਸਤੇ ਵਿੱਚ ਟਟਹਿਣਾ ਪੈਂਦਾ।
ਲੋਹਾ ਤਾਂ ਹੀ ਸੋਨਾ ਬਣਦਾ,
ਪਾਰਸ ਦੇ ਨਾਲ ਖਹਿਣਾ ਪੈਂਦਾ।
‘ਬਾਲਮ’ ਝਰਨੇ ਜੇਕਰ ਡਿੱਗਣ,
ਦਰਿਆਵਾਂ ਨੂੰ ਵਹਿਣਾ ਪੈਂਦਾ।
ਬਲਵਿੰਦਰ ਬਾਲਮ ਗੁਰਦਾਸਪੁਰ
98156-25409, ਐਡਮਿੰਟਨ ਕੈਨੇਡਾ।

