8.2 C
Toronto
Friday, November 7, 2025
spot_img
HomeSpecial Storyਵੋਟਾਂ ਮੰਗਣ ਡੇਰਾ ਸਿਰਸਾ ਗਏ 21 ਸਿੱਖ ਆਗੂ ਤਨਖਾਹੀਏ ਕਰਾਰ

ਵੋਟਾਂ ਮੰਗਣ ਡੇਰਾ ਸਿਰਸਾ ਗਏ 21 ਸਿੱਖ ਆਗੂ ਤਨਖਾਹੀਏ ਕਰਾਰ

18 ਨੂੰ ਪਤਿਤ ਹੋਣ ‘ਤੇ ਗੁਰਦੁਆਰਾ ਸਾਹਿਬ’ਚ ਸੇਵਾ ਦੇ ਹੁਕਮ
ਅੰਮ੍ਰਿਤਸਰ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਵੋਟ ਮੰਗਣ ਗਏ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਚ ਸ਼ਾਮਲ 21 ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਏ ਕਰਾਰ ਦਿੱਤਾ ਗਿਆ। 18 ਨੂੰ ਪਤਿਤ ਸਿੱਖ ਹੋਣ ਦੇ ਨਾਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਆਪਣੇ-ਆਪਣੇ ਹਲਕੇ ਦੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਪਹਿਲੀ ਵਾਰ ਇੰਨੇ ਆਗੂਆਂ ‘ਤੇ ਇਕੱਠੇ ਅਜਿਹੀ ਕਾਰਵਾਈ ਕੀਤੀ ਗਈ ਹੈ। ਇਕ ਨੇਤਾ, ਜੋ ਕਿ ਡੇਰੇ ਨਹੀਂ ਗਿਆ ਸੀ ਨੇ ਵੀ ਆਪਣਾ ਪੱਖ ਰੱਖਿਆ ਅਤੇ ਚਾਰ ਆਗੂ ਕਿਸੇ ਨਾਲ ਕਰਕੇ ਪੇਸ਼ ਨਹੀਂ ਹੋ ਸਕੇ। ਚੇਤੇ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਨੇ ਡੇਰੇ ਗਏ ਉਪਰੋਕਤ 44 ਵਿਅਕਤੀਆਂ ਨੂੰ ਤਲਬ ਕੀਤਾ ਗਿਆ ਸੀ। ਜਿਨ੍ਹਾਂ 21 ਸਿੱਖ ਆਗੂਆਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਉਨ੍ਹਾਂ ਵਿਚ ਦਰਬਾਰਾ ਸਿੰਘ ਗੁਰੂ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖਣਾ, ਸਿਕੰਦਰ ਸਿੰਘ ਮਲੂਕਾ ਸਮੇਤ 20 ਆਗੂ ਅਕਾਲੀ ਦਲ ਦੇ ਹਨ, ਜਦਕਿ ਅਜੀਤਇੰਦਰ ਸਿੰਘ ਮੋਫਰ ਕਾਂਗਰਸੀ ਹੈ।
ਜਥੇਦਾਰ ਗੁਰਮੁਖ ਸਿੰਘ ਨੇ ਸਿੰਘ ਸਾਹਿਬਾਨ ਦੀ ਮੀਟਿੰਗ ਦਾ ਕੀਤਾ ਬਾਈਕਾਟ, ਕਿਹਾ-ਦਬਾਅ ‘ਚ ਹੋਏ ਅਕਾਲ ਤਖਤ ਸਾਹਿਬ ਦੇ ਫੈਸਲੇ
ਅੰਮ੍ਰਿਤਸਰ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਵੋਟ ਮੰਗਣ ਗਏ ਸ਼੍ਰੋਮਣੀ ਅਕਾਲੀ  ਦਲ ਬਾਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਚ ਸ਼ਾਮਲ 21 ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਏ ਕਰਾਰ ਦਿੱਤਾ ਗਿਆ। 18 ਨੂੰ ਪਤਿਤ ਸਿੱਖ ਹੋਣ ਦੇ ਨਾਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਆਪਣੇ-ਆਪਣੇ ਹਲਕੇ ਦੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸਜ਼ਾ ਸੁਣਾਏ ਜਾਣ ਦੇ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਨੇ ਸਿੰਘ ਸਾਹਿਬਾਨ ਦੀ ਬੈਠਕ ਦਾ ਬਾਈਕਾਟ ਕਰ ਦਿੱਤਾ। ਬੰਦ ਕਮਰੇ ਦੀ ਬਜਾਏ ਸ੍ਰੀ ਅਕਾਲ ਤਖਤ ਸਾਹਿਬ ‘ਤੇ ਬੈਠਕ ਕਰਨ ਨੂੰ ਲੈ ਕੇ ਅੜੇ ਗਿਆਨੀ ਗੁਰਮੁਖ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਫੈਸਲਿਆਂ ‘ਤੇ ਸਵਾਲ ਕਰ ਦਿੱਤੇ ਅਤੇ ਕਿਹਾ ਕਿ ਹੁਣ ਤੱਕ ਜੋ ਵੀ ਫੈਸਲੇ ਹੋਏ ਹਨ, ਉਹ ਸਿਆਸੀ ਦਬਾਅ ਵਿਚ ਹੋਏ ਹਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਅਤੇ ਖੁਦ ਗਿਆਨੀ ਗੁਰਮੁਖ ਸਿੰਘ ਸਵੇਰੇ ਉਪਰੋਕਤ ਮਾਮਲੇ ਸਬੰਧੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰਨ ਪਹੁੰਚੇ ਤਦ ਤੋਂ ਹੀ ਸਥਿਤੀ ਵਿਚ ਤਲਖੀ ਰਹੀ। ਅਰਦਾਸ ਦੇ ਉਪਰੰਤ ਬੋਲਿਆ ਗਿਆ ਕਿ ਪਹਿਲਾਂ ਦੇ ਮੁਤਾਬਕ ਹੇਠਾਂ ਸਕੱਤਰੇਤ ਵਿਚ ਬੈਠਕ ਹੋਵੇਗੀ। ਇਸ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਨੇ ਕਿਹਾ, ਪਹਿਲਾਂ ਇਹ ਦੱਸਿਆ ਜਾਵੇ ਕਿ ਫਿਲਮ ਅਭਿਨੇਤਾ ਅਕਸ਼ੇ ਕੁਮਾਰ ਦੇ ਘਰ ਤੋਂ ਡੇਰਾ ਸਿਰਸਾ ਦੇ ਮਾਫੀਨਾਮੇ ਦੀ ਚਿੱਠੀ ਕੌਣ ਲਿਆਇਆ, ਉਸ ਦਾ ਨਾਮ ਦੱਸਿਆ ਜਾਵੇ, ਕਿਉਂਕਿ ਇਸ ਵਿਚ ਮੇਰਾ ਨਾਮ ਆ ਰਿਹਾ ਹੈ ਅਤੇ ਬਦਨਾਮੀ ਹੋ ਰਹੀ ਹੈ। ਸਿੰਘ ਸਾਹਿਬਾਨ ਨੇ ਮਾਮਲੇ ਨੂੰ ਸ਼ਾਂਤ ਕਰਨ ਚਾਹਿਆ ਪਰ ਨਹੀਂ ਹੋਇਆ। ਗੁਰਮੁਖ ਸਿੰਘ ਦਾ ਕਹਿਣਾ ਸੀ ਕਿ ਬੰਦ ਕਮਰਿਆਂ ਵਿਚ ਫੈਸਲੇ ਬਹੁਤ ਹੋ ਗਏ ਹੁਣ ਪੁਰਾਤਨ ਪਰੰਪਰਾ ਮੁਤਾਬਕ ਹੀ ਹੋਣੇ ਚਾਹੀਦੇ ਹਨ। ਮੈਂ ਬੰਦ ਕਮਰੇ ਦੇ ਫੈਸਲਿਆਂ ਦਾ ਹਿੱਸਾ ਨਹੀਂ ਬਣਾਂਗਾ। ਇਸ ਤੋਂ ਬਾਅਦ ਇਕਬਾਲ ਸਿੰਘ, ਐਸਜੀਪੀਸੀ ਦੇ ਚੀਫ ਸੈਕਟਰੀ ਹਰਚਰਨ ਸਿੰਘ ਸਮੇਤ ਕਈ ਵਿਅਕਤੀ ਉਨ੍ਹਾਂ ਨੂੰ ਮਨਾਉਂਦੇ ਰਹੇ, ਪਰ ਉਹ ਉਥੇ ਹੀ ਬੈਠੇ ਰਹੇ ਅਤੇ ਰੋ ਪਏ। ਇਸ ਤੋਂ ਬਾਅਦ ਸਿੰਘ ਸਾਹਿਬਾਨ ਨੇ ਉਹਨਾਂ ਤੋਂ ਬਗੈਰ ਸਕੱਤਰੇਤ ਵਿਚ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਨ੍ਹਾਂ ਨੇਤਾਵਾਂ ਨੂੰ ਲਗਾਈ ਗਈ ਤਨਖਾਹ
ਸਾਬਤ ਸੂਰਤ ਸਿੱਖ : ਜਿਨ੍ਹਾਂ 21 ਸਾਬਤ ਸੂਰਤ ਸਿੱਖ ਨੇਤਾਵਾਂ ਨੂੰ ਤਨਖਾਹ ਲਗਾਈ ਹੈ, ਊਹਨਾਂ ਵਿਚ ਦਰਬਾਰਾ ਸਿੰਘ ਗੁਰੂ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਸਿਕੰਦਰ ਸਿੰਘ ਮਲੂਕਾ ਸਮੇਤ 20 ਆਗੂ ਅਕਾਲੀ ਦਲ ਦੇ ਹਨ, ਜਦਕਿ ਅਜੀਤਇੰਦਰ ਸਿੰਘ ਮੋਫਰ ਕਾਂਗਰਸੀ ਹਨ। ਇਨ੍ਹਾਂ ਨੇਤਾਵਾਂ ਨੂੰ ਇਕ ਦਿਨ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਦਰਸ਼ਨੀ ਡਿਊੜੀ, ਘੰਟਾਘਰ ਤੱਕ ਦਰਬਾਰ ਸਾਹਿਬ ਦੇ ਰਸਤੇ ਦੀ ਸਫਾਈ ਕਰਨੀ ਹੋਵੇਗੀ। ਇਕ ਦਿਨ ਸਾਰੀ ਪਰਿਕਰਮਾ ਦੀ ਸਫਾਈ, ਇਕ ਦਿਨ ਦੋ ਘੰਟੇ ਲੰਗਰ ਦੀ ਸੇਵਾ, ਇਕ ਦਿਨ ਇਕ ਘੰਟਾ ਕੀਰਤਨ ਸਰਵਣ ਕਰਨਾ ਹੋਵੇਗਾ। ਇਸ ਤੋਂ ਇਲਾਵਾ ਹਰੇਕ ਨੂੰ 501 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਅਕਾਲ ਤਖਤ ਸਾਹਿਬ ਵਿਚ ਖਿਮਾ ਯਾਚਨਾ ਦੀ ਅਰਦਾਸ ਕਰਵਾਉਣੀ ਹੋਵੇਗੀ।  ਪਤਿਤ ਸਿੱਖ : ਡੇਰੇ ਗਏ 18 ਪਤਿਤ ਸਿੱਖ ਨੇਤਾਵਾਂ ਵਿਚ ਸਾਧੂ ਸਿੰਘ ਧਰਮਸੋਤ, ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ 10 ਕਾਂਗਰਸੀਆਂ ਦੇ ਨਾਮ ਸ਼ਾਮਲ ਹਨ, ਜਦਕਿ ਜਗਦੀਪ ਸਿੰਘ ਨਕਈ, ਖੁਸ਼ਬਾਜ਼ ਸਿੰਘ ਜਟਾਣਾ ਸਮੇਤ 7 ਸ਼੍ਰੋਮਣੀ ਅਕਾਲੀ ਦਲ ਦੇ ਹਨ ਅਤੇ ‘ਆਪ’ ਦੇ ਇਕ ਨੇਤਾ ਨਰਿੰਦਰ ਸਿੰਘ ਸੰਘਾ ਸ਼ਾਮਲ ਹਨ। ਕਿਉਂਕਿ ਇਹ ਪਤਿਤ ਸਨ, ਇਸ ਲਈ ਇਨ੍ਹਾਂ ਵਿਅਕਤੀਆਂ ਨੂੰ ਸਕੱਤਰੇਤ ਵਿਚ ਬੁਲਾ ਕੇ ਸੇਵਾ ਦਾ ਹੁਕਮ ਦਿੱਤਾ ਗਿਆ। ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਆਪਣੇ-ਆਪਣੇ ਹਲਕੇ ਦੇ ਗੁਰਦੁਆਰਾ ਸਾਹਿਬ ਵਿਚ ਦਸ ਦਿਨ ਤੱਕ ਬਰਤਨ, ਝਾੜੂ ਅਤੇ ਕੀਰਤਨ ਸਰਵਣ ਦੀ ਸੇਵਾ ਇਕ-ਇਕ ਘੰਟਾ ਕਰਨਗੇ। ਸਾਰੇ ਨੇਤਾਵਾਂ ਨੇ ਤਨਖਾਹ ਜਾਂ ਫਿਰ ਸੇਵਾ ਦੀ ਸਜ਼ਾ ਨੂੰ ਸਵੀਕਾਰ ਕਰ ਲਿਆ ਹੈ।
ਭੱਠਲ ਸਮੇਤ ਚਾਰ ਨਹੀਂ ਪਹੁੰਚੇ : ਕਿਸੇ ਕਾਰਨਾਂ ਕਰਕੇ ਕਾਂਗਰਸ ਦੀ ਰਾਜਿੰਦਰ ਕੌਰ ਭੱਠਲ, ਅਜਾਇਬ ਸਿੰਘ ਭੱਟੀ, ਅਰਜੁਨ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਮੇਜਾ ਸਿੰਘ ਸੇਖੋਂ ਨਹੀਂ ਪਹੁੰਚੇ। ਇਨ੍ਹਾਂ ਨੇ ਕਿਹਾ ਸੀ ਕਿ ਜੋ ਵੀ ਸਜ਼ਾ ਸੁਣਾਈ ਜਾਵੇਗੀ, ਉਹ ਕਬੂਲ ਹੋਵੇਗੀ। ਜਥੇਦਾਰ ਨੇ ਕਿਹਾ, ਇਸ ਬਾਰੇ ਅਗਲੀ ਮੀਟਿੰਗ ਵਿਚ ਵਿਚਾਰ ਹੋਵੇਗਾ।
ਬੰਦ ਕਮਰੇ ਦੀ ਬਜਾਏ ਸ੍ਰੀ ਅਕਾਲ ਤਖਤ ਸਾਹਿਬ ‘ਤੇ ਬੈਠਕ ਕਰਨ ਨੂੰ ਲੈ ਕੇ ਅੜੇ ਗਿਆਨੀ ਗੁਰਮੁਖ ਸਿੰਘ ਰੋ ਪਏ
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਰੋ ਪਏ ਤਾਂ ਉਨ੍ਹਾਂ ਨੂੰ ਮਨਾਉਣ ਲਈ ਗਿਆਨੀ ਇਕਬਾਲ ਸਿੰਘ ਪਹੁੰਚੇ।
ਡੇਰਾਮੁਖੀ ਨੂੰ ਮੁਆਫੀ ਤੋਂ ਬਾਅਦ ਜਥੇਦਾਰ ਛੱਡਣ ਲੱਗੇ ਬਾਦਲਾਂ ਦਾ ਸਾਥ
ਅੰਮ੍ਰਿਤਸਰ/ਬਿਊਰੋ ਨਿਊਜ਼
ਸਿਰਸਾ ਡੇਰਾਮੁਖੀ ਨੂੰ ਮੁਆਫੀ ਫਿਰ ਮੁਆਫੀਨਾਮਾ ਰੱਦ ਕਰਨ ਨਾਲ ਤਖਤਾਂ ਦੇ ਜਥੇਦਾਰਾਂ ਦੀ ਆਲੋਚਨਾ ਪੂਰੀ ਦੁਨੀਆ ਵਿਚ ਹੋਈ ਸੀ। ਇਹ ਗੱਲ ਨਿਕਲ ਕੇ ਆਈ ਸੀ ਕਿ ਜਥੇਦਾਰ ਬਾਦਲਾਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ।
ਇਹ ਮਾਮਲਾ ਅਜੇ ਰੁਕਿਆ ਨਹੀਂ ਸੀ ਕਿ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਡੇਰੇ ਨੇ ਕਰ ਦਿੱਤੀ ਅਤੇ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਫਿਰ ਸ਼ੱਕੀ ਹੋ ਗਈ ਜਦ ਉਹਨਾਂ ਨੇ ਚੋਣਾਂ ਦੇ ਖਤਮ ਹੋਣ ਤੱਕ ਫੋਨ ਬੰਦ ਰੱਖਿਆ ਅਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੌਰਾਨ ਸਭ ਤੋਂ ਪਹਿਲਾਂ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਦਾ ਚੋਣਾਂ ਤੋਂ ਪਹਿਲਾਂ ਹੀ ਬਾਦਲਾਂ ਦੇ ਖਿਲਾਫ ਵੱਡਾ ਵਿਰੋਧ ਸਾਹਮਣੇ ਆਇਆ, ਜੋ ਅਜੇ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਬਾਦਲਾਂ ਦੇ ਨਾਲ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਰਹਿ ਗਏ ਹਨ, ਜਦਕਿ ਬਾਕੀ ਜਥੇਦਾਰ ਹੁਣ ਹੌਲੀ ਹੌਲੀ ਬਾਦਲਾਂ ਤੋਂ ਕਿਨਾਰਾ ਕਰਨ ਲੱਗੇ ਹਨ।
ਪਟਨਾ ਸਾਹਿਬ ਤੋਂ ਵਿਰੋਧ, ਆਨੰਦਪੁਰ ਸਾਹਿਬ ਖਾਮੋਸ਼
ਹਾਲਾਂਕਿ ਅਕਾਲ ਤਖਤ ਸਾਹਿਬ ਦੀ ਮੀਟਿੰਗ ਵਿਚ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਆਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਸ਼ਾਮਲ ਹੋ ਰਹੇ ਹਨ। ਪਰ ਜਦ ਬਾਦਲਾਂ ਨੇ ਪਟਨਾ ਸਾਹਿਬ ਦੇ ਸਮਾਰੋਹ ਲਈ ਧੋਖਾ ਦਿੱਤਾ ਤਾਂ ਉਹ ਵੀ ਹੁਣ ਬਾਦਲਾਂ ਦਾ ਵਿਰੋਧ ਕਰਨ ਲੱਗੇ ਹਨ ਅਤੇ ਕਹਿ ਦਿੱਤਾ ਹੈ ਕਿ ਬਾਦਲ ਸਮਾਰੋਹ ਨੂੰ ਫੇਲ੍ਹ ਕਰਨਾ ਚਾਹੁੰਦੇ ਸਨ। ਉਥੇ ਗਿਆਨੀ ਮੱਲ ਸਿੰਘ ਵੀ ਅੰਦਰ ਖਾਤੇ ਬਾਦਲਾਂ ਤੋਂ ਦੁਖੀ ਹਨ। ਕਾਫੀ ਸਮੇਂ ਤੋਂ ਕੁਝ ਵੀ ਬੋਲ ਨਹੀਂ ਰਹੇ। ਹਾਲਾਂਕਿ ਉਹਨਾਂ ਦਾ ਇਹ ਤਰਕ ਹੈ ਕਿ ਉਹ ਬਿਮਾਰ ਹਨ, ਪਰ ਉਹਨਾਂ ਦੇ ਜਾਣਕਾਰ ਸੂਤਰਾਂ ਮੁਤਾਬਕ ਉਹ ਇਸ ਲਈ ਬਾਦਲਾਂ ਤੋਂ ਖਫਾ ਹਨ ਕਿ ਉਹਨਾਂ ਨੇ ਤਖਤ ਦੀ ਪ੍ਰਮੁਖਤਾ ਨੂੰ ਠੇਸ ਪਹੁੰਚਾਈ ਹੈ।
ਸਿਰਸਾ ਕਾਂਡ ਤੋਂ ਹੀ ਕਿਨਾਰਾ ਕੀਤਾਸੀ ਹਜ਼ੂਰ ਸਾਹਿਬ ਨੇ
ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਤੋਂ ਬਾਅਦ ਹੀ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨੇ ਮੀਟਿੰਗਾਂ ਤੋਂ ਕਿਨਾਰਾ ਕੀਤਾ ਹੋਇਆ ਹੈ। ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਤਾਂ ਪਹਿਲਾਂ ਤੋਂ ਹੀ ਮੀਟਿੰਗਾਂ ਤੋਂ ਕਿਨਾਰਾ ਕਰਦੇ ਰਹੇ ਹਨ ਪਰ ਉਹਨਾਂ ਦੀ ਜਗ੍ਹਾ ਸਿੰਘ ਸਾਹਿਬ ਜੋਤਇੰਦਰ ਸਿੰਘ ਮੀਟਿੰਗ ਵਿਚ ਆ ਰਹੇ ਸਨ ਪਰ ਜਦ ਮੁਆਫੀਨਾਮੇ ਵਾਲੀ ਮੀਟਿੰਗ ਹੋਈ ਸੀ ਤਾਂ ਉਸ ਸਮੇਂ ਉਥੋਂ ਦੇ ਸਿੰਘ ਸਾਹਿਬ ਰਾਮ ਸਿੰਘ ਆਏ ਸਨ, ਪਰ ਵਿਵਾਦ ਪੈਦਾ ਹੋਣ ਤੋਂ ਬਾਅਦ ਹਜ਼ੂਰ ਸਾਹਿਬ ਤੋਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਮੀਟਿੰਗ ਵਿਚ ਨਹੀਂ ਆ ਰਿਹਾ ਅਤੇ ਬਾਦਲਾਂ ਦੇ ਖਿਲਾਫ ਉਹਨਾਂ ਦਾ ਗੁੱਸਾ ਜ਼ਾਹਰ ਹੈ।

RELATED ARTICLES
POPULAR POSTS