-8.2 C
Toronto
Tuesday, February 24, 2026
spot_img
Homeਕੈਨੇਡਾਕੈਨੇਡੀਅਨ ਬੱਚਿਆਂ ਦੀ ਕਬੱਡੀ 'ਚ ਡੂੰਘੀ ਦਿਲਚਸਪੀ

ਕੈਨੇਡੀਅਨ ਬੱਚਿਆਂ ਦੀ ਕਬੱਡੀ ‘ਚ ਡੂੰਘੀ ਦਿਲਚਸਪੀ

ਬਰੈਂਪਟਨ ਵਿਚ ‘ਪੀਲ ਰਿਜਨਲ ਕਬੱਡੀ ਮੇਲਾ’ ਨੇ ਸਿਰਜਿਆ ਇਤਿਹਾਸ
ਬਰੈਂਪਟਨ/ਬਲਜਿੰਦਰ ਸੇਖਾ : ਬਰੈਂਪਟਨ ਵਿੱਚ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਲੋਂ ਬੀਤੇ ਦਿਨ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਬਰੈਂਪਟਨ ਦੇ ਵਾਰਡ 10 ਵਿੱਚ 6 ਸੈਕੰਡਰੀ ਸਕੂਲਾਂ ਦੀਆਂ 8 ਟੀਮਾਂ ਦੇ ਮੁਕਾਬਲੇ ਹੋਏ।
ਇਸ ਬਾਰੇ ਬੋਰਡ ਦੇ ਡਿਪਟੀ ਚੇਅਰਮੈਨ ਅਤੇ ਬਰੈਂਪਟਨ ਵਾਰਡ 9-10 ਦੇ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਪੀਲ ਸਕੂਲ ਬੋਰਡ ਵਲੋਂ ਕਬੱਡੀ ਟੂਰਨਾਮੈਂਟ (ਪੀਲ ਰਿਜਨਲ ਕਬੱਡੀ ਮੇਲਾ) ਕਰਵਾਇਆ ਗਿਆ। ਟੀਮਾਂ ਦੇ ਮੈਚ ਦਿਨ ਭਰ ਸਵੇਰੇ 9.30 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਚੱਲਦੇ ਰਹੇ।
ਇਸ ਮੌਕੇ ‘ਤੇ ਬਰੈਂਪਟਨ ਦੇ ਵਾਰਡ 10 ਵਿਖੇ ਸੰਦਲਵੁੱਡ ਹਾਈਟਸ ਸੈਕੰਡਰੀ ਸਕੂਲ ਦੀਆਂ ਗਰਾਊਂਡਾਂ ਵਿੱਚ ਦਿਨ ਭਰ ਮੇਲੇ ਵਾਲਾ ਮਾਹੌਲ ਰਿਹਾ। ਦਿਲਚਸਪ ਗੱਲ ਇਹ ਰਹੀ ਕਿ ਗਰਾਊਂਡ ਵਿੱਚ ਟੀਮਾਂ ਦੀ ਆਮਦ ਪ੍ਰੰਪਰਾਗਤ ਢੋਲ ਦੇ ਡਗੇ ਨਾਲ ਕਰਵਾਈ ਗਈ। ਬੋਰਡ ਦੇ ਐਸੋਸੀਏਟ ਡਾਇਰੈਕਟਰ ਹਰਜੀਤ ਔਜਲਾ, ਪ੍ਰਿੰਸੀਪਲ ਅਮਿਤ ਮੈਹਰੋਤਰਾ ਅਤੇ ਮੁੱਖ ਕੋਚ ਰੌਬ ਰਾਏ ਦੀ ਦੇਖਰੇਖ ਹੇਠ ਹੋਏ ਇਸ ਟੂਰਨਾਮੈਂਟ ਦੀ ਬਕਾਇਦਾ ਸ਼ੁਰੂਆਤ ਬੋਰਡ ਦੇ ਡਿਪਟੀ ਚੇਅਰਮੈਨ ਜੌਹਲ ਅਤੇ ਐਜੂਕੇਸ਼ਨ ਡਾਇਰੈਕਟਰ ਰਸ਼ਮੀ ਸਵਰੂਪ ਨੇ ਕਰਵਾਈ। ਕੈਸਲਬੁਰੱਕ, ਸੰਦਲਵੁੱਡ, ਡੇਵਿਡ ਸਜੂਕੀ, ਲੁਈਸ ਆਰਬਰ, ਹੰਬਰਵਿਊ ਅਤੇ ਬਰੈਂਪਟਨ ਸੈਂਟੇਨੀਅਲ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਵਿੱਚ ਫਸਵੇਂ ਮੁਕਾਬਲੇ ਹੋਏ। ਜਿਨ੍ਹਾਂ ਵਿੱਚ ਦਰਸ਼ਕਾਂ ਦੀ ਉਤਸੁਕਤਾ ਬਣੀ ਰਹੀ। ਇਹ ਵੀ ਕਿ ਕੈੱਸਲਬੁਰੱਕ ਅਤੇ ਬਰੈਂਪਟਨ ਸੈਂਟੇਨੀਅਲ ਸੈਕੰਡਰੀ ਸਕੂਲਾਂ ਦੀਆਂ ਦੋ-ਦੋ ਕਬੱਡੀ ਟੀਮਾਂ ਨੇ ਟੂਰਨਾਮੈਂਟ ਵਿੱਚ ਹਿੱਸਾ ਲਿਆ। ਕੈਨੇਡੀਅਨ ਜੰਮਪਲ ਬੱਚਿਆਂ ਦੀਆਂ ਕਬੱਡੀ ਟੀਮਾਂ ਵਿੱਚ ਬਹੁਗਿਣਤੀ ਪੰਜਾਬੀ ਮੂਲ ਦੇ ਖਿਡਾਰੀ ਸਨ ਪਰ ਚੀਨੀ, ਗੋਰੇ ਅਤੇ ਸ਼ਾਹ ਭਾਈਚਾਰੇ ਦੇ ਬੱਚਿਆਂ ਦੀ ਵੀ ਖੇਡ ਵਿੱਚ ਡੂੰਘੀ ਦਿਲਚਸਪੀ ਦੇਖੀ ਗਈ।
ਫਾਈਨਲ ਮੁਕਾਬਲਾ ਡੇਵਿਡ ਸਜੂਕੀ ਅਤੇ ਕੈੱਸਲਬਰੁੱਕ ਦੀਆਂ ਟੀਮਾਂ ਵਿੱਚ ਹੋਇਆ ਅਤੇ ਦਿਲਚਸਪ ਖੇਡ ਤੋਂ ਬਾਅਦ ਡੇਵਿਡ ਸਜੂਕੀ ਸੈਕੰਡਰੀ ਸਕੂਲ ਦੇ ਟੀਮ ਨੇ ਮੈਚ ਜਿੱਤ ਕੇ ‘ਪੀਲ ਰਿਜਨਲ ਕਬੱਡੀ ਕੱਪ’ ਉੱਪਰ ਆਪਣਾ ਕਬਜ਼ਾ ਕੀਤਾ ਅਤੇ ਖੁਸ਼ੀ ਵਿੱਚ ਝੂਮਦੇ ਹੋਏ ਜਸ਼ਨ ਮਨਾਇਆ। ਇਸ ਮੌਕੇ ‘ਤੇ ਕਬੱਡੀ ਪ੍ਰੇਮੀਆਂ ਵਲੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਲੋਂ ਕਬੱਡੀ ਖੇਡ ਨੂੰ ਉੱਚ ਪੱਧਰੀ ਮਾਨਤਾ ਦੇਣ ਅਤੇ ਵੱਡੇ ਪੱਧਰ ‘ਤੇ ਮੇਲਾ ਕਰਵਾਉਣ ਦੀ ਭਾਰੀ ਸ਼ਲਾਘਾ ਕੀਤੀ।

RELATED ARTICLES
POPULAR POSTS