ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀ ਫੋਰਡ ਸਰਕਾਰ ਵੱਲੋਂ ਸਰਵਿਸ ਓਨਟਾਰੀਓ ਦੀਆਂ ਕਈ ਲੋਕੇਸ਼ਨਜ਼ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸਰਵਿਸ ਓਨਟਾਰੀਓ ਦੀਆਂ ਇਨ੍ਹਾਂ ਲੋਕੇਸ਼ਨਜ਼ ਉੱਤੇ ਜਾ ਕੇ ਓਨਟਾਰੀਓ ਵਾਸੀ ਆਪਣੇ ਡਰਾਈਵਰ ਲਾਇਸੰਸ ਤੇ ਹੈਲਥ ਕਾਰਡ ਆਦਿ ਨਵਿਆ ਸਕਦੇ ਸਨ ਪਰ ਹੁਣ ਇਨ੍ਹਾਂ ਦੀ ਥਾਂ ਸਟੇਪਲਜ਼ ਕੈਨੇਡਾ ਦੇ ਕੁੱਝ ਸਟੋਰਜ਼ ਉੱਤੇ ਖੋਖੇ ਬਣਾਏ ਜਾਣਗੇ, ਜਿੱਥੇ ਇਹ ਕੰਮ ਹੋਇਆ ਕਰਨਗੇ। ਇਸ ਸਬੰਧੀ ਪਾਇਲਟ ਪ੍ਰੋਜੈਕਟ ਪਿਛਲੇ ਮਹੀਨੇ ਐਲਾਨਿਆ ਗਿਆ ਸੀ। 7 ਦਸੰਬਰ ਨੂੰ ਇੱਕ ਨਿਊਜ਼ ਰਲੀਜ ਜਾਰੀ ਕਰਕੇ ਸਰਕਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਸਰਵਿਸ ਓਨਟਾਰੀਓ ਦੇ ਇਹ ਖੋਖੇ ਸਟੇਪਲਜ਼ ਕੈਨੇਡਾ ਦੇ ਕੁੱਝ ਚੋਣਵੇਂ ਸਟੋਰਜ਼ ਉੱਤੇ ਖੋਲ੍ਹੇ ਜਾਣਗੇ ਤਾਂ ਕਿ ਜਨਤਾ ਨੂੰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਉੱਤੇ ਆਉਣ ਵਾਲੇ ਖਰਚੇ ਨੂੰ ਘਟਾਇਆ ਜਾ ਸਕੇ। ਉਸ ਨਿਊਜ਼ ਰਲੀਜ਼ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਕਿ ਕਿੰਨੇ ਸੈਂਟਰ ਬੰਦ ਹੋਣਗੇ। ਸਰਕਾਰ ਦਾ ਕਹਿਣਾ ਹੈ ਕਿ ਸਰਵਿਸ ਓਨਟਾਰੀਓ ਦੀਆਂ ਜਿੰਨੀਆਂ ਵੀ ਲੋਕੇਸ਼ਨਜ਼ ਬੰਦ ਕੀਤੀਆਂ ਜਾਣਗੀਆਂ, ਸਟੇਪਲਜ਼ ਕੈਨੇਡਾ ਦੇ ਸਟੋਰਜ਼ ਵਿੱਚ ਓਨੀਆਂ ਹੀ ਲੋਕੇਸ਼ਨਜ਼ ਖੋਲ੍ਹੀਆਂ ਜਾਣਗੀਆਂ ਤੇ ਸਰਵਿਸ ਬਿਨਾਂ ਕਿਸੇ ਅੜਿੱਕੇ ਦੇ ਚੱਲਦੀ ਰਹੇਗੀ।
ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਬੰਦ ਹੋਣ ਜਾ ਰਹੀਆਂ ਕਈ ਲੋਕੇਸ਼ਨਜ਼ ਦੇ ਮਾਲਕਾਂ ਦਾ ਕਈ ਦਹਾਕਿਆਂ ਤੋਂ ਇਹ ਫੈਮਿਲੀ ਬਿਜ਼ਨਸ ਰਿਹਾ ਹੈ ਪਰ ਬਿਜ਼ਨਸ ਬੰਦ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਿਰਫ 70 ਦਿਨਾਂ ਦਾ ਨੋਟਿਸ ਦਿੱਤਾ ਗਿਆ ਹੈ।
ਸਰਕਾਰੀ ਬੁਲਾਰੇ ਨੇ ਆਖਿਆ ਕਿ ਜਿਹੜੀਆਂ ਲੋਕੇਸ਼ਨਜ਼ ਬੰਦ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਉੱਤੇ ਕੰਮ ਕਰਨ ਵਾਲੇ ਮੁਲਾਜ਼ਮ ਸਟੇਪਲਜ਼ ਕੈਨੇਡਾ ਵਿਖੇ ਕੰਮ ਕਰਨਾ ਵੀ ਜਾਰੀ ਰੱਖ ਸਕਣਗੇ। ਵਿਰੋਧੀ ਪਾਰਟੀ ਐਨਡੀਪੀ ਦਾ ਕਹਿਣਾ ਹੈ ਕਿ ਫੋਰਡ ਸਰਕਾਰ ਚੁੱਪਚਪੀਤਿਆਂ ਸਾਡੀ ਪਬਲਿਕ ਸਰਵਿਸ ਨੂੰ ਪ੍ਰਾਈਵੇਟ ਕਾਰਪੋਰੇਸ਼ਨਜ਼ ਹਵਾਲੇ ਕਰਨ ਜਾ ਰਹੀ ਹੈ। ਗ੍ਰੀਨ ਪਾਰਟੀ ਆਗੂ ਮਾਈਕ ਸ਼ਰੇਨਰ ਵੱਲੋਂ ਵੀ ਸਰਕਾਰ ਦੇ ਇਸ ਕਦਮ ਦਾ ਵਿਰੋਧ ਕੀਤਾ ਗਿਆ।