Breaking News
Home / ਭਾਰਤ / ਵਹੀਦਾ ਰਹਿਮਾਨ ਨੂੰ ਵੱਕਾਰੀ ਦਾਦਾਸਾਹਿਬ ਫਾਲਕੇ ਪੁਰਸਕਾਰ

ਵਹੀਦਾ ਰਹਿਮਾਨ ਨੂੰ ਵੱਕਾਰੀ ਦਾਦਾਸਾਹਿਬ ਫਾਲਕੇ ਪੁਰਸਕਾਰ

ਅਭਿਨੇਤਰੀ ਨੇ ਪੁਰਸਕਾਰ ਮਿਲਣ ‘ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਦੇਵ ਆਨੰਦ ਨੂੰ ਯਾਦ ਕੀਤਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੀਬ 68 ਵਰ੍ਹੇ ਪਹਿਲਾਂ ਫਿਲਮੀ ਜਗਤ ਨਾਲ ਜੁੜੀ ਤੇ ‘ਪਿਆਸਾ’ ਅਤੇ ‘ਗਾਈਡ’ ਜਿਹੀਆਂ ਲੋਕ ਮਨਾਂ ‘ਚ ਹਮੇਸ਼ਾ ਲਈ ਵਸ ਚੁੱਕੀਆਂ ਫਿਲਮਾਂ ਵਿਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੀ ਅਭਨਿੇਤਰੀ ਵਹੀਦਾ ਰਹਿਮਾਨ ਨੂੰ ਇਸ ਸਾਲ ‘ਦਾਦਾਸਾਹਿਬ ਫਾਲਕੇ ਪੁਰਸਕਾਰ’ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਭਾਰਤ ਸਰਕਾਰ ਵੱਲੋਂ ਸਿਨੇਮਾ ਦੇ ਖੇਤਰ ਵਿਚ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਸਨਮਾਨ ਹੈ।
ਰਹਿਮਾਨ ਨੇ ਪੁਰਸਕਾਰ ਦਾ ਐਲਾਨ ਹੋਣ ‘ਤੇ ਕਿਹਾ, ‘ਮੈਨੂੰ ਦੁੱਗਣੀ ਖ਼ੁਸ਼ੀ ਹੈ ਕਿਉਂਕਿ ਦੇਵ ਆਨੰਦ ਦਾ ਜਨਮ ਦਿਨ ਵੀ ਹੈ। ਮੈਂ ਸੋਚਦੀ ਹਾਂ ਕਿ ਤੋਹਫ਼ਾ ਉਨ੍ਹਾਂ ਨੂੰ ਮਿਲਣਾ ਸੀ, ਮੈਨੂੰ ਮਿਲ ਗਿਆ।’ ਜ਼ਿਕਰਯੋਗ ਹੈ ਕਿ ਦੇਵ ਆਨੰਦ ਦਾ 100ਵਾਂ ਜਨਮ ਦਿਨ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ‘ਐਕਸ’ ‘ਤੇ ਪੋਸਟ ਕਰਕੇ ਇਸ ਬਾਰੇ ਐਲਾਨ ਕੀਤਾ। ਠਾਕੁਰ ਨੇ ਲਿਖਿਆ, ‘ਮੈਨੂੰ ਇਹ ਐਲਾਨਦਿਆਂ ਬੇਹੱਦ ਖ਼ੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਸਾਲ ਦਾ ਵੱਕਾਰੀ ਦਾਦਾਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਵਹੀਦਾ ਰਹਿਮਾਨ ਜੀ ਨੂੰ ਦਿੱਤਾ ਜਾ ਰਿਹਾ ਹੈ, ਭਾਰਤੀ ਸਿਨੇਮਾ ਲਈ ਉਨ੍ਹਾਂ ਬਿਹਤਰੀਨ ਯੋਗਦਾਨ ਦਿੱਤਾ ਹੈ।’ ਸਾਲ 2021 ਲਈ ਇਹ ਸਨਮਾਨ 69ਵੇਂ ਕੌਮੀ ਫਿਲਮ ਐਵਾਰਡ ਸਮਾਰੋਹ ਦੌਰਾਨ ਦਿੱਤਾ ਜਾਵੇਗਾ। ਐਵਾਰਡ ਉਤੇ ਫੈਸਲਾ ਲੈਣ ਵਾਲੀ ਪੰਜ ਮੈਂਬਰੀ ਜਿਊਰੀ ਵਿਚ ਰਹਿਮਾਨ ਦੀ ਕਰੀਬੀ ਦੋਸਤ ਤੇ ਪਿਛਲੇ ਸਾਲ ਦੀ ਜੇਤੂ ਆਸ਼ਾ ਪਾਰਿਖ, ਅਭਨਿੇਤਾ ਚਿਰੰਜੀਵੀ, ਪਰੇਸ਼ ਰਾਵਲ ਤੇ ਪ੍ਰੋਸੰਨਜੀਤ ਚੈਟਰਜੀ ਅਤੇ ਨਿਰਮਾਤਾ-ਨਿਰਦੇਸ਼ਕ ਸ਼ੇਖਰ ਕਪੂਰ ਸ਼ਾਮਲ ਸਨ। ਦੇਸ਼ ਦੇ ਬਿਹਤਰੀਨ ਕਲਾਕਾਰਾਂ ‘ਚ ਸ਼ੁਮਾਰ ਰਹਿਮਾਨ, ‘ਭਾਰਤਨਾਟਿਅਮ’ ਵਿਚ ਵੀ ਨਿਪੁੰਨ ਹੈ। ਵਹੀਦਾ ਨੇ ਦੇਵ ਆਨੰਦ ਦੇ ਨਾਲ ਗੁਰੂ ਦੱਤ ਦੀ ਫਿਲਮ ‘ਸੀਆਈਡੀ’ ਤੋਂ ਹਿੰਦੀ ਫਿਲਮ ਦੀ ਦੁਨੀਆ ਵਿਚ ਪੈਰ ਧਰਿਆ ਸੀ। ਇਸ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਵਹੀਦਾ ਨੇ ਕਈ ਗੰਭੀਰ ਤੇ ਮੁੱਖ ਧਾਰਾ ਦੀਆਂ ਫਿਲਮਾਂ ਕੀਤੀਆਂ ਜਿਨ੍ਹਾਂ ਵਿਚ ‘ਕਾਗਜ਼ ਕੇ ਫੂਲ’ ਤੇ ‘ਰਾਮ ਔਰ ਸ਼ਿਆਮ’ ਜਿਹੀਆਂ ਫਿਲਮਾਂ ਸ਼ਾਮਲ ਹਨ।
ਵਹੀਦਾ ਰਹਿਮਾਨ ਦਾ ਛੇ ਦਹਾਕਿਆਂ ਦਾ ਕਰੀਅਰ ਵੱਖ-ਵੱਖ ਭਾਸ਼ਾਵਾਂ ਦੀਆਂ 90 ਫਿਲਮਾਂ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ‘ਬਲੈਕ ਐਂਡ ਵਾਈਟ’ ਸਿਨੇਮਾ ਤੋਂ ਰੰਗੀਨ ਫਿਲਮਾਂ ਤੱਕ ਅਤੇ ਮੁੱਖ ਭੂਮਿਕਾਵਾਂ ਤੋਂ ਕੈਮੀਓ ਰੋਲਾਂ ਤੱਕ ਦਾ ਸਫ਼ਰ ਮਾਣਿਆ ਹੈ। ਉਨ੍ਹਾਂ ਦੀਆਂ ਕੁਝ ਸਭ ਤੋਂ ਯਾਦਗਾਰੀ ਭੂਮਿਕਾਵਾਂ ਗੁਰੂ ਦੱਤ ਦੀਆਂ ਫਿਲਮਾਂ ਵਿਚ ਰਹੀਆਂ ਜਿਨ੍ਹਾਂ ‘ਚ ‘ਪਿਆਸਾ’, ‘ਕਾਗਜ਼ ਕੇ ਫੂਲ’ ਤੇ ‘ਸਾਹਿਬ ਬੀਵੀ ਔਰ ਗ਼ੁਲਾਮ’ ਸ਼ਾਮਲ ਹਨ। ਦੇਵ ਆਨੰਦ ਨਾਲ ਉਨ੍ਹਾਂ ‘ਗਾਈਡ’, ‘ਪ੍ਰੇਮ ਪੁਜਾਰੀ’ ਵਿਚ ਕੰਮ ਕੀਤਾ।
ਹਿੰਦੀ ਫਿਲਮਾਂ ਦੇ ਕਈ ਬੇਹੱਦ ਹਰਮਨਪਿਆਰੇ ਗੀਤ ਵਹੀਦਾ ‘ਤੇ ਫਿਲਮਾਏ ਗਏ
ਹਿੰਦੀ ਫਿਲਮਾਂ ਦੇ ਕੁਝ ਸਭ ਤੋਂ ਹਰਮਨਪਿਆਰੇ ਗੀਤ ਵੀ ਵਹੀਦਾ ਰਹਿਮਾਨ ਉਤੇ ਫਿਲਮਾਏ ਗਏ ਸਨ ਜਿਨ੍ਹਾਂ ਵਿਚ ‘ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾ (ਸੀਆਈਡੀ), ‘ਆਜ ਫਿਰ ਜੀਨੇ ਕੀ ਤਮੰਨਾ ਹੈ’, ‘ਪੀਆ ਤੋਸੇ ਨੈਨਾ ਲਾਗੇ ਰੇ’, (ਗਾਈਡ), ‘ਲੁਕਾ ਛੁਪੀ’ (ਰੰਗ ਦੇ ਬਸੰਤੀ) ਤੇ ‘ਗੇਂਦਾ ਫੂਲ’ (ਦਿੱਲੀ-6) ਸ਼ਾਮਲ ਹਨ।

 

 

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …