ਸਾਰਲੈਟਟਾਊਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਰਲੈਟਟਾਊਨ, ਪ੍ਰਿੰਸ ਐਡਵਰਡ ਆਈਲੈਂਡ ਵਿਖੇ ਚੱਲ ਰਹੇ ਲਿਬਰਲ ਪਾਰਟੀ ਦੇ ਤਿੰਨ ਰੋਜਾ ਰਟਰੀਟ ਸਮਾਰੋਹ ਨੂੰ ਸਮੇਟਦਿਆਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਉਹ ਹੋਰ ਨਿੱਠ ਕੇ ਕੰਮ ਕਰਨਗੇ।
ਹਾਊਸਿੰਗ ਅਫੋਰਡੇਬਿਲਿਟੀ ਤੋਂ ਲੈ ਕੇ ਕਲਾਈਮੇਟ ਚੇਂਜ ਤੱਕ ਦੀ ਗੱਲ ਕਰਦਿਆਂ ਟਰੂਡੋ ਨੇ ਸਿੱਧਿਆਂ ਉਨ੍ਹਾਂ ਕਮਿਊਨਿਟੀਜ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਦੇ ਹੱਥ ਮਜਬੂਤ ਕੀਤੇ ਸਨ। ਪਰ ਦੂਜੇ ਪਾਸੇ ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਕੈਨੇਡੀਅਨਜ਼ ਨੂੰ ਉਨ੍ਹਾਂ ਚੁਣੌਤੀਆਂ ਤੇ ਸੰਕਟਾਂ ਬਾਰੇ ਜਾਣੂ ਕਰਵਾਉਂਦੇ ਫਿਰ ਰਹੇ ਹਨ ਜਿਨ੍ਹਾਂ ਨਾਲ ਇਸ ਸਮੇਂ ਦੇਸ਼ ਨੂੰ ਦੋ ਚਾਰ ਹੋਣਾ ਪੈ ਰਿਹਾ ਹੈ।
ਟਰੂਡੋ ਨੇ ਆਖਿਆ ਕਿ ਉਹ ਨੌਜਵਾਨ ਕੈਨੇਡੀਅਨਜ਼ ਨੂੰ ਇਹ ਆਖਣਾ ਚਾਹੁੰਦੇ ਹਨ ਕਿ ਪਹਿਲਾਂ ਉਨ੍ਹਾਂ ਨੂੰ ਲਗਾਤਾਰ ਦੋ ਸਾਲ ਜਾਂ ਇਸ ਤੋਂ ਵੀ ਵੱਧ ਸਮਾਂ ਕੋਵਿਡ ਦੀ ਮਾਰ ਸਹਿਣੀ ਪਈ, ਫਿਰ ਗਲੋਬਲ ਮਹਿੰਗਾਈ ਤੇ ਵੱਧ ਰਹੀਆਂ ਵਿਆਜ਼ ਦਰਾਂ ਕਾਰਨ ਉਹ ਪਿਸ ਕੇ ਰਹਿ ਗਏ। ਇਸ ਤਰ੍ਹਾਂ ਦੀਆਂ ਅਲਾਮਤਾਂ ਕਾਰਨ ਉਨ੍ਹਾਂ ਦੀ ਸਿੱਖਿਆ, ਪਹਿਲੀ ਜੌਬ, ਕਰੀਅਰ ਦੀ ਸ਼ੁਰੂਆਤ ਤੇ ਨੈੱਟਵਰਕ ਆਦਿ ਉੱਤੇ ਸਿੱਧਾ ਅਸਰ ਪਿਆ। ਟਰੂਡੋ ਨੇ ਦੱਸਿਆ ਕਿ ਘਰ ਖਰੀਦਣ ਲਈ ਬਚਤ ਵਿੱਚ ਮਦਦ ਕਰਨ ਤੇ ਸਟੂਡੈਂਟ ਲੋਨ ਉੱਤੇ ਵਿਆਜ਼ ਖਤਮ ਕਰਕੇ ਉਹ ਕਿਸ ਤਰ੍ਹਾਂ ਵਿਦਿਆਰਥੀਆਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਤਾਂ ਕੁੱਝ ਵੀ ਨਹੀਂ ਅਜੇ ਤਾਂ ਉਹ ਵਿਦਿਆਰਥੀਆਂ ਤੇ ਨੌਜਵਾਨਾਂ ਲਈ ਕਾਫੀ ਕੁੱਝ ਕਰਨਗੇ।
ਜ਼ਿਕਰਯੋਗ ਹੈ ਕਿ ਐਬੇਕਸ ਡਾਟਾ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਇਸ ਸਮੇਂ ਮਿਲੇਨੀਅਲਜ ਵਿੱਚ ਕੰਸਰਵੇਟਿਵਾਂ ਨਾਲੋਂ ਲਿਬਰਲ ਪਾਰਟੀ 11 ਅੰਕ ਪਿੱਛੇ ਚੱਲ ਰਹੀ ਹੈ ਤੇ ਜੈਂਜੀਜ ਵੋਟਰਾਂ ਵਿੱਚ ਕੰਸਰਵੇਟਿਵਾਂ ਦੇ ਮੁਕਾਬਲੇ ਲਿਬਰਲ ਪਾਰਟੀ ਚਾਰ ਅੰਕ ਪਿੱਛੇ ਹੈ।
ਇਸ ਤੋਂ ਇਲਾਵਾ ਟਰੂਡੋ ਨੇ ਆਖਿਆ ਕਿ ਇਸ ਸਮੇਂ ਹਾਊਸਿੰਗ ਉਨ੍ਹਾਂ ਦੀ ਪਾਰਟੀ ਦੀ ਮੁੱਖ ਤਰਜੀਹ ਹੈ। ਪਰ ਇਸ ਰਟਰੀਟ ਸਮਾਰੋਹ ਨੂੰ ਸਮੇਟਦੇ ਸਮੇਂ ਟਰੂਡੋ ਨੇ ਇਸ ਬਾਰੇ ਕੋਈ ਵੀ ਠੋਸ ਕਾਰਵਾਈ ਕਰਨ ਬਾਰੇ ਕੋਈ ਐਲਾਨ ਨਹੀਂ ਕੀਤਾ। ਇਸੇ ਤਰ੍ਹਾਂ ਕਲਾਈਮੇਟ ਸਬੰਧੀ ਮੁੱਦਿਆਂ ਨੂੰ ਵੀ ਟਰੂਡੋ ਨੇ ਗੰਭੀਰ ਦੱਸਿਆ ਪਰ ਉਸ ਬਾਰੇ ਕਿਸੇ ਵੀ ਤਰ੍ਹਾਂ ਦੀ ਨਵੀਂ ਪਾਲਿਸੀ ਜਾਂ ਕਿਸੇ ਪਹਿਲ ਦੀ ਗੱਲ ਨਹੀਂ ਕੀਤੀ ਗਈ।