ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਦਿਹਾਂਤ
ਸੁਰਿੰਦਰ ਛਿੰਦਾ ਨੇ ਡੀਐਮਸੀ ਲੁਧਿਆਣਾ ’ਚ ਲਿਆ ਆਖਰੀ ਸਾਹ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ ਬੁੱਧਵਾਰ ਸਵੇਰੇ ਡੀਐਮਸੀ ਹਸਪਤਾਲ ਲੁਧਿਆਣਾ ਵਿਚ ਆਖਰੀ ਸਾਹ ਲਿਆ। ਸੁਰਿੰਦਰ ਛਿੰਦਾ ਨੇ ਕੁਝ ਦਿਨ ਪਹਿਲਾਂ ਇਕ ਹਸਪਤਾਲ ਵਿਚ ਅਪਰੇਸ਼ਨ ਕਰਵਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਵਿਚ ਇਨਫੈਕਸ਼ਨ ਫੈਲ ਗਈ ਸੀ। ਇਸ ਤੋਂ ਬਾਅਦ ਸੁਰਿੰਦਰ ਛਿੰਦਾ ਦਾ ਕਈ ਦਿਨ ਡੀਐਮਸੀ ਲੁਧਿਆਣਾ ਵਿਚ ਵੀ ਇਲਾਜ ਚੱਲਦਾ ਰਿਹਾ। ਪਰ ਇਲਾਜ ਦੌਰਾਨ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਧਿਆਨ ਰਹੇ ਕਿ ਸੁਰਿੰਦਰ ਛਿੰਦਾ ਪੰਜਾਬੀ ਸੰਗੀਤ ਜਗਤ ’ਚ ਉਹ ਨਾਂ ਹੈ, ਜੋ ਪਿਛਲੇ ਚਾਰ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਸਰਗਰਮ ਰਿਹਾ। ਸੁਰਿੰਦਰ ਛਿੰਦਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਸਰੋਤਿਆਂ ਦੀ ਪਸੰਦ ਰਹੇ। ਕਈ ਸਾਲਾਂ ਬਾਅਦ ਅੱਜ ਵੀ ਉਨ੍ਹਾਂ ਦੇ ਗੀਤ ਸਦਾਬਹਾਰ ਹੀ ਜਾਪਦੇ ਹਨ। ਸੁਰਿੰਦਰ ਛਿੰਦਾ ਦੇ ਦਿਹਾਂਤ ’ਤੇ ਸਮੁੱਚੇ ਕਲਾਕਾਰ ਜਗਤ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।