ਜਰਨੈਲ ਸਿੰਘ
(ਕਿਸ਼ਤ ਸੱਤਵੀਂ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮੱਕੀ ਵੱਢ ਕੇ ਭਰੀਆਂ ਦੇ ਮੁਹਾਰੇ ਲਾਏ ਜਾਂਦੇ ਸਨ। ਫਿਰ ਟੱਬਰ ਦੇ ਜੀਅ ਤੇ ਕੁਝ ਮਜ਼ਦੂਰ ਬੁੜ੍ਹੀਆਂ ਛੱਲੀਆਂ ਕੱਡਣ ਦਾ ਕੰਮ ਨਿਬੇੜਦੇ। ਜਦੋਂ ਛੱਲੀਆਂ ਸੁੱਕ ਜਾਂਦੀਆਂ ਤਾਂ ਅਸੀਂ ਤਿੰਨੇ ਭਰਾ, ਬਾਪੂ ਜੀ ਤੇ ਦੋ ਕੁ ਗਵਾਂਢੀ ਰਲ਼ ਕੇ, ਕਿੱਕਰਾਂ-ਟਾਹਲੀਆਂ ਦੇ ਭਾਰੀਆਂ ਡਾਂਗਾਂ ਨਾਲ਼ ਛੱਲੀਆਂ ਕੁੱਟਦੇ। ਛੱਲੀਆਂ ਦੇ ਢੇਰ ‘ਤੇ ਵਾਰੋ-ਵਾਰੀ, ਧੈਅ-ਧੈਅ ਡਾਂਗਾਂ ਵਰ੍ਹਾਉਂਦਿਆਂ ਸਾਡੇ ਮੂਹੋਂ ਹੇਕ ਜਿਹੀ ਵਿਚ ‘ਏ-ਅ-ਹੈਂਅ’ ਦੀ ਉੱਚੀ ਆਵਾਜ਼ ਨਿੱਕਲ਼ਦੀ। ਡਾਂਗ ਉਭਾਰਦਿਆਂ ‘ਏ-ਅ ਤੋਂ ਸ਼ੁਰੂ ਹੋਈ ਹੇਕ ਛੱਲੀਆਂ ‘ਤੇ ਮਾਰਨ ਸਮੇਂ ‘ਹੈਂਅ’ ‘ਤੇ ਮੁਕਦੀ ਸੀ। ਇਹ ਹੇਕ ਜਿੱਥੇ ਬੰਦੇ ਦੀ ਡਾਂਗ ਨੂੰ ਜ਼ੋਰਦਾਰ ਬਣਾਉਂਦੀ, ਓਥੇ ਸਾਥੀਆਂ ਦੇ ਜੋਸ਼ ਨੂੰ ਵੀ ਉਭਾਰਦੀ ਸੀ।
ਮੱਕੀ ਦਾ ਬੋਹਲ਼ ਵੀ, ਕਣਕ ਦੇ ਬੋਹਲ਼ ਵਾਂਗ ਸਾਡੇ ਮਾਪਿਆਂ ਦੀ ਘਰ-ਗ੍ਰਹਿਸਤੀ ਦੀਆਂ ਅਤੀ ਜ਼ਰੂਰੀ ਲੋੜਾਂ ਹਜ਼ਮ ਕਰ ਜਾਂਦੀਆਂ। ਨਵੀਆਂ ਆਸਾਂ ਲੈ ਕੇ ਸਾਡਾ ਟੱਬਰ, ਦੂਜੇ ਕਿਸਾਨਾਂ ਵਾਂਗ, ਹਾੜ੍ਹੀ ਦੀ ਫ਼ਸਲ ਦੀਆਂ ਤਿਆਰੀਆਂ ‘ਚ ਰੁੱਝ ਜਾਂਦਾ।
ਸਿਆਲਾਂ ਨੂੰ ਟੋਕੇ ਨਾਲ ਕੜਬ (ਮੱਕੀ ਦੇ ਟਾਂਡੇ) ਕੁਤਰਨ ਦਾ ਕੰਮ ਬਖ਼ਸ਼ੀਸ਼ ਕਰਦਾ ਹੁੰਦਾ ਸੀ। ਉਸਦੇ ਪਟਨਾ ਸਾਹਿਬ ਚਲੇ ਜਾਣ ਬਾਅਦ ਉਹ ਕੰਮ ਮੇਰੇ ਜ਼ਿੰਮੇ ਪੈ ਗਿਆ। ਸਵੇਰੇ ਮੂੰਹ-ਨੇਰ੍ਹੇ ਉੱਠ ਕੇ ਕੁਲਦੀਪ ਗਾਲ਼ੇ ਲਾਉਂਦਾ ਤੇ ਮੈਂ ਮਸ਼ੀਨ ਗੇੜਨ ਡਹਿ ਪੈਂਦਾ। ਕੜਬ ਦੀਆਂ 18-20 ਭਰੀਆਂ ਕੁਤਰ ਕੇ ਦਮ ਮਾਰਦਾ। ਨਹਾ ਕੇ ਰੋਟੀ ਖਾਣ ਬਾਅਦ ਸਕੂਲ ਨੂੰ ਟੁਰ ਜਾਂਦਾ।
ਖੇਤੀ ਦੇ ਕੰਮਾਂ ‘ਚ ਰੁੱਝਿਆਂ ਮੈ ਪੜ੍ਹਾਈ ਵੱਲੋਂ ਕਦੀ ਅਵੇਸਲਾ ਨਹੀਂ ਸੀ ਹੋਇਆ।
ਹੈਡਮਾਸਟਰ ਕੁੰਦਨ ਸਿੰਘ ਸੀਹਰਾ ਦੀ ਅਗਵਾਈ ਵਿਚ ‘ਕਰੋ ਜਾਂ ਮਰੋ’ ਦੀ ਦ੍ਰਿੜ ਨੀਤੀ ਰੰਗ ਲੈ ਆਈ ਸੀ। ਅਧਿਆਪਕ ਪੂਰੀ ਤਨਦੇਹੀ ਨਾਲ਼ ਪੜ੍ਹਾਉਂਦੇ ਤੇ ਵਿਦਿਆਰਥੀ ਦਿਲ ਲਾ ਕੇ ਪੜ੍ਹਦੇ। ਮੈਟਰਿਕ ਦੇ ਇਮਤਿਹਾਨ ਲਈ, ਨੌਵੀਂ ਤੇ ਦਸਵੀਂ, ਦੋ ਸਾਲ ਦਾ ਇਕੱਠਾ ਸਿਲੇਬਸ ਹੁੰਦਾ ਸੀ। ਦੋਨਾਂ ਜਮਾਤਾਂ ਦੇ ਮੁੱਖ ਮਜ਼ਮੂਨ ਅੰਗ੍ਰੇਜ਼ੀ, ਗਣਿਤ ਤੇ ਸਾਇੰਸਂ ਹੈਡਮਾਸਟਰ ਪੜ੍ਹਾਉਂਦਾ ਸੀ। ਦਸਵੀਂ ਦੀ ਪਾਸ-ਪ੍ਰਤੀਸ਼ਤਤਾ ਨੱਬੇ ਤੋਂ ਉੱਤੇ ਹੁੰਦੀ ਸੀ। ਕੁਝ ਕੁ ਵਾਰ ਸੌ ਫੀਸਦੀ ਰਿਜ਼ਲਟ ਵੀ ਆਏ। ਵਧੇਰੇ ਗਿਣਤੀ ਫਸਟ ਤੇ ਸੈਕਿੰਡ ਡਵੀਜ਼ਨਾਂ ਵਾਲ਼ਿਆਂ ਦੀ ਹੁੰਦੀ। ਅੰਗ੍ਰੇਜ਼ੀ ਤੇ ਸਾਇੰਸ ਵਿਚ ਮੈਂ ਹੁਸ਼ਿਆਰ ਸਾਂ। ਅਲਜਬਰਾ ਤੇ ਜੁਮੈਟਰੀ ਸੌਖੇ ਲਗਦੇ ਸਨ ਪਰ ਹਿਸਾਬ ਔਖਾ।
ਹੈਡਮਾਸਟਰ ਨੇ ਦਸਵੀਂ ਦੇ ਵਿਦਿਆਰਥੀਆਂ ਨੂੰ ਸਕੂਲੇ ਰੱਖਣ ਦੀ ਪਰੰਪਰਾ ਚਲਾਈ ਹੋਈ ਸੀ। ਉਸ ਅਨੁਸਾਰ ਅਸੀਂ ਦਸੰਬਰ ‘ਚ ਆਪਣੇ ਮੰਜੇ-ਬਿਸਤਰੇ ਸਕੂਲ ‘ਚ ਲੈ ਗਏ। ਸਕੂਲ ‘ਚ ਕਿਹੜਾ ਹੋਸਟਲ ਸੀ। ਰਾਤਾਂ ਨੂੰ ਕਲਾਸ-ਰੂਮਾਂ ਦੇ ਪਿਛਲੇ ਪਾਸੇ ਚਾਰ-ਚਾਰ, ਪੰਜ-ਪੰਜ ਮੁੰਡਿਆਂ ਨੇ ਆਪਣੇ ਮੰਜੇ ਡਾਹ ਲੈਣੇ। ਸਵੇਰੇ ਉੱਠ ਕੇ ਸੁਚੱਜੇ ਢੰਗ ਨਾਲ਼ ਮੰਜੇ ਖੜ੍ਹੇ ਕਰ ਦੇਣੇ ਤੇ ਬਿਸਤਰੇ ਇਕੱਠੇ ਕਰ ਕੇ, ਉਨ੍ਹਾਂ ਮੰਜਿਆਂ ਦੇ ਓਹਲੇ ਇਕ ਮੰਜੇ ‘ਤੇ ਚਿਣ ਦੇਣੇ। ਹੈਡਮਾਸਟਰ ਦਾ ਮੰਜਾ-ਬਿਸਤਰਾ ਦਫ਼ਤਰ ‘ਚ ਹੁੰਦਾ ਸੀ। ਛੁੱਟੀ ਹੋਣ ‘ਤੇ ਅਸੀਂ, ਬਸਤੇ ਸਕੂਲੇ ਛੱਡ ਕੇ, ਘਰਾਂ ਨੂੰ ਆ ਜਾਂਦੇ ਤੇ ਸ਼ਾਮ ਦੀ ਰੋਟੀ ਖਾ ਕੇ ਫਿਰ ਸਕੂਲ ਪਰਤ ਜਾਂਦੇ। ਹੈਡਮਾਸਟਰ ਦਾ ਪਿੰਡ ਸਿੰਗੜੀਵਾਲਾ ਸਕੂਲੋਂ ਤਿੰਨ ਕਿੱਲੋਮੀਟਰ ਸੀ। ਉਹ ਵੀ ਸਾਡੇ ਵਾਂਗ ਘਰੋਂ ਰੋਟੀ ਖਾ ਕੇ ਪਰਤ ਆਉਂਦਾ। ਫ਼ਰਕ ਸਿਰਫ਼ ਏਨਾ ਕੁ ਹੀ ਸੀ ਕਿ ਸਾਡਾ ਜਾਣ-ਆਉਣ ਪੈਦਲ ਸੀ ਤੇ ਉਸਦਾ ਸਾਈਕਲ ‘ઑ਼ਤੇ। ਰਾਤ ਨੂੰ ਹੈਡਮਾਸਟਰ ਤਿੰਨਾਂ ਮਜ਼ਮੂਨਾਂ ਵਿਚੋਂ ਇਕ ‘ਤੇ ਘੰਟੇ ਦਾ ਪੀਰੀਅਡ ਲਾਉਂਦਾ। ਉਸ ਤੋਂ ਬਾਅਦ ਅਸੀਂ ਆਪੋ ਆਪਣੇ ਕਮਰਿਆਂ ‘ਚ ਚਲੇ ਜਾਂਦੇ। ਜਿਨ੍ਹਾਂ ਨੇ ਪੜ੍ਹਨਾ ਹੁੰਦਾ ਉਹ ਲਾਲਟੈਣ ਬਾਲ ਕੇ ਕਿਤਾਬਾਂ-ਕਾਪੀਆਂ ‘ਚ ਰੁਝ ਜਾਂਦੇ ਤੇ ਜਿਨ੍ਹਾਂ ਨੇ ਕੰਮ ਮੁਕਾ ਲਿਆ ਹੁੰਦਾ ਉਹ ਸੌਂ ਜਾਂਦੇ। ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਡੇਢ ਘੰਟੇ ਦਾ ਪੀਰੀਅਡ ਫਿਰ ਲਗਦਾ। ਸਾਡੀ ਸਵੇਰ ਦੀ ਰੋਟੀ ਪਿੰਡਾਂ ਤੋਂ ਪੜ੍ਹਨ ਆਉਂਦੇ ਮੁੰਡੇ ਚੁੱਕ ਲਿਆਉਂਦੇ ਸਨ। ਹੈਡਮਾਸਟਰ ਦੀ ਰੋਟੀ ਸਿੰਗੜੀਵਾਲੇ ਦਾ ਇਕ ਵਿਦਿਆਰਥੀ ਲਿਆਉਂਦਾ ਸੀ।
ਹੈਡਮਾਸਟਰ ਪੜ੍ਹਾਉਣ ਦੇ ਨਾਲ਼-ਨਾਲ਼ ਸਾਨੂੰ ਜੀਵਨ ਜਾਚ ਬਾਰੇ ਵੀ ਦੱਸਦਾ ਰਹਿੰਦਾ। ਜ਼ਿੰਦਗੀ ਨੂੰ ਸੁਥਰੀ, ਸੁਚੱਜੀ ਤੇ ਪ੍ਰਗਤੀਸ਼ੀਲ ਬਣਾਉਣ ਲਈ ਪ੍ਰੇਰਦਾ। ਉਸ ਦੀਆਂ ਕੀਮਤੀ ਗੱਲਾਂ ਦਾ ਮੇਰੇ ‘ਤੇ ਅਮਿੱਟ ਪ੍ਰਭਾਵ ਪਿਆ। ਬਾਪੂ ਜੀ ਤੋਂ ਬਾਅਦ ਜਿਸ ਸ਼ਖਸੀਅਤ ਨੇ ਮੇਰੇ ਵਿਅਕਤਿਤਵ ਦੀ ਉਸਾਰੀ ਵਿਚ ਵਧੇਰੇ ਪ੍ਰਭਾਵ ਪਾਇਆ, ਉਹ ਹੈਡਮਾਸਟਰ ਸੀਹਰਾ ਸਾਬ੍ਹ ਸੀ। ਪ੍ਰਭਾਵ ਮੇਰੇ ‘ਤੇ ਹੀ ਨਹੀਂ ਉਸ ਤੋਂ ਪੜ੍ਹੇ ਹਜ਼ਾਰਾਂ ਵਿਦਿਆਰਥੀਆਂ ‘ਤੇ ਪਿਆ ਸੀ।
ਅਮਿੱਟ ਪ੍ਰਭਾਵ ਉਹੀ ਇਨਸਾਨ ਪਾ ਸਕਦੈ ਜਿਸਦੀ ਕਹਿਣੀ ਤੇ ਕਰਨੀ ਵਿਚ ਸੁਮੇਲਤਾ ਹੋਵੇ, ਜੋ ਉੱਚਾ-ਸੁੱਚਾ ਹੋਵੇ। ਸੀਹਰਾ ਸਾਬ੍ਹ ‘ਚ ਇਹ ਗੁਣ ਹੈਗੇ ਸਨ। ਹਰ ਸਾਲ ਸਾਢੇ ਤਿੰਨ ਮਹੀਨੇ ਆਪਣੇ ਟੱਬਰ ਸੰਗ ਬਿਤਾਉਣ ਦੀ ਬਜਾਇ ਉਹ ਸਕੂਲ ‘ਚ ਵਿਦਿਆਰਥੀਆਂ ਨਾਲ਼ ਰਹਿੰਦਾ। ਬਿਨਾਂ ਕਿਸੇ ਟਿਊਸ਼ਨ ਫੀਸ ਦੇ ਹਰ ਰੋਜ਼ ਢਾਈ ਘੰਟੇ ਵਾਧੂ ਪੜ੍ਹਾਉਂਦਾ। ਆਪਣੇ ਕਿੱਤੇ ਨਾਲ਼ ਇਕ ਮਿਸ਼ਨਰੀ ਵਾਂਗ ਜੁੜਿਆ ਹੋਇਆ ਸੀ ਉਹ। ਉਸਦੇ ਪ੍ਰਭਾਵ ਹੇਠ ਬਾਕੀ ਅਧਿਆਪਕ ਵੀ ਪੂਰੀ ਲਗਨ ਨਾਲ਼ ਪੜ੍ਹਾਉਂਦੇ ਸਨ। ਇਲਾਕੇ ਦੀ ਉੱਘੀ ਸ਼ਖ਼ਸੀਅਤ ਬਣ ਗਿਆ ਸੀ ਸੀਹਰਾ ਸਾਬ੍ਹ। ਨਸਰਾਲਾ ਸਕੂਲ ਦੀ ਵੀ ‘ਬੱਲੇ-ਬੱਲੇ’ ਹੋ ਗਈ ਸੀ। ਪਰ ਉਹ ਸਕੂਲ ਦੇ ਵਧੀਆ ਇਮੇਜ ਨੂੰ ਸਿਰਫ਼ ਅਪਣੇ ਨਾਲ਼ ਹੀ ਨਹੀਂ ਸੀ ਜੋੜਦਾ। ਸਕੂਲ ਦੀਆਂ ਮੀਟਿੰਗਾਂ ਸਮੇਂ ਸਕੂਲ ਦੀ ਪ੍ਰਸਿੱਧੀ ਨੂੰ ਉਹ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਲਗਨ ਤੇ ਮਿਹਨਤ ਦਾ ਫਲ਼ ਕਰਾਰ ਦਿੰਦਾ ਸੀ।
ਸਾਡੀ ਕਲਾਸ ਨੂੰ ਪੜ੍ਹਾਉਂਦਿਆਂ ਕਦੀ-ਕਦੀ, ਸਕੂਲ ਦੀ ਸ਼ਾਨਦਾਰ ਕਾਰਗੁਜ਼ਾਰੀ ‘ਤੇ ਫਖ਼ਰ ਮਹਿਸੂਸਦਿਆਂ ਹੈਡਮਾਸਟਰ ਪਿਛਲੇ-ਪਿਛਲੇਰੇ ਸਾਲਾਂ ਦੇ ਵਿਦਿਆਰਥੀਆਂ ਬਾਰੇ ਦੱਸਣ ਲੱਗ ਪੈਂਦਾ, ”ਫਲਾਣਾ ਇੰਜਨੀਅਰਿੰਗ ਪੜ੍ਹ ਰਿਹੈ, ਫਲਾਣਾ ਐਮ.ਬੀ.ਬੀ.ਐਸ ਦੇ ਆਖਰੀ ਸਾਲ ‘ਚ ਐ, ਫਲਾਣਾ ਐਮ.ਏ ਕਰਕੇ ਬੀ.ਐੱਡ ਕਰ ਰਿਹੈ, ਫਲਾਣਾ ਨੇਵੀ ‘ਚ ਦੂਰ-ਦੁਰਾਡੇ ਦੇਸ਼ਾ ਦੀਆਂ ਸੈਰਾਂ ਕਰਦੈ…।” ਤੇ ਫਿਰ ਸਾਡੀ ਕਲਾਸ ਦੇ ਫਸਟ ਡਵੀਜਨਰਾਂ ਬਾਰੇ ਭਵਿੱਖਬਾਣੀ ਕਰਦਿਆਂ ਜਦੋਂ ਉਸਦੀ ਨਿਗ੍ਹਾ ਮੇਰੇ ਵੱਲ ਵੀ ਘੁੰਮਦੀ, ਮੈਂ ਮਾਣ ਨਾਲ਼ ਭਰ ਜਾਂਦਾ। ਕੁਝ ਸਾਲਾਂ ਬਾਅਦ ਨਸਰਾਲਾ ਸਰਕਾਰੀ ਸਕੂਲ ਬਣ ਗਿਆ। ਹੈੱਡ ਕੁੰਦਨ ਸਿੰਘ ਸੀਹਰਾ ਹੀ ਰਿਹਾ। 13 ਸਾਲ ਲਗਾਤਾਰ ਉਸਨੇ ਇਹ ਜਿੰਮੇਵਾਰੀ ਨਿਭਾਈ। ਲੋਕਾਂ ਵਿਚ ਜੱਸ ਖੱਟਿਆ। ਨਸਰਾਲੇ ਤੋਂ ਉਸਦੀ ਬਦਲੀ ਇਕ ਸੀਨੀਅਰ ਸੈਕੰਡਰੀ ਸਕੂਲ ‘ਚ ਹੋਈ ਜਿੱਥੇ ਉਹ ਰਿਟਾਇਰਮੈਂਟ ਤੱਕ ਪ੍ਰਿੰਸੀਪਲ ਰਿਹਾ।
ਸਾਡੇ ਦਸਵੀਂ ਦੇ ਇਮਤਿਹਾਨ ਦਾ ਸੈਂਟਰ ਪੁਰ ਹੀਰਾਂ ਸੀ। ਸਾਰੇ ਪੇਪਰ ਵਧੀਆ ਹੋ ਗਏ। ਮੇਰੀ ਹਾਈ ਫਸਟ ਡਵੀਜ਼ਨ ਆਈ। ਸਕੂਲੋਂ ਸਰਟੀਫਿਕੇਟ ਲੈਣ ਗਏ ਤਾਂ ਸੀਹਰਾ ਸਾਬ੍ਹ ਨੇ ਬਾਪੂ ਜੀ ਨੂੰ ਆਖਿਆ, ”ਤੁਹਾਡਾ ਲੜਕਾ ਪੜ੍ਹਾਈ ‘ਚ ਹੁਸ਼ਿਆਰ ਐ ਇਹ ਜਿੰਨਾਂ ਪੜ੍ਹਨਾ ਚਾਹੁੰਦੈ, ਪੜ੍ਹਾਓ।”
”ਜੇ ਹੱਥ ਤਰ ਹੁੰਦਾ ਜਰੂਰ ਪੜ੍ਹਾਉਂਦੇ।” ਬਾਪੂ ਜੀ ਦੇ ਬੋਲਾਂ ਵਿਚ ਉਦਾਸੀ ਸੀ।
”ਜ਼ਮੀਨ ਵੇਚ ਕੇ ਪੜ੍ਹਾ ਦਿਓ।” ਸੀਹਰਾ ਸਾਬ੍ਹ ਨੇ ਜ਼ੋਰ ਦੇ ਕੇ ਆਖਿਆ।
”ਅੱਛਾ ਦੇਖਦੇ ਆਂ ਜੀ।” ਬਾਪੂ ਜੀ ਦਾ ਲਹਿਜ਼ਾ ‘ਨਾਂਹ’ ਦਾ ਸੰਕੇਤ ਸੀ।
ਮੇਰੀ ਅਗਾਂਹ ਪੜ੍ਹਨ ਦੀ ਰੀਝ ਮਨ ‘ਚ ਮੁੜ-ਮੁੜ ਉਭੱਰ ਰਹੀ ਸੀ।
”ਤਾਰ ਤੇ ਮੋਹਣ ਕਾਲਜ ‘ਚ ਦਾਖਲ ਹੋ ਗਏ ਆ। ਮੈਨੂੰ ਵੀ ਕਰਾ ਦਿਓ। ਹੋਰ ਚਾਰ ਦਿਨਾਂ ਤੱਕ ਦਾਖਲੇ ਬੰਦ ਹੋ ਜਾਣੇ ਆਂ।” ਮੈਂ ਬੀਬੀ ਨਾਲ਼ ਗੱਲ ਕੀਤੀ।
”ਪੁੱਤ, ਆਪਾਂ ਦੀਵਾਲੀ ਲਾਗੇ ਦੀਸ਼ੋ (ਮੈਥੋਂ ਵੱਡੀ ਭੈਣ) ਦਾ ਵਿਆਹ ਕਰਨੈ। ਉਸ ਵਾਸਤੇ ਵੀ ਪੱਲਿਓਂ ਨਹੀਂ ਸਰਨਾ। ਤੇਰੇ ਮਾਮੇ ਕੋਲੋਂ ਕੁਝ ਰਕਮ ਫੜਨੀ ਆਂ।” ਬੀਬੀ ਦੇ ਚਿਹਰੇ ‘ਤੇ ਉੱਭਰੀ ਮਜ਼ਬੂਰੀ ਦੀ ਕਸੀਸ ਦੇਖਦਿਆਂ ਹੋਰ ਕੁਝ ਕਹਿਣ ਦਾ ਹੌਸਲਾ ਨਾ ਪਿਆ…। ਮੈਂ ਬੀਬੀ ਦੀ ਗੱਲ ਮੰਨ ਲਈ ਸੀ ਪਰ ਮੇਰੇ ਮਨ ਨੇ ਨਹੀਂ ਸੀ ਮੰਨੀ।
ਪਿੰਡੋਂ ਮੇਨ ਸੜਕ ਨੂੰ ਜਾਂਦਾ ਰਾਹ ਸਾਡੇ ਖੇਤਾਂ ਵਿਚੀਂ ਨਿਕਲ਼ਦਾ ਸੀ। ਹੁਸ਼ਿਅਰਪੁਰ ਦੇ ਕਾਲਜਾਂ ਨੂੰ ਜਾਂਦੇ ਮੁੰਡੇ ਸਾਡੇ ਖੇਤਾਂ ਵਿਚੀਂ ਲੰਘਦੇ ਸਨ। ਉਨ੍ਹਾਂ ਵੱਲ ਦੇਖ ਕੇ ਮੈਂ ਝੂਰਨ ਲੱਗ ਜਾਂਦਾ ਕਿ ਸੈਕੰਡ ਡਵੀਜ਼ਨਾਂ ਵਾਲ਼ੇ ਕਾਲਜ ਜਾ ਰਹੇ ਆ ਤੇ ਮੈਂ ਫਸਟ ਡਵੀਜ਼ਨ ਵਾਲ਼ਾ ਲਾਚਾਰ ਹੋਇਆ ਬੈਠਾਂ। ਮੇਰੀ ਹਾਲਤ ਭਾਂਪ ਕੇ ਬਾਪੂ ਜੀ ਨੇ ਮੇਰੀ ਪਿੱਠ ਪਲੋਸੀ ਤੇ ਕਹਿਣ ਲੱਗੇ, ”ਪੁੱਤ ਤੂੰ ਧੀਰਜ ਰੱਖ। ਮੈਂ ਬਲਵੰਤ ਨੂੰ ਕਿਹਾ ਹੋਇਐ, ਉਹ ਤੈਨੂੰ ਰੇਲਵੇ ‘ਚ ਰਖਾ ਦਏਗਾ।” ਰੇਲਵੇ ਕਰਮਚਾਰੀ ਬਲਵੰਤ ਸਾਡੇ ਸਕਿਆਂ ‘ਚੋਂ ਸੀ। ਮੈਂ ਹੁਸ਼ਿਆਰਪੁਰ ‘ਰੁਜ਼ਗਾਰ ਦਫ਼ਤਰ’ ‘ਚ ਵੀ ਨਾਂ ਦਿੱਤਾ ਹੋਇਆ ਸੀ। ਨਾ ਤਾਂ ਬਲਵੰਤ ਦਾ ਕਿਤੇ ਹੱਥ ਅੜਿਆ ਤੇ ਨਾ ਹੀ ‘ਰੁਜ਼ਗਾਰ ਦਫ਼ਤਰ ‘ਤੋਂ ਕੋਈ ਚਿੱਠੀ ਆਈ
ਉਹ ਦਿਨ ਮੇਰੇ ਲਈ ਘੋਰ ਉਦਾਸੀ ਦੇ ਸਨ। ਪਹਿਲੋਂ ਬਾਬਾ ਜੀ ਦੀਆਂ ਸੂਫ਼ੀ ਕਵੀਆਂ ਦੀਆਂ ਕਿਤਾਬਾਂ ਪੜ੍ਹਨ ਨਾਲ਼ ਮਨ ਨੂੰ ਚੈਨ ਮਿਲ ਜਾਂਦੀ ਸੀ, ਪਰ ਹੁਣ ਉਨ੍ਹਾਂ ਕਿਤਾਬਾਂ ‘ਚ ਮਨ ਨਹੀਂ ਸੀ ਖੁੱਭਦਾ। ਖੇਤੀ ਦੇ ਕੰਮ ‘ਚ ਵੀ ਹੁਣ ਰੂਹ ਨਹੀਂ ਸੀ ਲਗਦੀ। ਪਿੰਡੋਂ ਨਿੱਕਲ ਜਾਣ ਨੂੰ ਦਿਲ ਕਰਦਾ ਸੀ।
ਏਅਰ ਫੋਰਸ ਸਟੇਸ਼ਨ ਆਦਮਪੁਰ ਸਾਡੇ ਪਿੰਡੋਂ 8 ਕਿਲੋਮੀਟਰ ਹੈ। ਇਕ ਦਿਨ ਉਹ ਦੇਖਣ ਦਾ ਮੌਕਾ ਬਣ ਗਿਆ। ਜਲੰਧਰ ਜ਼ਿਲ੍ਹੇ ‘ਚ ਸਾਡੀਆਂ ਦੋ ਮਾਸੀਆਂ ਦੇ ਪਿੰਡ ਈਸ਼ਰਵਾਲ ਕੋਈ ਜ਼ਰੂਰੀ ਸੁਨੇਹਾ ਦੇਣਾ ਸੀ। ਬਾਪੂ ਜੀ ਨੇ ਮੈਨੂੰ ਤੋਰ ਦਿੱਤਾ। ਮੈਂ ਸਾਈਕਲ ‘ਤੇ ਸਿੱਧੇ ਰਾਹ ਪੈ ਗਿਆ। ਉਹ ਰਾਹ ਹਵਾਈ ਅੱਡੇ ਦੇ ਕੋਲ਼ ਦੀ ਲੰਘਦਾ ਸੀ। ਉਦੋਂ ਹਵਾਈ ਅੱਡੇ ਦੁਆਲੇ ਫੈਨਸਿੰਗ ਨਹੀਂ ਸੀ ਹੁੰਦੀ। ਪੱਖੇ ਵਾਲ਼ਾ ਇਕ ਛੋਟਾ ਜਹਾਜ਼ ਉੱਤਰ ਰਿਹਾ ਸੀ। ਮੈਂ ਰਾਹ ਛੱਡ ਕੇ ਰਨਵੇਅ ਦੇ ਨਜ਼ਦੀਕ ਚਲਾ ਗਿਆ। ਜਹਾਜ਼ ਉੱਤਰਦਿਆਂ ਸਾਰ ਸਪੀਡ ਫੜ੍ਹ ਕੇ ਫਿਰ ਚੜ੍ਹ ਗਿਆ। ਚੱਕਰ ਲਾ ਕੇ ਉਹ ਉੱਤਰਿਆ ਤੇ ਫਿਰ ਚੜ੍ਹ ਗਿਆ। ਜਹਾਜ਼ ਦੇ ਸ਼ੀਸ਼ਿਆਂ ਵਿਚੀਂ ਦੋ ਪਾਇਲਟ ਦਿਖਾਈ ਦੇ ਰਹੇ ਸਨ। ਕੋਈ ਨਵਾਂ ਪਾਇਲਟ ਟਰੇਨਿੰਗ ਲੈ ਰਿਹਾ ਜਾਪਦਾ ਸੀ। ਦੂਜਾ ਪਾਇਲਟ ਸ਼ਾਇਦ ਇੰਸਟਰਕਟਰ ਸੀ। ਰਨਵੇਅ ਦੇ ਪਰਲੇ ਪਾਸੇ ਇਕ ਵੱਡੀ ਹੈਂਗਰ (ਸ਼ੈੱਡ) ਵਿਚ, ਡਾਂਗਰੀਆਂ ਪਹਿਨੀ ਕੁਝ ਮਕੈਨਿਕ ਜਹਾਜ਼ਾਂ ‘ਤੇ ਕੰਮ ਕਰ ਰਹੇ ਸਨ। ਡਾਢੀ ਤੇਜ਼ ਸਪੀਡ ਨਾਲ਼ ਚੜ੍ਹਦੇ ਤੇ ਧੀਮੀ ਸਪੀਡ ਨਾਲ਼ ਉੱਤਰਦੇ ਜਹਾਜ਼ ਅਤੇ ਹੈਂਗਰ ‘ਚ ਕੰਮ ਕਰਦੇ ਮਕੈਨਿਕਾਂ ਨੂੰ ਮੈਂ ਕਈ ਚਿਰ ਦੇਖਦਾ ਰਿਹਾ। ਦੋਵੇਂ ਦ੍ਰਿਸ਼ ਮੈਨੂੰ ਦਿਲਚਸਪ ਲੱਗੇ। ਮੈਂ ਆਪਣੇ ਰਾਹ ਪੈ ਗਿਆ। ਦੋਨਾਂ ਦ੍ਰਿਸ਼ਾ ਬਾਰੇ ਸੋਚਦਿਆਂ ਮਨ ‘ਚ ਰੀਝ ਉੱਗ ਪਈ, ”ਜੇ ਕਿਤੇ ਇਹ ਨੌਕਰੀ ਮਿਲ਼ ਜਾਏ…।”
ਈਸ਼ਰਵਾਲ ਤੋਂ ਸਿੱਧੇ ਰਾਹੀਂ ਪਰਤਣ ਦੀ ਬਜਾਇ ਮੈਂ ਆਦਮਪੁਰ ਕਸਬੇ ਨੂੰ ਆ ਗਿਆ। ਇਕ ਦੁਕਾਨ ‘ਤੇ ਸਿੱਖ ਹਵਾਈ ਸੈਨਿਕ ਸਬਜ਼ੀ ਖ਼ਰੀਦ ਰਿਹਾ ਸੀ। ਮੈਂ ‘ਸਤਿ ਸ੍ਰੀ ਅਕਾਲ’ ਬੁਲਾ ਕੇ ਉਸਨੂੰ ਏਅਰ ਫੋਰਸ ਦੀ ਭਰਤੀ ਬਾਰੇ ਪੁੱਛਿਆ। ਉਸਨੇ ਦੱਸਿਆ ਕਿ ਭਰਤੀ-ਦਫ਼ਤਰ ਅੰਬਾਲੇ ਹੈ ਤੇ ਭਰਤੀ ਕਰਨ ਵਾਲ਼ੇ, ਪੰਜਾਬ ਦੇ ਸ਼ਹਿਰਾਂ ‘ਚ ਵੀ ਟੂਰ ‘ਤੇ ਆਉਂਦੇ ਰਹਿੰਦੇ ਹਨ।
ਘਰ ਆ ਕੇ ਮੈਂ ਸਾਰੀ ਗੱਲ ਬਾਪੂ ਜੀ ਨੂੰ ਦੱਸੀ। ਉਨ੍ਹਾਂ ਸਾਰੇ ਰਿਸ਼ਤੇਦਾਰਾਂ ਤੇ ਸਾਂਝ ਵਾਲਿਆਂ ਨੂੰ ਆਖ ਦਿੱਤਾ, ”ਜੈਲ ਨੂੰ ਏਅਰ ਫੋਰਸ ‘ਚ ਕਰਵਾਉਣੈ, ਕੋਈ ਬੰਦਾ ਲੱਭੋ।”
ਆਦਮਪੁਰ ਹਵਾਈ ਅੱਡੇ ਤੋਂ ਲੋਕਲ ਫਲਾਈਟਾਂ ਕਰਦੇ ਜਹਾਜ਼ ਅਕਸਰ ਸਾਡੇ ਖੇਤਾਂ ਉੱਪਰੋਂ ਲੰਘਿਆ ਕਰਦੇ ਸਨ। ਪਹਿਲਾਂ ਮੈਂ ਉਨ੍ਹਾਂ ਵੱਲ ਕਦੀ ਧਿਆਨ ਨਹੀਂ ਸੀ ਦਿੱਤਾ ਪਰ ਹੁਣ ਮੈਂ ਉਨ੍ਹਾਂ ਨੂੰ ਨੀਝ ਤੇ ਰੀਝ ਨਾਲ਼ ਦੇਖਦਾ ਸਾਂ।
(ਇਹ ਆਰਟੀਕਲ ਇਥੇ ਸਮਾਪਤ ਹੈ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …