ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਪ੍ਰੈੱਸ ਕਾਨਫ਼ਰੰਸ ਵਿੱਚ ਉੱਨੀ ਸੌ ਚੌਰਾਸੀ ਦੀ ਸਿੱਖ ਨਸਲਕੁਸ਼ੀ ਬਾਰੇ ਵਿਵਾਦਗ੍ਰਸਤ ਟਿੱਪਣੀ ਦਿੰਦਿਆਂ, ਇਸ ਨੂੰ ”ਉਨੀ ਸੌ ਚੌਰਾਸੀ ਸਿੱਖ ਦੰਗੇ” ਕਿਹਾ। ਦਰਅਸਲ ਇਸ ‘ਭਿਆਨਕ ਮਹਾਂ- ਦੁਖਾਂਤ ਨੂੰ ਦੰਗੇ ਬਣਾਉਣ ਦਾ ਨੈਰੇਟਿਵ’ ਸਮੇਂ ਦੀ ਇੰਡੀਅਨ ਫਾਸ਼ੀਵਾਦੀ ਸਟੇਟ, ਕਾਂਗਰਸ ਸਰਕਾਰ ਅਤੇ ਫਾਸ਼ੀਵਾਦੀ ਮੀਡੀਆ ਵੱਲੋਂ ਘੜਿਆ ਗਿਆ ਸੀ। ਦੁੱਖ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਅਚੇਤ/ਸੁਚੇਤ ਪੱਧਰ ‘ਤੇ ਇਸ ਨੂੰ ਦੰਗੇ ਕਹਿ ਰਹੇ ਹਨ। ਅੱਜ ਦੁਨੀਆਂ ਭਰ ਦਾ ਹਰ ਸਿੱਖ/ਸਿੱਖ ਬੱਚਾ- ਬੱਚਾ ਇਹ ਜਾਣ ਚੁੱਕਿਆ ਹੈ ਕਿ 1984 ਵਿਚ ਸਿੱਖ ਕਤਲੇਆਮ ਅਤੇ ਸਿੱਖ ਨਸਲਕੁਸ਼ੀ ਹੋਈ ਸੀ, ਪਰ ”ਉਨੀ ਸੌ ਚੌਰਾਸੀ ਸਿੱਖ ਦੰਗੇ” ਬਿਆਨਣ ਵਾਲੇ ਇਹ ਸ਼ਬਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਮੂੰਹੋਂ ਨਿਕਲਣੇ ਮੰਦਭਾਗੇ ਵੀ ਹਨ ਅਤੇ ਗੰਭੀਰ ਚਿੰਤਾ ਦਾ ਵਿਸ਼ਾ ਵੀ ਹਨ। ਦੁੱਖ ਇਸ ਗੱਲ ਦਾ ਹੈ ਕਿ ਉਨ੍ਹਾਂ ਦੇ ਨਾਲ ਬੈਠੇ ਨਵ-ਨਿਯੁਕਤ ਅਗਜੈਕਟਿਵ ਮੈਂਬਰ, ਵਿਸ਼ੇਸ਼ਕਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਹੁਰਾਂ ਨੇ ਵੀ ਉਨ੍ਹਾਂ ਨੂੰ ਟੋਕਿਆ ਨਹੀਂ ਅਤੇ ਇਸ ਗਲਤੀ ਦੀ ਸੋਧ ਨਹੀਂ ਕੀਤੀ, ਇਹ ਵੀ ਬਹੁਤ ਦੁਖਦਾਈ ਹੈ। ਸਿੱਖ ਨਸਲਕੁਸ਼ੀ ਦੇ ਦੁਖਾਂਤ ਦੇ ਇਨਸਾਫ ਲਈ ਲੜਨ ਦਾ ਦਾਅਵਾ ਕਰਨ ਵਾਲੇ ਜੇ ਇਸ ਨੂੰ ਉੱਨੀ ਸੌ ਚੁਰਾਸੀ ਦੇ ਦੰਗੇ ਕਹਿਣਗੇ, ਤਾਂ ਫਿਰ ਮੀਡੀਆ ਜਾਂ ਵਿਰੋਧੀ ਧਿਰਾਂ ਇਸ ਨੂੰ ਦੰਗੇ ਕਿਉਂ ਨਹੀਂ ਕਹਿਣਗੀਆਂ? ਚਾਹੀਦਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਨ੍ਹਾਂ ਸ਼ਬਦਾਂ ਨੂੰ ਤੁਰੰਤ ਸੋਧਣ, ਇਸ ਦੀ ਖਿਮਾ ਜਾਚਨਾ ਲਈ ਪਸ਼ਚਾਤਾਪ ਕਰਨ ਅਤੇ ਪਛਤਾਵੇ ਵਜੋਂ ਵਾਰ -ਵਾਰ ਇਸ ਗੱਲ ‘ਤੇ ਜ਼ੋਰ ਦੇਣ ਕਿ ”ਇਹ ਦੰਗੇ ਨਹੀਂ ਸਨ ਕਤਲੇਆਮ ਸੀ ਨਸਲਕੁਸ਼ੀ ਸੀ”। ਜਥੇਦਾਰ ਸਾਹਿਬਾਨ ਨੂੰ ਵੀ ਤੁਰੰਤ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ ਤਾਂ ਕਿ ਸਿੱਖ ਕਤਲੇਆਮ ਨੂੰ ਸਿੱਖ ਦੰਗੇ ਕਹਿਣ ਵਾਲਾ ਵਰਤਾਰਾ ਬੰਦ ਹੋਵੇ। ਅਜਿਹੀ ਗਲਤੀ ਕਰਨ ਵਾਲਿਆਂ ਨੂੰ ਤਾੜਨਾ ਕਰਨੀ ਚਾਹੀਦੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ”ਉਨੀ ਸੌ ਚੌਰਾਸੀ ਦੰਗੇ” ਕਿਹਾ ਗਿਆ, ਉਸ ਵੇਲੇ ਚੁੱਪ ਵੱਟਣ ਵਾਲੇ ਐਗਜ਼ੈਕਟਿਵ ਮੈਂਬਰਾਂ ਨੂੰ ਵੀ ਇਸ ਦੀ ਮੁਆਫੀ ਮੰਗਣੀ ਚਾਹੀਦੀ ਹੈ। ਮੀਡੀਏ ਨੂੰ ਵੀ ਸੁਚੇਤ ਹੋ ਕੇ ਸਿੱਖ ਕਤਲੇਆਮ ਲਿਖਣਾ ਬਣਦਾ ਹੈ, ਨਾ ਕਿ ਸਿੱਖ ਵਿਰੋਧੀ ਦੰਗੇ। ਉਮੀਦ ਹੈ ਕਿ ਇਸ ”ਗਲਤ ਨੈਰੇਟਿਵ” ਨੂੰ ਤੋੜਨ ਲਈ ਤੁਰੰਤ ਸ਼੍ਰੋਮਣੀ ਕਮੇਟੀ ਆਗੂ ਇਸ ਲਈ ਗੁਰੂ ਰਾਮਦਾਸ ਜੀ ਦੇ ਦਰਬਾਰ ਜਾ ਕੇ ਮੁਆਫ਼ੀ ਮੰਗਣਗੇ ਅਤੇ ਸਿੱਖ ਜਗਤ ਕੋਲੋਂ ਵੀ ਮੁਆਫੀ ਮੰਗਣਗੇ।
ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.) ਐਬਟਸਫੋਰਡ, ਕੈਨੇਡਾ
[email protected],604-825-1550
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …