ਬਰੈਂਪਟਨ : ਹਰ ਐਤਵਾਰ, ਐਮਪੀ ਰਾਜ ਗਰੇਵਾਲ ‘ਗੋਰ ਮੀਡੋਜ ਕਮਿਊਨਿਟੀ ਸੈਂਟਰ’ ਵਿਖੇ ਬਰੈਂਪਟਨ ਈਸਟ ਦੇ ਬਾਸਕਟਬਾਲ ਖੇਡਣ ਲਈ ਆਏ ਨੌਜਵਾਨ ਕੈਨੇਡੀਅਨਾਂ ਨੂੰ ਜੀ ਆਇਆਂ ਕਹਿੰਦਾ ਹੈ ਅਤੇ ਉਨ੍ਹਾਂ ਦੀ ਮਹਿਮਾਨ ਨਿਵਾਜੀ ਕਰਦਾ ਹੈ। ਇਹ ਕੈਨੇਡੀਅਨ ਚੜ੍ਹਦੀ-ਜੁਆਨੀ ਨੂੰ ਸਟ੍ਰੀਟਾਂ ਦੇ ਭੀੜ ਭੜੱਕੇ ਤੋਂ ਦੂਰ ਰੱਖਣ ਅਤੇ ਆਪਣੀ ਸ਼ਕਤੀ ਨੂੰ ਬਾਸਕਟ ਬਾਲ ਖੇਡਣ ਦਾ ਹੁਨਰ ਸਿੱਖਣ ਤੇ ਸਿਖਰਾਂ ‘ਤੇ ਲੈ ਜਾਣ ਦਾ ਇੱਕ ਅਦਭੁਤ ਅਵਸਰ ਹੈ। ਜਿਸ ਵਿੱਚ ਇੱਕ ਦੂਜੇ ਨਾਲ਼ ਇੱਕ ਸੁਰ ਹੋ ਕੇ ਕਾਰਜ ਕਰਨ ਦੀ ਸੁਹਿਰਦ ਸਿੱਖਿਆ ਮਿਲ਼ਦੀ ਹੈ, ਆਪਸੀ ਮਾਣ-ਸਤਿਕਾਰ ਦੀ ਭਾਵਨਾ ਰੋਮ-ਰੋਮ ਵਿੱਚ ਰਚਦੀ ਹੈ ਅਤੇ ਵੰਗਾਰਾਂ ਨਾਲ਼ ਟੱਕਰ ਲੈਣ ਤੇ ਸਫਲਤਾ ਪ੍ਰਾਪਤ ਕਰਨ ਦੇ ਵਿਸ਼ਵਾਸ ਦੀ ਰੁਚੀ ਪੱਕੇ ਪੈਰੀਂ ਹੁੰਦੀ ਹੈ।
ਐੰਮਪੀ ਗਰੇਵਾਲ ਦਾ ਇਹ ਪਰਪੱਕ ਯਕੀਨ ਹੈ ਕਿ ਕੈਨੇਡਾ ਦੀ ਚੜ੍ਹਦੀ ਜੁਆਨੀ ਨੂੰ, ਇੱਕ ਦੂਜੇ ਨਾਲ਼ ਮੇਲਜੋਲ ਵਧਾਉਣ ਲਈ ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਨ ਵਿੱਚ ਵੱਧ ਤੋਂ ਵੱਧ ਅਵਸਰ ਪ੍ਰਾਪਤ ਹੋਣੇ ਚਾਹੀਦੇ ਹਨ। ਵੱਖੋ ਵੱਖ ਸੱਭਿਆਚਾਰ ਵਾਲ਼ੇ ਲੋਕਾਂ ਨੂੰ ਪੂਰੀ ਤਰਾਂ ਮਿਲ਼ਣ-ਜੁਲਣ ਅਤੇ ਇੱਕਸੁਰ ਹੋ ਕੇ ਮਹਾਨ ਪ੍ਰਾਪਤੀਆਂ ਕਰਨ ਦੇ ਮੌਕੇ ਪ੍ਰਦਾਨ ਕਰਨ ਦਾ ਸਿਹਰਾ ਸਦਾ ਹੀ ਖੇਡਾਂ ਅਤੇ ਖੇਡ ਮੈਦਾਨਾਂ ਦੇ ਸਿਰ ਬੱਝਦਾ ਰਿਹਾ ਹੈ। ਇਸੇ ਲਈ ਇਹ ਬਹੁਤ ਹੀ ਮਹੱਤਵ ਪੂਰਨ ਹੈ ਕਿ ਬੱਚਿਆਂ ਦੇ ਖੇਡਣ-ਮੱਲਣ ਲਈ ਸੁਰੱਖਿਅਤ ਅਤੇ ਸੁਖਾਵਾਂ ਵਾਤਾਵਰਨ ਪੈਦਾ ਕੀਤਾ ਜਾਵੇ।
ਬਹੁਤੇ ਐਤਵਾਰਾਂ ਨੂੰ 2 ਤੋਂ 5 ਵਜੇ ਸ਼ਾਮ ਦੇ ਵਿਚਕਾਰ ਐੰਮਪੀ ਗਰੇਵਾਲ ਖੇਡ ਮੈਦਾਨ ਵਿੱਚ ਹੀ ਮਿਲ਼ਦਾ ਹੈ ਜਿੱਥੇ ਉਹ ਬਰੈਂਪਟਨ ਈਸਟ ਦੇ ਨੌਜਵਾਨ ਖਿਡਾਰੀਆਂ ਨਾਲ਼ ਰੂਹ ਤੀਕਰ ਰਚ-ਮਿਚ ਜਾਂਦਾ ਹੈ। ਬਰੇਕ ਦੇ ਸਮਿਆਂ ਵਿੱਚ ਐੰਮਪੀ ਗਰੇਵਾਲ ਖਿਡਾਰੀਆਂ ਨਾਲ਼ ਸੰਵਾਦ ਰਚਾਉਂਦਾ ਹੈ ਤੇ ਉਨਾਂ ਦੀ ਗੱਲਬਾਤ ਦਾ ਧੁਰਾ ਸਕੂਲ, ਟੋਰਾਂਟੋ ਰੈਪਟਰਜ਼ ਅਤੇ ਉਨਾਂ ਜਾਂ ਭਾਈਚਾਰੇ ਉੱਤੇ ਅਸਰ ਪਾਉਣ ਵਾਲ਼ੇ ਮੁੱਦਿਆਂ ਸਬੰਧੀ ਹੁੰਦਾ ਹੈ।
ਇਨ੍ਹਾਂ ਖੇਡਾਂ ਵਿੱਚ ਵੱਖੋ-ਵੱਖ ਉਮਰਾਂ ਦੇ ਖਿਡਾਰੀ ਭਾਗ ਲੈਂਦੇ ਹਨ। ਇਸ ਪੱਖ ਦੀ ਪ੍ਰਾਪਤੀ ਐੰਮਪੀ ਗਰੇਵਾਲ ਨੂੰ ਇਹ ਹੁੰਦੀ ਹੈ ਕਿ ਉਹ ਹਰ ਉਮਰ ਦੇ ਨੌਜਵਾਨਾਂ ਦੀਆਂ ਸਮਰੱਥਾਵਾਂ ਅਤੇ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਹੋ ਜਾਂਦਾ ਹੈ। ਪਿਛਲੇ ਕਈ ਮਹੀਨਿਆਂ ਦੇ ਸਮੇਂ ਵਿੱਚ, ਬਹੁਤ ਸਾਰੇ ਨੌਜਵਾਨ ਬੱਚੇ ਬਾਸਕਟ ਬਾਲ ਨਾਲ਼ ਜੁੜੇ ਹਨ ਅਤੇ ਉਨਾਂ ਦਾ ਨਿਰੰਤਰ ਵਿਕਾਸ਼ ਹੋਇਆ ਹੈ। ਅਜੇਹਾ ਸੁਖਾਵਾਂ ਵਾਤਾਵਰਨ ਜਵਾਨਾਂ ਲਈ ਸੁਰੱਖਿਅਤ ਸਮਾਂ ਤੇ ਸਥਾਨ ਪ੍ਰਦਾਨ ਕਰਨ ਦਾ ਵਰਦਾਨ ਪੈਦਾ ਕਰਦਾ ਹੈ ਜਿਸ ਵਿੱਚ ਉਹ ਨਵੇਂ ਦੋਸਤ ਬਣਾ ਸਕਦੇ ਹਨ ਅਤੇ ਐਮਪੀ ਗਰੇਵਾਲ ਨਾਲ਼ ਆਪਣੇ ਵਿਚਾਰਾਂ ਦਾ ਨਿਝੱਕ ਵਟਾਂਦਰਾ ਕਰ ਸਕਦੇ ਹਨ। ਐਮਪੀ ਗਰੇਵਾਲ ਖੇਡਾਂ ਨੂੰ ਰੂਹ ਤੋਂ ਪਿਆਰ ਕਰਦਾ ਹੈ ਅਤੇ ਕਹਿੰਦਾ ਹੈ, “ਕੈਨੇਡਾ ਵਿੱਚ ਬਾਸਕਟ ਬਾਲ ਬਹੁਤ ਹੀ ਤੇਜੀ ਨਾਲ਼ ਵਧ ਰਿਹਾ ਹੈ। ਇਸ ਖੇਡ ਲਈ ਤੁਹਾਨੂੰ ਕੇਵਲ ਦੋ ਚੀਜਾਂ ਦੀ ਲੋੜ ਹੈ ਂ ਇੱਕ ਬਾਸਕਟ ਬਾਲ ਅਤੇ ਇੱਕ ਰਿੰਗ।
ਤਨ-ਮਨ ਵਿੱਚ ਮੁਹਾਰਤ ਦੇ ਹਰ ਮਹੱਤਵ ਪੂਰਨ ਗੁਣ ਭਰ ਦੇਣ ਦੀ ਸਮਰੱਥਾ ਰੱਖਦੀ ਹੈ ਬਾਸਕਟ ਬਾਲ ਦੀ ਖੇਡ, ਜੋ ਜੀਵਨ ਵਿੱਚ ਸਫਲ ਹੋਣ ਲਈ ਹਰ ਪਲ ਅਤੇ ਹਰ ਤਲ (ਪੱਧਰ) ‘ਤੇ ਸਹਾਈ ਹੁੰਦੀ ਹੈ।”
Check Also
ਭਾਰਤ ਅਤੇ ਮਾਲਦੀਵ ਵਿਚਾਲੇ ਕਰੰਸੀ ਅਦਲਾ-ਬਦਲੀ ਸਮਝੌਤਾ
ਪੀਐਮ ਨਰਿੰਦਰ ਮੋਦੀ ਨੇ ਮਾਲਦੀਵ ਨੂੰ 40 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਨਵੀਂ ਦਿੱਲੀ/ਬਿਊਰੋ …