Breaking News
Home / ਹਫ਼ਤਾਵਾਰੀ ਫੇਰੀ / ਭਾਰਤ ਪਹੁੰਚੇ ਪੰਜ ਰਾਫੇਲ ਲੜਾਕੂ ਜਹਾਜ਼

ਭਾਰਤ ਪਹੁੰਚੇ ਪੰਜ ਰਾਫੇਲ ਲੜਾਕੂ ਜਹਾਜ਼

ਭਾਰਤੀ ਪਾਇਲਟਾਂ ਦੀ ਅਗਵਾਈ ਕਰ ਰਹੇ ਸਨ ਗਰੁੱਪ ਕੈਪਟਨ ਹਰਕੀਰਤ ਸਿੰਘ
ਅੰਬਾਲਾ/ਬਿਊਰੋ ਨਿਊਜ਼
ਭਾਰਤੀ ਹਵਾਈ ਫੌਜ ਦੀ ਸ਼ਕਤੀ ਵਿਚ ਹੋਰ ਵਾਧਾ ਹੋ ਗਿਆ ਹੈ। ਫਰਾਂਸ ਤੋਂ ਉਡਾਣ ਭਰਨ ਮਗਰੋਂ ਪੰਜ ਰਾਫ਼ੇਲ ਲੜਾਕੂ ਜਹਾਜ਼ ਬੁੱਧਵਾਰ ਨੂੰ ਭਾਰਤ ਪਹੁੰਚ ਗਏ ਤੇ ਅੰਬਾਲਾ ਵਿਚ ਇਨ੍ਹਾਂ ਦੀ ਸਫਲ ਲੈਂਡਿੰਗ ਹੋ ਗਈ। ਰਾਫੇਲ ਜਹਾਜ਼ਾਂ ਨੂੰ ਫਰਾਂਸ ਤੋਂ ਭਾਰਤ ਲਿਆਉਣ ਵਾਲੇ ਭਾਰਤੀ ਪਾਇਲਟਾਂ ਦੀ ਟੀਮ ਦੀ ਅਗਵਾਈ ਗਰੁੱਪ ਕੈਪਟਨ ਹਰਕੀਰਤ ਸਿੰਘ ਕਰ ਰਹੇ ਸਨ। ਅੰਬਾਲਾ ਵਿਖੇ ਜਹਾਜ਼ਾਂ ਦੀ ਲੈਂਡਿੰਗ ਮੌਕੇ ਹਵਾਈ ਫੌਜ ਦੇ ਮੁਖੀ ਆਰ. ਕੇ. ਐੱਸ. ਭਦੌਰੀਆ ਵੀ ਹਾਜ਼ਰ ਸਨ। ਫਰਾਂਸ ਤੋਂ ਮਿਲਣ ਵਾਲੀ ਰਾਫ਼ੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ। ਇਨ੍ਹਾਂ ਜਹਾਜ਼ਾਂ ਨੇ ਮੰਗਲਵਾਰ ਨੂੰ ਫਰਾਂਸ ਤੋਂ ਉਡਾਣ ਭਰੀ ਸੀ ਅਤੇ ਬੁੱਧਵਾਰ ਨੂੰ ਸਵਾ ਤਿੰਨ ਵਜੇ ਇਹ ਅੰਬਾਲਾ ਪਹੁੰਚੇ। ਧਿਆਨ ਰਹੇ ਕਿ 22 ਸਾਲ ਬਾਅਦ ਭਾਰਤ ਨੂੰ 5 ਨਵੇਂ ਲੜਾਕੂ ਜਹਾਜ਼ ਮਿਲੇ ਹਨ ਅਤੇ ਇਸ ਤੋਂ ਪਹਿਲਾਂ 1997 ਵਿਚ ਭਾਰਤ ਨੂੰ ਰੂਸ ਕੋਲੋਂ ਸੁਖੋਈ ਜਹਾਜ਼ ਮਿਲੇ ਸਨ।
ਜ਼ਿਕਰਯੋਗ ਹੈ ਕਿ ਰਾਫ਼ੇਲ ਜਹਾਜ਼ਾਂ ਨੂੰ ਵਿਸ਼ਵ ਪੱਧਰ ‘ਤੇ ਸਭ ਤੋਂ ਸ਼ਕਤੀਸ਼ਾਲੀ ਲੜਾਕੂ ਜਹਾਜ਼ਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਭਾਰਤੀ ਸਰਹੱਦ ਵਿਚ ਦਾਖ਼ਲ ਹੋਣ ਤੋਂ ਬਾਅਦ ਰਾਫ਼ੇਲ ਜਹਾਜ਼ਾਂ ਦੀ ਅਗਵਾਈ ਦੋ ਸੁਖੋਈ 30 ਐਮ.ਕੇ.ਆਈ. ਜਹਾਜ਼ਾਂ ਵਲੋਂ ਕੀਤੀ ਗਈ ਅਤੇ ਅੰਬਾਲਾ ਵਿਚ ਉਤਰਨ ਤੋਂ ਬਾਅਦ ਇਨ੍ਹਾਂ ਨੂੰ ਪਾਣੀ ਦੀਆਂ ਬੁਛਾੜਾਂ ਨਾਲ ਸਲਾਮੀ ਦਿੱਤੀ ਗਈ। ਐਨ. ਡੀ. ਏ. ਸਰਕਾਰ ਨੇ 23 ਸਤੰਬਰ 2016 ਨੂੰ ਫ੍ਰੈਂਚ ਏਅਰੋਸਪੇਸ ਮੁੱਖ ਕੰਪਨੀ ਦਸਾਲਟ ਏਵੀਏਸ਼ਨ ਨਾਲ 36 ਰਾਫ਼ੇਲ ਜਹਾਜ਼ ਖ਼ਰੀਦਣ ਲਈ 59000 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਇਨ੍ਹਾਂ ਜਹਾਜ਼ਾਂ ਨੂੰ ‘ਗੋਲਡਨ ਐਰੋ’ ਕਹੀ ਜਾਣ ਵਾਲੀ 17 ਸਕੁਐਡਰਨ ਵਿਚ ਸ਼ਾਮਿਲ ਕੀਤਾ ਗਿਆ ਹੈ। ਸਾਲ 2021 ਦੇ ਆਖ਼ਰ ਤੱਕ ਸਾਰੇ 36 ਰਾਫ਼ੇਲ ਜਹਾਜ਼ ਭਾਰਤ ਨੂੰ ਮਿਲ ਜਾਣਗੇ।

ਭਾਰਤੀ ਹਵਾਈ ਫੌਜ ਕਿਸੇ ਵੀ ਸਮੱਸਿਆ ਨਾਲ ਨਜਿੱਠਣ ਲਈ ਹੋਈ ਮਜ਼ਬੂਤ : ਰਾਜਨਾਥ
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰਾਫੇਲ ਦੇ ਆਉਣ ਨਾਲ ਭਾਰਤੀ ਹਵਾਈ ਫੌਜ ਭਾਰਤ ਅੱਗੇ ਆਉਣ ਵਾਲੀ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ‘ਜਿਹੜੇ ਭਾਰਤ ਦੀ ਖੇਤਰੀ ਅਖੰਡਤਾ ਲਈ ਖ਼ਤਰਾ ਖੜ੍ਹਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ ਇਸ ਦੀ ਨਵੀਂ ਸਮਰੱਥਾ ਤੋਂ ਫ਼ਿਕਰਮੰਦ ਹੋਣਾ ਚਾਹੀਦਾ ਹੈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਫੇਲ ਜਹਾਜ਼ਾਂ ਦੇ ਸਵਾਗਤ ਵਿਚ ਟਵੀਟ ਕੀਤਾ।
ਗਰੁੱਪ ਕੈਪਟਨ ਹਰਕੀਰਤ ਸਿੰਘ ਨੇ ਸਭ ਤੋਂ ਪਹਿਲਾਂ ਕੀਤੀ ਲੈਂਡਿੰਗ
‘ਸ਼ੌਰੀਆ ਚੱਕਰ’ ਨਾਲ ਸਨਮਾਨਿਤ ਅਤੇ ‘ਗੋਲਡਨ ਐਰੋ ਸਕੁਐਡਰਨ’ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਨੇ ਸਭ ਤੋਂ ਪਹਿਲਾਂ ਜਹਾਜ਼ ਰਨਵੇਅ ‘ਤੇ ਲਾਹਿਆ। ਮਗਰੋਂ ਬਾਕੀ ਚਾਰ ਜਹਾਜ਼ਾਂ ਨੂੰ ਵਾਰੋ-ਵਾਰੀ ਲੈਂਡ ਕਰਵਾਇਆ ਗਿਆ। ਵਿੰਗ ਕਮਾਂਡਰ ਮਨੀਸ਼ ਸਿੰਘ ਅਤੇ ਅਭਿਸ਼ੇਕ ਤ੍ਰਿਪਾਠੀ ਵੀ ਰਾਫੇਲ ਨੂੰ ਫਰਾਂਸ ਤੋਂ ਉਡਾ ਕੇ ਭਾਰਤ ਲਿਆਉਣ ਵਾਲਿਆਂ ਵਿਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਹਰਕੀਰਤ ਸਿੰਘ ਹਵਾਈ ਸੈਨਾ ਦੇ ਉਹ ਅਧਿਕਾਰੀ ਹਨ ਜਿਨ੍ਹਾਂ ਇੰਜਣ ਖ਼ਰਾਬ ਹੋਣ ਦੇ ਬਾਵਜੂਦ ਜਾਨ ਖ਼ਤਰੇ ਵਿਚ ਪਾ ਕੇ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਸੀ। ਉਨ੍ਹਾਂ ਦੀ ਪਤਨੀ ਵੀ ਵਿੰਗ ਕਮਾਂਡਰ ਵਜੋਂ ਅੰਬਾਲਾ ਏਅਰਬੇਸ ‘ਤੇ ਤਾਇਨਾਤ ਹੈ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …