Breaking News
Home / ਰੈਗੂਲਰ ਕਾਲਮ / ਫਨਕਾਰ ਤਾਂ ਜੋੜਦੇ ਨੇ…

ਫਨਕਾਰ ਤਾਂ ਜੋੜਦੇ ਨੇ…

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਹੁਣੇ ਜਿਹੀ ਗਿੱਪੀ ਗਰੇਵਾਲ ਆਪਣੇ ਵੱਡੇ ਭਰਾ ਸਿੱਪੀ ਗਰੇਵਾਲ ਨਾਲ ਪਾਕਿਸਤਾਨ ਦੀ ઠਫੇਰੀ ਤੋਂ ਪਰਤਿਆ ਹੈ। ਗਿੱਪੀ ਗਰੇਵਾਲ ਨੂੰ ਪਾਕਿਸਤਾਨੋ ਮਿਲਿਐ ਵਡੇਰਿਆਂ ਦਾ ਮੋਹ! ਉਹ ਨਿਹਾਲੋ ਨਿਹਾਲ ਹੋ ਕੇ ਆਇਆ ਹੈ। ਮੈਨੂੰ ਜਾਪਿਆ ਹੈ ਕਿ ਪਹਿਲੀ ਵਾਰ ਕਿਸੇ ਪੰਜਾਬੀ ਅਦਾਕਾਰ ਜਾਂ ਗਾਇਕ ਨੂੰ ਖੁੱਲ੍ਹ ਕੇ ਆਪਣੇ ਪੂਰਵਜਾਂ ਦੀ ਧਰਤੀ ਤੇ ਮੋਹ ਭਰੀ ਮਿੱਟੀ ਉਤੇ ਵਿਚਰਣ ਤੇ ਪਾਰੋਂ ਬੈਠੇ ਆਪਣਿਆਂ ਨਾਲ ਦਿਲੋਂ ਬਗਲਗੀਰ ਹੋਣ ਦਾ ਵਾਹਵਾ ਮੌਕਾ ઠਨਸੀਬ ਹੋਇਐ। ਸਾਰੇ ਦਾ ਸਾਰਾ ਵਿਆਹ ਵਰਗਾ ਮਾਹੌਲ ਹੈ। ਪਿੰਡ ઠ ਚੱਕ 47 ਮਨਸੂਰਾ (ਫੈਸਲਾਬਾਦ) ਖੁਸ਼ ਹੈ, ਪਾਰੋਂ ਆਇਆ ਕੋਈ ਆਪਣਾ! ਅੱਗੜ ਪਿੱਛੜ ਭਜਦੇ ਨਹੀਂ ਥੱਕਦੇ ਪਿੰਡ ਵਾਸੀ, ਕੀ ਨਿਆਣਾ ਕੀ ਸਿਆਣਾ! ਚਾਨਣੀਆਂ ਕਨਾਤਾਂ ਲੱਗੀਆਂ ਨੇ। ਫੁੱਲ ਬਰਸ ਰਹੇ ਨੇ ਤੇ ਹਾਰ ਪੈ ਰਹੇ ਨੇ। ਕਿਤੇ ਮੇਲਾ ਤੁਰਿਆ ਜਾਂਦਾ ਲੱਗਦੈ। ਕਿਤੇ ਅੱਖਾਂ ਨਮ ਨੇ। ઠਅੱਧ ਪੱਕੀਆਂ ਗਲੀਆਂ ਵੀ ਪ੍ਰਸੰਨ ਨੇ, ਕੋਈ ਆਇਐ, ਜਿਹਦੇ ਬਾਬੇ ਇਥੇ ਜੰਮੇ ਪਲੇ। ਖੇਤ ਵਾਹੇ। ਹਵੇਲੀਆਂ ਵਾਲੇ ਸਰਦਾਰ ਖੁੱਲੇ ਖੇਤਾਂ ਦੇ ਮਾਲਕ ਸਨ। ਜੱਦੀ ਘਰ ਦੇ ਬੂਹੇ ਨੂੰ ਜਿਹੜਾ ਨਿਓਲੀ ਜੰਦਰਾ ਅੜਿਆ, ਗਿੱਪੀ ਦੇ ਹੱਥ ਵਿੱਚ ਫੜਿਆ, ਨਾਲ ਸਿੱਪੀ ਖੜ੍ਹਿਆ, ਨਾ ਹੁਣ ਅਜਿਹੇ ਜੰਦਰੇ ਰਹੇ, ਨਾ ਬੂਹੇ ਤੇ ਨਾ ਬੰਦੇ। ਸੋ, ਜੰਦਰਾ ਤੋਹਫੇ ਵਜੋਂ ਦਿੱਤਾ ਇਹਨਾਂ ਨੂੰ। ਲੋਕਾਂ ਨੇ ਦੱਸਿਆ ਕਿ 1800 ਸੰਨ ਦਾ ਬਣਿਆ ਜੰਦਰਾ ਹੈ। ਜ਼ਰੂਰ ਓਸ ਜੰਦਰੇ ਨੂੰ ਦਾਦਿਆਂ-ਪੜਦਾਦਿਆਂ ਦੇ ਹੱਥ ਲੱਗੇ ਹੋਣੇ।
ਵੀਡੀਓਜ਼ ਵਿਚ ਦੇਖਿਆ ਕਿ ਕਿਤੇ ਗਲਵੱਕੜੀਆਂ ਨੇ ਤੇ ਕਿਤੇ ਅਤੀਤ ਵਿਚ ਗੁਆਚ ਜਾਣ ਦੇ ਜਜ਼ਬਾਤੀ ਪਲ ઠਨੇ। ਗਿੱਪੀ ਦੱਸਦਾ ਹੈ ਕਿ ਦੇਰ ਪਹਿਲਾਂ ਉਹੇ ਨਾਸਿਰ ਅਲੀ ਵਲੋਂ ਇੱਕ ਬਜ਼ੁਰਗ ਅਨਵਰ ਅਲੀ ਦੀ ਕੀਤੀ ਹੋਈ ਇੰਟਰਵਿਊ ਦੇਖੀ ਸੀ, ਬਜ਼ੁਰਗ ਨੇ ਆਪਣੀਆਂ ਗੱਲਾਂ ਬਾਤਾਂ ਵਿਚ ਗਿੱਪੀ ਹੁਰਾਂ ਦੇ ਬਜ਼ੁਰਗਾਂ ਦਾ ਜ਼ਿਕਰ ਕਰ ਦਿੱਤਾ, ਖਾਸ ਕਰਕੇ ਤਾਏ ਦਾ। ਗਿੱਪੀ ਹੁਰਾਂ ਦੇ ਪਿਤਾ ਹੁਰਾਂ ਵੀ ਉਹਨਾਂ ਨੂੰ ਦੱਸਿਆ ਹੋਇਆ ਸੀ ਤੇ ਦੂਜੀ ਖਿੱਚ ਸੀ ਬਾਬੇ ਦੇ ਦਰ ਉਤੇ ਸਿਰ ਨਿਵਾਉਣ ਦੀ।
ਨਨਕਾਣਾ ਸਾਹਿਬ ਤੋਂ ਮੱਥਾ ਟੇਕ ਲਾਹੌਰ ਵੀ ਜਾ ਆਏ। ਪੰਜਾ ਸਾਹਿਬ ਵੀ ਮੱਥਾ ਟੇਕਣ ਦੀ ਆਸ ਪੂਰੀ ਹੋ ਗਈ। ਉਧਰਲੇ ਕਈ ਫ਼ਨਕਾਰ ਅਕਰਮ ਰਾਹੀ ਤੇ ਇਫਤਿਆਰ ਠਾਕੁਰ ਵਰਗੇ ਧਾਹ ਕੇ ਮਿਲੇ। ਅਨਵਰ ਵੀ ਮਿਲਿਆ। ਸਿਡਨੀ ਤੋਂ ਸੁੱਖਾ, ਸੰਗੀਤਕਾਰ ਭਾਨਾ, ਆਸਟਰੇਲੀਆ ਵਾਲਾ ਸਰਪੰਚ ਵੀ ਨਾਲ ਸਨ ਕੁਲ ਪੰਜ ਜਣੇ।
ਲੱਪਾਂ ਲੱਪ ਮੋਹ ਮਿਲਿਐ ਇਸ ਫਨਕਾਰ ਨੂੰ ਆਪਣੇ ਬਾਬਿਆਂ ਦੀ ਧਰਤੀ ਉਤੋਂ। ਅਜਿਹਾ ਬਹੁਤ ਘੱਟ ਹੁੰਦੈ, ਕਦੀ ਕਦਾਈਂ। ਮੈਂ ਸਮਝਦਾ ਹਾਂ ਕਿ ਫਨਕਾਰ ਜੋੜਦੇ ਨੇ, ਰਾਜਸੀ ਲੋਕ ਤੋੜਦੇ ਨੇ। ਫਨਕਾਰ ਸੂਈ ਦਾ ਕੰਮ ਕਰਦੇ ਨੇ ਸਿਊਣ ਦਾ, ਤੇ ਰਾਜਸੀ ਬੰਦੇ ਕੈਂਚੀ ਦਾ, ઠਦਾ ਕੰਮ ਕਰਦੇ ਨੇ ਕੱਟਣ ਦਾ। ਸਾਡੇ ਫਨਕਾਰਾਂ ਨੂੰ ਵਾਰ ਵਾਰ ਜਾਣਾ ਚਾਹੀਦੈ। ਸਦਭਾਵਨਾ ਤੇ ਸਾਂਝ ਪਕੇਰੀ ਹੁੰਦੀ ਹੈ। ਮੋਹ ਉਛਲਦਾ ਹੈ। ਕਲਾਵੇ ਭਰੀਂਦੇ ਨੇ।
ਮੈਂ ਆਪਣੇ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਬਾਰੇ ਇਕ ਥਾਂ ਲਿਖਿਆ ਸੀ ਕਿ ਉਸਤਾਦ ਬੜਾ ਓਦਰ ਗਿਆ ਸੀ ਆਪਣੇ ਵਤਨੀਂ ਫੇਰੀ ਪਾਉਣ ਨੂੰ, ਲਾਇਲਪੁਰ ਦੀਆਂ ਗਲੀਆਂ ਗਾਹੰਣ ઠਨੂੰ, ਜਿੱਥੇ ਓਸ ਬਾਲ ਨੇ ਨਿੱਕੇ ਪੈਰਾਂ ਨਾਲ ਪੈੜਾਂ ਪਾਈਆਂ ਸਨ। ਸੱਦੇ ਵੀ ਆਏ ਕਿ ਯਮਲਾ ਜੀ ਆਓ ਪਰ ਭਾਗਾਂ ਵਿਚ ਨਹੀਂ ਸੀ। ਉਸਤਾਦ ਜੀ ਦੀ ਓਧਰ ਵੀ ਓਨੀ ਹੀ ਸ਼ੋਭਾ ਸੀ ਜਿੰਨੀ ਏਧਰ ਸੀ। ਉਹ ਆਖਦੇ ਸਨ ਕਿ ਕਲਾਕਾਰ ਜੋੜਨ ਦਾ ਕੰਮ ਕਰੇ ਲੋਕਾਈ ਨੂੰ, ਤੋੜੇ ਬਿਲਕੁਲ ਨਾ…। ਇੱਕ ਥਾਂ ਲਿਖਦੇ ਹਨ:
ਕਲਾਕਾਰ ਇੱਕ ਉਹ ਹੈ ਜੱਟਾ
ਲਾ ਮਜ਼ਬ ਜੋ ਹੋਵੇ
ਜਿੱਥੇ ਭੀੜ ਬਣੇ ਦੁਨੀਆਂ ઑਤੇ
ਉਥੇ ਜਾ ਖਲੋਵੇ
ਖੈਰ! ਗਿੱਪੀ ਵੀਰ, ਤੂੰ ਖੁਸ਼ਕਿਸਮਤ ਹੈਂ। ਤੈਨੂੰ ਮੋਹ ਲੈਣਾ ਵੀ ਆਉਂਦੈ ਤੇ ਦੇਣਾ ਵੀ।
ਜਿਊਂਦਾ ਰਹਿ!

Check Also

ਸਫ਼ਰਨਾਮਾ-ਏ-ਪਾਕਿਸਤਾਨ ਅਤੇ ਹੋਰ…

ਪੁਸਤਕ ਰਿਵਿਊ ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਪੁਸਤਕ ਦਾ ਨਾਮ : ਸਫ਼ਰਨਾਮਾ-ਏ-ਪਾਕਿਸਤਾਨ ਅਤੇ …