Breaking News
Home / ਦੁਨੀਆ / ਲਾਹੌਰ ਮਿਊਜ਼ੀਅਮ ‘ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੀ ਵਾਰ ਲਗਾਈ ਗਈ ਸਿੱਖ ਪ੍ਰਦਰਸ਼ਨੀ

ਲਾਹੌਰ ਮਿਊਜ਼ੀਅਮ ‘ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੀ ਵਾਰ ਲਗਾਈ ਗਈ ਸਿੱਖ ਪ੍ਰਦਰਸ਼ਨੀ

ਪ੍ਰਦਰਸ਼ਨੀ ‘ਚ ਸਿੱਖ ਰਾਜ ਵੇਲੇ ਦੇ ਬੇਸ਼ਕੀਮਤੀ ਤੇਲ ਚਿੱਤਰ, ਜਲ ਚਿੱਤਰਾਂ ਸਮੇਤ ਕਈ ਹੋਰ ਵਸਤੂਆਂ ਸ਼ਾਮਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਲਾਹੌਰ ਮਿਊਜ਼ੀਅਮ ‘ਚ ਪਹਿਲੀ ਵਾਰ ਲਗਾਈ ਗਈ ਸਿੱਖ ਪ੍ਰਦਰਸ਼ਨੀ 30 ਸਤੰਬਰ ਨੂੰ ਸਮਾਪਤ ਹੋਵੇਗੀ। ਲਾਹੌਰ ‘ਚ ਪਿਛਲੇ ਦਿਨੀਂ ਗਵਰਨਰ ਹਾਊਸ ਵਿਖੇ ਕਰਵਾਈ ਗਈ 3 ਰੋਜ਼ਾ ‘ਬਾਬਾ ਗੁਰੂ ਨਾਨਕ ਅਤੇ ਉਨ੍ਹਾਂ ਦਾ ਯੁੱਗ’ ਕੌਮਾਂਤਰੀ ਸਿੱਖ ਕਨਵੈਨਸ਼ਨ ਦੌਰਾਨ 3 ਸਤੰਬਰ ਨੂੰ ਉਕਤ ਪ੍ਰਦਰਸ਼ਨੀ ਦਾ ਉਦਘਾਟਨ ਅਜਾਇਬ-ਘਰ ਦੇ ਪ੍ਰਬੰਧਕ ਤਾਰੀਖ਼ ਮਹਿਮੂਦ ਵਲੋਂ ਕੀਤਾ ਗਿਆ ਸੀ।
ਉਕਤ ਪ੍ਰਦਰਸ਼ਨੀ ‘ਚ ਲਾਹੌਰ ਦਰਬਾਰ ਦੇ ਕੌਮੀ ਖ਼ਜ਼ਾਨੇ ਦੀਆਂ ਕਈ ਇਤਿਹਾਸਕ ਨਿਸ਼ਾਨੀਆਂ ਸਮੇਤ ਸਿੱਖ ਸੰਗਤ ਵਲੋਂ ਲਾਹੌਰ ਮਿਊਜ਼ੀਅਮ ਨੂੰ ਭੇਟ ਕੀਤੀ ਗਈ ਪਾਲਕੀ ਵੀ ਸ਼ਾਮਿਲ ਕੀਤੀ ਗਈ ਹੈ। ਜਿਸ ‘ਚ ਅਜਾਇਬ-ਘਰ ਦੇ ਪ੍ਰਬੰਧਕਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕੀਤਾ ਗਿਆ ਹੈ। ਪ੍ਰਦਰਸ਼ਨੀ ‘ਚ ਸਿੱਖ ਰਾਜ ਵੇਲੇ ਯੂਰਪੀ ਚਿੱਤਰਕਾਰਾਂ ਦੁਆਰਾ ਬਣਾਏ ਬੇਸ਼ਕੀਮਤੀ ਤੇਲ ਚਿੱਤਰ, ਜਲ ਚਿੱਤਰ, ਹਾਥੀ-ਦੰਦ ਚਿੱਤਰ, ਧਾਤੂ ਦੇ ਬਣੇ ਮਾਡਲ ਸਮੇਤ ਕਈ ਹੋਰ ਵਸਤੂਆਂ ਸ਼ਾਮਿਲ ਹਨ। ਉਕਤ ਤੇਲ ਚਿੱਤਰਾਂ ‘ਚ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਦਰਬਾਰ ਵਾਲੀ ਪੇਂਟਿੰਗ, ਮਹਾਰਾਜਾ ਸ਼ੇਰ ਸਿੰਘ ਦੀ ਕੌਂਸਲ ਅਤੇ ਸ਼ੇਰ-ਏ-ਪੰਜਾਬ ਦੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਬੈਠਿਆਂ ਦੀ ਪੇਂਟਿੰਗ ਸਮੇਤ ਸਹਿਜ਼ਾਦਾ ਦਲੀਪ ਸਿੰਘ ਦੀ ਘੋੜੇ ‘ਤੇ ਸਵਾਰੀ ਕਰਦਿਆਂ ਦੀ, ਉਨ੍ਹਾਂ ਦੇ ਪੁੱਤਰ ਫਰੈਡਰਿਕ ਦਲੀਪ ਸਿੰਘ, ਗੁਲਾਬ ਸਿੰਘ ਡੋਗਰਾ, ਧਿਆਨ ਸਿੰਘ ਡੋਗਰਾ, ਤੇਜਾ ਸਿੰਘ, ਮਹਾਰਾਜਾ ਸ਼ੇਰ ਸਿੰਘ, ਸ਼ੇਰ ਸਿੰਘ ਅਟਾਰੀਵਾਲਾ, ਚਤਰ ਸਿੰਘ ਤੇ ਸ਼ਾਮ ਸਿੰਘ ਅਟਾਰੀਵਾਲਾ, ਜਰਨੈਲ ਹਰੀ ਸਿੰਘ ਨਲਵਾ, ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਲਿਬਾਸ ‘ਚ ਹਾਥੀ ‘ਤੇ ਬੈਠੇ ਦੀ ਸਿਲਵਰ ਪੇਂਟਿੰਗ ਵਧੇਰੇ ਵਰਨਣਯੋਗ ਹੈ। ਇਨ੍ਹਾਂ ਚਰਚਿਤ ਪੇਂਟਿੰਗਜ਼ ਦੇ ਇਲਾਵਾ ਮਹਾਰਾਜਾ ਦੀ ਅਖਰੋਟ ਦੀ ਲੱਕੜੀ ਨਾਲ ਬਣੀ ਕੁਰਸੀ, ਜਿਸ ਦੇ ਉੱਪਰ ਦੋ ਮੋਰ ਅਤੇ ਬੰਸਰੀ ਵਜਾਉਂਦੇ ਇਕ ਪੁਰਸ਼ ਤੇ ਦੋ ਔਰਤਾਂ ਦੀਆਂ ਮੂਰਤਾਂ ਉੱਕਰੀਆਂ ਹੋਈਆਂ ਹਨ, ਵੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
ਮਹਾਰਾਜਾ ਰਣਜੀਤ ਸਿੰਘ ਦੀਆਂ ਹੀਰੇ ਮੋਤੀ ਜੜੀਆਂ ਸ਼ਾਹੀ ਪੁਸ਼ਾਕਾਂ, ਹੀਰਿਆਂ ਦੇ ਹਾਰ ਅਤੇ ਕੀਮਤੀ ਧਾਤੂਆਂ ਦੀਆਂ ਬਣੀਆਂ ਮੂਰਤੀਆਂ ਸਮੇਤ ਰਾਣੀ ਮੋਰਾਂ ਦੀ ਧਾਤੂ ਦੀ ਬਣੀ ਕੁਰਸੀ, ਸਿੱਖ ਦਰਬਾਰ ਦੇ ਸ਼ਸਤਰ, ਹੋਰ ਸ਼ਾਹੀ ਪੋਸ਼ਾਕਾਂ, ਸ਼ਾਹੀ ਫ਼ਰਨੀਚਰ ਅਤੇ ਸਿੱਖ ਦਰਬਾਰ ਦੇ ਸਿੱਕਿਆਂ ਸਮੇਤ ਮਿਸਤਰੀ ਭਾਈ ਰਾਮ ਸਿੰਘ, ਦਿਆਲ ਸਿੰਘ ਮਜੀਠੀਆ ਅਤੇ ਕੁਝ ਸਮਾਰਕਾਂ ਦੀਆਂ ਕੈਮਰੇ ਨਾਲ ਲਈਆਂ ਗਈਆਂ ਤਸਵੀਰਾਂ ਵੀ ਸ਼ਾਮਿਲ ਹਨ।

Check Also

ਪੋਪ ਵੱਲੋਂ ਏਕਤਾ ਲਈ ਕੰਮ ਕਰਨ ਦਾ ਅਹਿਦ

ਕੈਥੋਲਿਕ ਚਰਚ ਨੂੰ ਦੁਨੀਆ ‘ਚ ਸ਼ਾਂਤੀ ਦਾ ਪ੍ਰਤੀਕ ਬਣਾਉਣ ਦਾ ਦਿੱਤਾ ਸੱਦਾ ਵੈਟੀਕਨ ਸਿਟੀ/ਬਿਊਰੋ ਨਿਊਜ਼ …