Breaking News
Home / ਰੈਗੂਲਰ ਕਾਲਮ / ਐ ਮੇਰੇ ਵਤਨ ਕੇ ਲੋਗੋ…

ਐ ਮੇਰੇ ਵਤਨ ਕੇ ਲੋਗੋ…

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਇਹਨੀਂ ਦਿਨੀਂ ਸੋਸਲ਼ ਮੀਡੀਆਂ ‘ਤੇ ਨਸ਼ਰ ਹੋਈ ਇੱਕ ਮੇਜਰ ਪ੍ਰਫੁਲ ਦੀ ਵੀਡੀਓ ਨੇ ਲੋਕਾਂ ਨੂੰ ਰੁਵਾਇਆ। ਜਿਹੜਾ ਵੀ ਦੇਖਦਾ ਹੈ, ਸੀਨਾ ਫੜ ਲੈਂਦਾ ਹੈ ਤੇ ਗੁਆਂਢੀ ਮੁਲਕ ਉਤੇ ਗੁੱਸਾ ਵੀ ਬਹੁਤ ਆਉਂਦਾ ਹੈ ਤੇ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਗੰਭੀਰ ਜਖਮੀ ਮੇਜਰ ਪ੍ਰਫੁਲ ਅੰਬਾ ਦਾਸ ਨੂੰ ਆਪਣੀ ਜਾਨ ਦੀ ਰਤਾ ਪਰਵਾਹ ਨਹੀਂ ਹੈ ਤੇ ਨਾ ਹੀ ਉਹ ਕੋਈ ਹੋਰ ਗੱਲ ਨਹੀਂ ਕਰਦਾ ਹੈ,ਪਿਆ ਹੋਇਆ ਉਹ ਫੋਨ ਉਤੇ ਸਾਥੀਆਂ ਨੂੰ ਹੱਲਾਸ਼ੇਰੀ ਦੇ ਤੇ ਨਿਰਦੇਸ਼ ਦੇ ਰਿਹਾ ਹੈ ਕਿ ਅੱਗੇ ਕਿਵੇਂ ਵਧਣਾ ਹੈ ਤੇ ਦੁਸ਼ਮਣ ਨੂੰ ਢਾਹ ਕਿਵੇਂ ਲਾਉਣੀ ਹੈ। ਗੱਲ ਕਰਦੇ-ਕਰਦੇ ਇੱਕ ਅੱਧ ਵਾਰ ਉਸਦਾ ਗਲ ਵੀ ਭਰ ਗਿਆ ਜਦ ਉਸਨੇ ਕਿਹਾ ਕਿ ਸਮਾਂ ਤਾਂ ਉਹਦੇ ਹੱਥ ਵਿਚ ਹੈ…ਪਰ ਹੈਲੀਕੌਪਟਰ ਆਵੇ ਤਾਂ ਅੱਗ ਲਗਾ ਕੇ ਧੂੰਆਂ ਕਰ ਦੇਣਾ,ਅੱਗੇ ਵਧੋਗੇ ਤਾਂ ਜਖਮੀ ਸਾਥੀਆਂ ਨੂੰ ਕੌਣ ਕੱਢੇਗਾ? ਪਾਰਟੀ ਨੂੰ ਸੇਫ ਕਰੋ। ਕੁਝ ਘੰਟੇ ਬਾਅਦ ਉਹ ਪ੍ਰਾਣ ਤਿਆਗ ਦਿੰਦਾ ਹੈ। ਸੱਚਮੁਚ ਹੀ ਅੱਖਾਂ ਨਮ ਹੁੰਦੀਆਂ ਨੇ ਇਹ ਸਭ ਦੇਖ-ਸੁਣ ਕੇ।
ਇਸ ਵੇਲੇ ਜੰਮੂ-ਕਸ਼ਮੀਰ ਵਿਚ ਪਾਕਿਸਤਾਨੀਆਂ ਦੀਆਂ ਗੋਲੀਆਂ ਨਾਲ ਸਾਡੇ ਭਾਰਤੀ ਨੌਜਵਾਨ ਅੰਨੇਵਾਹ ਭੁੰਨੇ ਜਾ ਰਹੇ ਹਨ। ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਦਾ ਦੀਵਾ ਰੋਜ਼ ਵਾਂਗ ਹੀ ਬੁਝਿਆ ਹੋਇਆ ਬੰਦ ਬਕਸੇ ਵਿਚ ਸਿੱਧਾ ਪਿੰਡ ਦੇ ਸਮਸ਼ਾਨ ਘਾਟ ਵਿਚ ਪੁੱਜਦਾ ਹੈ। ਕਈ ਬੇਨਸੀਬਿਆਂ ਦਾ ਘਰ ਜਾਣਾ ਵੀ ਨਸੀਬ ਨਹੀਂ ਆਉਂਦਾ ਕਈਆਂ ਦੇ। ਅਨੇਕਾਂ ਮਾਵਾਂ ਦੇ ਪੁੱਤ ਤੋਪਾਂ ਤੇ ਗੋਲੀਆਂ ਨੇ ਖਾ ਲਏ ਨੇ। ਨਿੱਕੇ-ਨਿਕੇ ਨਿਆਣਿਆਂ ਦੇ ਸਿਰਾਂ ਉਤੋਂ ਠੰਢੀਆਂ ਛਾਵਾਂ ਉੱਠ ਗਈਆਂ ਨੇ। ਅਨੇਕਾਂ ਸੁਾਗਣਾ ਦੇ ਸੁਹਾਗ ਲੁੱਟੇ ਗਏ ਨੇ, ਲੋਕ ਸ਼ਾਇਰ ਸ਼ਾਹ ਮੁਹੰਮਦ ਚੇਤੇ ਆਉਂਦਾ ਹੈ,ਜਿਸ ਕਦੀ ਲਿਖਿਆ ਸੀ-
”ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ
ਜਦ ਹੋਣ ਸੁਹਾਗਣਾ ਰੰਡੀਆਂ ਨੀਂ”
ਪਤਾ ਨਹੀਂ ਕਿਉਂ,? ਜਦ ਵੀ ਮੇਰੀਆਂ ਅੱਖਾਂ ਸਾਹਮਣੇ ਕਿਸੇ ਸ਼ਹੀਦ ਫੌਜੀ ਦੀ ਲਾਸ਼ ਵਾਲੇ ਬਕਸੇ ਦੀ ਖਬਰ ਆਉਂਦੀ ਹੈ ਤਾਂ ਮੈਂ ਆਪ-ਮੁਹਾਰੇ ਭਾਵੁਕ ਹੋ ਜਾਂਦਾ ਹਾਂ ਤੇ ਅੱਖਾਂ ਵਿਚੋਂ ਹੰਝੂ ਟਪਕਣ ਲਗਦੇ ਨੇ। ਆਸ-ਪਾਸ ਦੇਖਦਾ ਹਾਂ ਕਿ ਅਖਬਾਰ ਪੜ੍ਹ ਕੇ ਹੰਝੂ ਵਹਾਉਂਦੇ ਨੂੰ ਮੈਨੂੰ ਕੋਈ ਦੇਖ ਨਾ ਲਵੇ! ਕਈ ਵਾਰ ਅਜਿਹੇ ਮੌਕੇ ਇਕ ਗੀਤ ਦੇ ਬੋਲ ਯਾਦ ਆਉਂਦੇ ਨੇ -”ਲੋਕਾਂ ਦੀਆਂ ਨਜ਼ਰਾਂ ਤੋਂ ਮੈਂ ਛੁਪ ਕੇ ਰੋ ਲੈਨਾ…।” ਸਮੇਂ-ਸਮੇਂ ‘ਤੇ ਫੌਜੀ ਸਾਹਿਤ ਬਾਰੇ ਵੱਖ-ਵੱਖ ਲੇਖਕਾਂ ਦਾ ਲਿਖਿਆ ਕਾਫੀ ਕੁਝ ਪੜ੍ਹਿਆ ਹੋਇਆ ਹੈ ਤੇ ਕੂਝ ਕੁ ਫਿਲਮਾਂ ਵੀ ਦੇਖੀਆਂ ਹੋਈਆਂ ਨੇ। ਮੈਨੂੰ ਨਿੱਜੀ ਤੌਰ ‘ਤੇ ਫੌਜੀਆਂ ਨਾਲ ਇਸ ਕਾਰਨ ਵੀ ਲਗਾਵ ਤੇ ਹਮਦਰਦੀ ਹੈ ਕਿਉਂਕਿ ਸਾਡੇ ਪਿੰਡ ਘੁਗਿਆਣਾ ਦੇ ਨਾਂ ਉਤੇ ਮਹਾਰਾਜਾ ਫਰੀਦਕੋਟ ਦੇ ਲਗਭਗ ਪੰਜ ਹਜ਼ਾਰ ਏਕੜ ਵਿਚ ਵੱਸੇ ਬੀੜ (ਜੰਗਲ) ਵਿਚ ਸਾਡੇ ਬਚਪਨ ਵੇਲੇ ਤੋਂ ਹੁਣ ਤੀਕ ਫੌਜਾਂ ਟਰੇਨਿੰਗ ਕਰਦੀਆਂ ਰਹੀਆਂ ਤੇ ਸਾਡੇ ਪਿੰਡ ਦੀ ਫਿਰਨੀ ਤੇ ਬੀੜ ਦੀ ਵੱਟ, ਬਾਰਡਰ) ਉਤੇ ਅਣਗਿਣਤ ਟੈਂਕ ਗੂੰਜਦੇ ਤੇ ਹੈਲੀਕੌਪਟਰ ਉਤਰਦੇ-ਚੜਦੇ ਮੈਂ ਖੁਦ ਤੱਕੇ। ਫੌਜੀਆਂ ਦੀਆਂ ਨਿੱਜੀ ਲਾਰੀਆਂ ਭਰ-ਭਰ ਸਾਡੇ ਪਿੰਡ ਵਿਚੋਂ ਅੱਗੇ ਬੀੜ ਵਿਚ ਜਾਂਦੀਆਂ-ਆਉਂਦੀਆਂ। ਫੌਜੀਆਂ ਦੀਆਂ ਲੰਬੀਆਂ ਕਤਾਰਾਂ ਮੇਰੇ ਮਾਸੜ ਦੀ ਹੱਟੀ ਤੋਂ ਰਾਸ਼ਨ ਲੈਣ ਵੀ ਬਹੁੜਦੀਆਂ ਤੇ ਬਹੁਤ ਸਾਰੇ ਫੌਜੀਆਂ ਨਾਲ ਸਾਡੇ ਪਿੰਡ ਦੇ ਲੋਕਾਂ ਦੀ ਜਜ਼ਬਾਤੀ ਸਾਂਝ ਵੀ ਬਣ ਗਈ ਸੀ ਤੇ ਇੱਕ ਦੂਜੇ ਨਾਲ ਜਾਣ ਪਛਾਣ ਬਹੁਤ ਗੂੜ੍ਹੀ ਹੋਈ। ਕਈ ਫੌਜੀ ਵਾਪਸ ਆਪਣੇ ਵਤਨ ਪਹੁੰਚ ਕੇ ਵੀ ਪਿੰਡ ਦੇ ਲੋਕਾਂ ਨੂੰ ਚੇਤੇ ਕਰਦੇ ਤੇ ਹਾਲ-ਚਾਲ ਪੁੱਛਣ ਲਈ ਪੀਲੇ ਰੰਗੇ ਪੱਤਰ ਲਿਖਦੇ ਰਹੇ। ਮੈਂ ਉਦੋਂ ਬਹੁਤ ਨਿਆਣਾ ਸਾਂ ਤੇ ਸਭ ਕੁਝ ਬਾਰੀਕੀ ਨਾਲ ਅੱਖੀਂ ਦੇਖਦਾ ਸਾਂ ਤੇ ਅਨੋਖਾ ਜਿਹਾ ਅਨੁਭਵ ਮਹਿਸੂਸ ਹੁੰਦਾ ਸੀ। ਉਦੋ ਤੋਂ ਲੈ ਕੇ ਹੁਣ ਤੱਕ ਫੌਜੀ ਭਾਈਚਾਰੇ ਨੂੰ ਬੜੀ ਆਦਰ ਤੇ ਮੋਹ ਦੀ ਨਜ਼ਰ ਨਾਲ ਦੇਖਦਾ ਆ ਰਿਹਾ ਹਾਂ।
ਬੀਤੇ ਸਾਲ ਜਦ ਤਰਨਤਾਰਨ ਨੇੜੇ ਪਿੰਡ ਵੇਈਂ-ਪੂਈਂ ਦੇ ਜੰਮਪਲ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੀ ਲਾਸ਼ ਬੰਦ ਬਕਸੇ ਵਿਚ ਬਿਨਾਂ ਸਿਰ ਤੋਂ ਘਰ ਪੁੱਜੀ ਸੀ ਤਾਂ ਪੂਰੇ ਪੰਜਾਬ ਵਾਸੀਆਂ ਦੇ ਹਿਰਦੇ ਵਲੂੰਧਰੇ ਗਏ ਸਨ। ਦੁਸ਼ਮਣ ਮੁਲਕ ਵੱਲੋਂ ਦਿੱਤਾ ਇਹ ਦੁਖਦਾਈ ਦਾਗ ਪਿੰਡ ਜਾਂ ਪਰਿਵਾਰ ਦੇ ਕਦੇ ਮਗਰੋਂ ਨਹੀਂ ਲੱਥਣਾ, ਚਾਹੇ ਪਿੰਡ ਨੂੰ ਸੋਨੇ ਵਿਚ ਮੜ੍ਹ ਦੇਣ ਪਰ ਜੁਆਨ ਦੀ ਸ਼ਹਾਦਤ ਨੂੰ ਹਮੇਸ਼ਾ ਮਾਣਮੱਤੀ ਸਲਾਮ ਹੁੰਦੀ ਰਹੇਗੀ। ਹੁਣੇ ਹੀ ਲਾਂਸ-ਨਾਇਕ ਕੁਲਦੀਪ ਸਿੰਘ ਨੂੰ ਜਦ ਗੋਲੀਆਂ ਲੱਗੀਆਂ ਤਾਂ ਉਸਨੇ ਆਪਣੇ ਸਾਥੀਆਂ ਨੂੰ ਆਖਿਆ ਕਿ ਪਲੀਜ਼ ਮੇਰੀ ਮਾਂ ਨੂੰ ਨਾ ਦੱਸਣਾ,(ਜੋ ਅੰਗਹੀਣ ਹੈ), ਮੇਰੀ ਮਾਂ ਤੋਂ ਸਹਿਣ ਨਹੀਂ ਹੋਣਾ…। ਗੰਭੀਰ ਜਖਮੀ ਹੋਇਆ ਉਹ ਆਖਦਾ ਹੈ ਕਿ ਮੈਨੂੰ ਮੇਰੀ ਨੰਨੀ ਧੀ ਦਾ ਡਾਹਢਾ ਫਿਕਰ ਸਤਾ ਰਿਹਾ ਹੈ, ਜਿਸਦੀਆਂ ਮੈਂ ਸਾਥੀਆਂ ਨਾਲ ਰੋਜ਼ ਗੱਲਾਂ ਕਰ ਕਰ ਕੇ ਉਸਨੂੰ ਯਾਦ ਕਰਦਾ ਸਾਂ। ਅਜਿਹੇ ਪਲ ਕੇਵਲ ਕੁਲਦੀਪ ਸਿੰਘ ਦੇ ਨਹੀਂ ਹਨ, ਸਗੋਂ ੳਸ ਵਰਗਿਆਂ ਅਨੇਕਾਂ ਦੇ ਹਨ, ਜੋ ਦੇਸ਼ ਲਈ ਜਾਨਾਂ ਵਾਰ ਗਏ। ਸੱਚਮੁਚ ਹੀ ਭਾਵੁਕਤਾ ਅਤੇ ਅਸਹਿ ਪੀੜ ਦੀ ਸਿਖਰ ਹੁੰਦੇ ਨੇ ਅਜਿਹੇ ਪਲ। ਅੱਖੀਂ ਦੇਖਣ ਵਾਲੇ ਸਾਥੀ ਮਰਦੇ ਦਮ ਤੀਕ ਨਹੀਂ ਭੁਲਾ ਸਕਦੇ ਅਜਿਹੇ ਪਲਾਂ ਨੂੰ! ਪੰਗੇ ਦੋਵੇਂ ਮੁਲਕਾਂ ਦੇ ਹੁਕਮਰਾਨਾਂ ਦੇ ਹਨ ਪਰ ਖਮਿਆਜ਼ਾ ਅਸੀਂ-ਤੁਸੀਂ ਭਗੁਤ ਰਹੇ ਹਾਂ। ਕਿੰਨਾ ਚਿਰ ਹੋਰ ਮਾਂਵਾਂ ਦੇ ਪੁੱਤ ਮਰਦੇ ਰਹਿਣਗੇ ਸਰਹੱਦਾਂ ਉਤੇ? ਇਸ ਸਵਾਲ ਦਾ ਕਿਸੇ ਕੋਲ ਜੁਆਬ ਨਹੀਂ ਹੈ। ਨੰਨੇ-ਮੁੰਨਿਆਂ ਦੇ ਪਿਓ ਚਿੱਤ ਵਿਚ ਅਧੂਰੇ ਚਾਅ ਲੈਕੇ ਜਹਾਨੋਂ ਕੂਚ ਕਰ ਰਹੇ ਨੇ, ਸੁਹਾਗਣਾਂ ਦੇ ਸੁਹਾਗ ਲੁੱਟੇ ਜਾ ਰਹੇ ਹਨ। ਕਈ ਥਾਈ ਅਜਿਹੇ ਸ਼ਹੀਦ ਹੋਏ ਪੁੱਤਾਂ ਦੀਆਂ ਅਰਥੀਆਂ ਨੂੰ ਮਾਵਾਂ ਤੇ ਪਿਓਆਂ ਨੇ ਮੋਢੇ ਦਿੱਤੇ। ਇੱਕ ਖਬਰ ਪੜ੍ਹ ਕੇ ਮੈਂ ਕਾਫੀ ਉਦਾਸ ਰਿਹਾ, ਜਦ ਸ਼ਹੀਦ ਹੋਏ ਵੀਰ ਦੀ ਚਿਖਾ ਨੂੰ ਅਗਨੀ ਉਸਦੀ ਛੋਟੀ ਭੈਣ ਨੇ ਅਗਨੀ ਵਿਖਾਈ ਸੀ। ਨਵਾਂ ਸਾਲ ਸੁਖ ਦਾ ਚੜ੍ਹੇ। ਮਾਵਾਂ ਦੇ ਪੁੱਤਾਂ ਨੂੰ ਸਰਹੱਦਾਂ ਨਾ ਖਾਣ। ਹਸਦੇ-ਖੇਲ੍ਹਦੇ ਘਰਾਂ ਨੂੰ ਜਾਣ ਫੌਜੀ ਪੁੱਤ ਮਾਵਾਂ ਦੇ! ਇਹੋ ਦੁਆ ਹੈ ਸਾਡੀ।
ੲੲੲ

Check Also

ਨਿਡਰ ਯੋਧਾ ਅਤੇ ਲਾਸਾਨੀ ਸਿੱਖ ਜਰਨੈਲ-ਬਾਬਾ ਬੰਦਾ ਸਿੰਘ ਬਹਾਦਰ

ਡਾ. ਡੀ ਪੀ ਸਿੰਘ (ਤੀਜੀ ਤੇ ਆਖਰੀ ਕਿਸ਼ਤ) ਬਾਬਾ ਬਿਨੋਦ ਸਿੰਘ ਨੇ ਗੜ੍ਹੀ ਛੱਡ ਜਾਣ …