Breaking News
Home / ਰੈਗੂਲਰ ਕਾਲਮ / ਕੀ ਪਿਛਲੇ ਸਾਲਾਂ ਦੀ ਆਮਦਨ ਹੁਣ ਵੀ ਡਿਕਲੇਅਰ ਕਰ ਸਕਦੇ ਹਾਂ?

ਕੀ ਪਿਛਲੇ ਸਾਲਾਂ ਦੀ ਆਮਦਨ ਹੁਣ ਵੀ ਡਿਕਲੇਅਰ ਕਰ ਸਕਦੇ ਹਾਂ?

ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ
ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359
ਟੈਕਸ ਰਿਟਰਨ ਫਾਈਲ ਕਰਨਾ ਹਮੇਸ਼ਾ ਹੀ ਇਕ ਔਖਾ ਅਤੇ ਫਿਕਰ ਵਾਲਾ ਕੰਮ ਹੁੰਦਾ ਹੈ। ਬਹੁਤੇ ਵਿਅੱਕਤੀ ਤਾਂ ਟੈਕਸ ਰਿਟਰਨ ਫਾਈਲ ਕਰ ਹੀ ਦਿੰਦੇ ਹਨ ਪਰ ਕੁਝ ਕੁ ਲੋਕ ਜਨ ਜੋ ਟੈਕਸ ਰਿਟਰਨ ਫਾਈਲ ਨਹੀਂ ਕਰਦੇ। ਕੈਨੇਡਾ ਰੈਵੀਨਿਊ ਏਜੰਸੀ ਅਨੁਸਾਰ 80-85% ਕੈਨੇਡੀਅਨ ਆਪਣੀ ਰਿਟਰਨ ਭਰਦੇ ਹਨ, ਬਾਕੀ ਦੇ ਰਿਟਰਨ ਨਹੀਂ ਭਰਦੇ।
ਇਹ ਨਾ ਰਿਟਰਨ ਭਰਨ ਵਾਲੇ ਵਿਅੱਕਤੀ ਸੋਚਦੇ ਹਨ ਕਿ ਉਹਨਾਂ ਦੀ ਕੋਈ ਆਮਦਨ ਨਹੀਂ, ਨਾਂਹੀ ਕੋਈ ਟੈਕਸ ਦੇਣਾ ਬਣਦਾ ਹੈ, ਇਸ ਕਰਕੇ ਟੈਕਸ ਰਿਟਰਨ ਭਰਨ ਦੀ ਜ਼ਰੂਰਤ ਨਹੀਂ। ਇਸ ਵਿਚ ਛੋਟੇ ਸੈਲਫ-ਇੰਪਲਾਇਡ ਵਿਅੱਕਤੀ ਵੀ ਹੁੰਦੇ ਹਨ, ਜਿਹੜੇ ਸਮਝਦੇ ਹਨ ਕਿ ਉਹਨਾਂ ਦੀ ਆਮਦਨ ਬਹੁਤ ਘੱਟ ਹੈ,ਪਰ ਉਹ ਭੁਲ ਜਾਂਦੇ ਹਨ ਕਿ ਟੈਕਸ ਰਿਟਰਨ ਫਾਈਲ ਨਾ ਕਰਨ ‘ਤੇ ਕਈ ਤਰ੍ਹਾਂ ਦੇ ਬੈਨੀਫਿਟ ਲੈਣ ਤੋਂ ਰਹਿ ਜਾਂਦੇ ਹਨ
ਭਾਵ ਕਈ ਤਰ੍ਹਾਂ ਦੇ ਟੈਕਸ ਕਰੈਡਿਟ ਮਿਲਣ ਕਰਕੇ ਤੁਹਾਨੂੰ ਰੀਫੰਡ ਵੀ ਮਿਲ ਸਕਦਾ ਹੈ। ਪਤਾ ਲੱਗਣ ‘ਤੇ ਕੈਨੇਡਾ ਰੈਵੀਨਿਯੂ ਏਜੰਸੀ ਤੁਹਾਨੂੰ ਪਿਛਲੇ ਸਾਲਾਂ ਦੀਆਂ ਰਿਟਰਨਾਂ ਫਾਈਲ ਕਰਨ ਵਾਸਤੇ ਕਹਿ ਸਕਦਾ ਹੈ ਅਤੇ ਵਿਆਜ ਅਤੇ ਪਨੈਲਿਟੀ ਆਪਣੇ ਆਪ ਲੱਗ ਜਾਣੀ ਹੈ। ਕਈ ਵਾਰ ਸੀ ਆਰ ਏ ਆਪਣੇ ਆਪ ਹੀ ਤੁਹਾਡੀ ਆਮਦਨ ਮਿਥਕੇ ਟੈਕਸ ਲਾ ਦਿੰਦਾ ਹੈ ਅਤੇ ਬਿਜਨਸ ‘ਤੇ ਹੋਣ ਵਾਲੇ ਖਰਚੇ ਦੀ ਛੋਟ ਵੀ ਬਹੁਤ ਘੱਟ ਦਿੰਦਾ ਹੈ। ਜੇ ਇਸ ਤਰ੍ਹਾਂ ਹੋ ਜਾਵੇ ਤਾਂ ਸਾਰੇ ਖਰਚਿਆਂ ਦਾ ਪੂਰਾ ਪਰੂਫ ਦੇਣਾ ਟੈਕਸ ਦੇਣ ਕਰਨ ਵਾਲੇ ਦੀ ਜਿੰਮੇਵਾਰੀ ਬਣ ਜਾਂਦੀ ਹੈ।
ਇਸ ਤਰ੍ਹਾਂ ਦੇ ਵਿਅੱਕਤੀਆਂ ਵਾਸਤੇ ਕੈਨੇਡਾ ਰੈਵੀਨਿਯੂ ਏਜੰਸੀ ਨੇ ਇਕ ਵਲੰਟੀਅਰ ਡਿਸਕਲੋਜਰ ਪ੍ਰੋਗਰਾਮ ਵੀ ਬਣਾਇਆ ਹੋਇਆ ਹੈ,ਜਿਸ ਰਾਹੀਂ ਤੁਸੀਂ ਆਪਣੀਆਂ ਪਿਛਲੇ ਸਾਲਾਂ ਦੀ ਆਮਦਨ ਦੀ ਜਾਂ ਐਚ ਐਸ ਟੀ ਦੀ ਟੈਕਸ ਰਿਟਰਨ ਫਾਈਲ ਕਰ ਸਕਦੇ ਹੋ ਅਤੇ ਆਉਣ ਵਾਲੇ ਸਮੇਂ ਵਾਸਤੇ ਆਪਣਾ ਕੰਮ ਸਿੱਧਾ ਕਰ ਸਕਦੇ ਹੋ। ਇਸ ਸਕੀਮ ਅਧੀਨ ਤੁਸੀਂ ਪਿਛਲੇ 10 ਸਾਲ ਦੀ ਆਮਦਨ ਡਿਕਲੇਅਰ ਕਰ ਸਕਦੇ ਹੋ। ਇਸ ਆਮਦਨ ਤੇ ਬਣਦਾ ਸਾਰਾ ਟੈਕਸ ਅਤੇ ਵਿਆਜ ਤੁਹਾਨੂੰ ਦੇਣਾ ਪੈਂਦਾ ਹੈ ,ਪਰ ਕਈ ਵਾਰ ਕੁਝ ਛੋਟ ਵੀ ਮਿਲ ਜਾਂਦੀ ਹੈ। ਇਸਦਾ ਸਾਰਿਆਂ ਨਾਲੋਂ ਵੱਡਾ ਫਾਇਦਾ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਲੇਟ ਟੈਕਸ ਰਿਟਰਨ ਫਾਈਲ ਕਰਨ ਤੇ ਕੋਈ ਵੀ ਪਨੈਲਿਟੀ ਕੈਨੇਡਾ ਰੈਵੀਨਿਯੂ ਏਜੰਸੀ ਵਲੋਂ ਨਹੀਂ ਲਗਾਈ ਜਾਂਦੀ ਅਤੇ ਨਾਂਹੀ ਕੋਈ ਹੋਰ ਸਜਾ ਜਾਂ ਜੁਰਮਾਨਾ ਲਗਾਇਆ ਜਾਂਦਾ ਹੈ। ਪਰ ਇਹ ਸਕੀਮ ਦਾ ਫਾਇਦਾ ਉਸ ਵੇਲੇ ਉਠਾਇਆ ਜਾ ਸਕਦਾ ਹੈ ਜਦੋਂ ਤੁਹਾਡੇ ਖਿਲਾਫ ਸੀ ਆਰ ਏ ਦਾ ਆਡਿਟ ਜਾਂ ਹੋਰ ਕੋਈ ਚਿਠੀ-ਪੱਤਰ ਨਾ ਆਇਆ ਹੋਵੇ। ਜੇ ਇਸ ਤਰ੍ਹਾਂ ਦਾ ਕੋਈ ਐਕਸ਼ਨ ਸੁਰੂ ਜੋ ਚੁੱਕਿਆ ਹੈ ਤਾਂ ਫਿਰ ਇਸ ਸਕੀਮ ਦਾ ਫਾਇਦਾ ਨਹੀਂ ਉਠਾਇਆ ਜਾ ਸਕਦਾ। ਇਸ ਸਕੀਮ ਅਧੀਨ ਤੁਹਾਡਾ ਨਾਮ ਗਪਤ ਰੱਖ ਕੇ ਤੁਹਾਡਾ ਅਕਾਊਟੈਂਟ ਸੀ ਆਰ ਏ ਨਾਲ ਚਿਠੀ ਪੱਤਰ ਸੁਰੂ ਕਰਕੇ ਸਾਰਾ ਮਾਮਲਾ ਸੈਟ ਕਰ ਸਕਦਾ ਹੈ ਕਿ ਕਿੰਨਾ ਟੈਕਸ ਦੇਣਾ ਪੈਣਾ ਹੈ ਅਤੇ ਹੋਰ ਕੀ ਸਰਤਾਂ ਹਨ। ਇਸ ਸਾਰਾ ਕੁਝ ਤਹਿ ਕਰਨ ਤੋਂ ਬਾਅਦ ਹੀ ਤੁਹਾਡਾ ਨਾਮ ਦੱਸਿਆ ਜਾਂਦਾ ਹੈ। ਇਹ ਕੰਮ ਤੁਹਾਡਾ ਕੁਆਲੀਫਾਈਡ ਅਕਾਊਂਟੈਂਟ ਹੀ ਕਰ ਸਕਦਾ ਹੈ ਕਿਉਕਿ ਜੇ ਸਾਰੀਆਂ ਸਰਤਾਂ ਪੂਰੀਆਂ ਨਾ ਕੀਤੀਆਂ ਜਾਣ ਤਾਂ ਇਹ ਕੰਮ ਸਿਰੇ ਨਹੀਂ ਚੜ੍ਹਦਾ।
ਸਵਾਲ-2-ਜੇ ਮੈਂ ਬਣਦਾ ਟੈਕਸ ਹੁਣ ਨਹੀਂ ਦੇ ਸਕਦਾ ਤਾਂ ਫਿਰ ਹਣ ਟੈਕਸ ਰਿਟਰਨ ਫਾਈਲ ਦਾ ਕੀ ਫਾਇਦਾ ਹੈ?
ਜਵਾਬ-ਜੇ ਤੁਹਾਡਾ ਕੋਈ ਟੈਕਸ ਦੇਣਾ ਬਣਦਾ ਹੈ ਅਤੇ ਟੈਕਸ ਰਿਟਰਨ ਵੀ ਲੇਟ ਫਾਈਲ ਕਰਦੇ ਹੋ ਤਾਂ ਬਣਦੇ ਟੈਕਸ ਤੇ ਵਿਆਜ ਤਾਂ ਲੱਗਣਾ ਹੀ ਹੈ ਨਾਲ ਪਨੈਲਿਟੀ ਵੀ ਪੈ ਜਾਂਦੀ ਹੈ। ਇਹ ਪਨੈਲਿਟੀ 1% ਹਰ ਮਹੀਨੇ ਦੇ ਹਿਸਾਬ ਨਾਲ ਲਗਦੀ ਹੈ ਅਤੇ ਜੇ ਇਹ ਗਲਤੀ ਪਹਿਲਾਂ ਵੀ ਕੀਤੀ ਹੈ ਤਾ ਇਹ ਪਨੈਲਿਟੀ ਦੁਗਣੀ ਵੀ ਹੋ ਜਾਂਦੀ ਹੈ।
ਪਰ ਜੇ ਤੁਸੀਂ ਟੈਕਸ ਰਿਟਰਨ ਟਾਈਮ ਸਿਰ ਭਰ ਦਿੰਦੇ ਹੋ ਤਾਂ ਬਣਦੇ ਟੈਕਸ ਤੇ ਵਿਆਜ ਤਾਂ ਦੇਣਾ ਹੀ ਪਵੇਗਾ ਪਰ ਪਨੈਲਿਟੀ ਤੋਂ ਬੱਚ ਸਕਦੇ ਹੋ। ਜੇ ਤੁਸੀਂ ਕੋਈ ਸਰਕਾਰੀ ਬੈਨੀਫਿਟ ਲੈਂਦੇ ਹੋ ਤਾਂ ਇਹ ਬੈਨੀਫਿਟ ਲੈਣ ਲਈ ਵੀ ਟੈਕਸ ਰਿਟਰਨ ਫਾਈਲ ਕਰਨੀ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਬੈਨੀਫਿਟ ਤੁਹਾਨੂੰ ਮਿਲਣਾ ਹੈ ਕਿ ਨਹੀਂ ਜਾਂ ਕਿੰਨਾ ਮਿਲਣਾ ਹੈ, ਇਸ ਦਾ ਫੈਸਲਾ ਤੁਹਾਡੀ ਟੈਕਸ ਰਿਟਰਨ ਵਿਚ ਭਰੀ ਇੰਕਮ ਤੇ ਨਿਰਭਰ ਕਰਦਾ ਹੈ। ਜਿਵੇਂ ਕੈਨੇਡਾ ਚਾਈਲਡ ਬੈਨੀਫਿਟ, ਗਰੰਟੀਡ ਇੰਕਮ ਸਪਲੀਮੈਂਟ, ਐਚ ਐਸ ਟੀ ਪੇਮੈਂਟ, ਜਾਂ ਉਨਟਾਰੀਓ ਟ੍ਰੀਲੀਅਮ ਬੈਨੀਫਿਟ ਵਰਗੇ ਬੈਨੀਫਟ ਆਮਦਨ ਦੇ ਹਿਸਾਬ ਨਾਲ ਹੀ ਮਿਲਦੇ ਹਨ। ਹਰ ਸਾਲ ਜੁਲਾਈ ਮਹੀਨੇ ਤੁਹਾਡੀ ਟੈਕਸ ਰਿਟਰਨ ਵਿਚ ਭਰੀ ਆਮਦਨ ਦੇਖਕੇ ਹੀ ਇਹ ਬੈਨੀਫਿਟ ਦੇਣ ਦਾ ਫੈਸਲਾ ਹੁੰਦਾ ਹੈ, ਜੇ ਤੁਸੀਂ ਟੈਕਸ ਰਿਟਰਨ ਫਾਈਲ ਹੀ ਨਹੀਂ ਕੀਤੀ ਜਾਂ ਲੇਟ ਫਾਈਲ ਕੀਤੀ ਹੈ ਤਾਂ ਇਹ ਬੈਨੀਫਿਟ ਲੇਟ ਹੋ ਸਕਦੇ ਹਨ ਜਾਂ ਬੰਦ ਵੀ ਹੋ ਸਕਦੇ ਹਨ।
ਸਵਾਲ-3-ਘਰ ਦੀ ਰੈਨੋਵੇਸਨ ਕਰਨ ਤੇ ਵੀ ਕੀ ਕੋਈ ਟੈਕਸ ਦਾ ਫਾਇਦਾ ਹੋ ਸਕਦਾ ਹੈ?
ਜਵਾਬ-ਜੇ ਤੁਸੀਂ ਪਹਿਲਾਂ ਹੀ ਡਿਸਬਿਲਟੀ ਟੈਕਸ ਕਰੈਡਿਟ ਲੈਦੇ ਹੋ,ਤੁਹਾਡੇ ਕੋਲ ਡਿਸਬਿਲਟੀ ਟੈਕਸ ਸਰਟੀਫੀਕੇਟ ਹੈ,ਤੁਹਾਡੀ ਉਮਰ 65 ਸਾਲ ਜਾਂ ਉਪਰ ਹੈ ਤਾਂ ਘਰ ਦੀ ਰੈਨੋਵਸ਼ਨ ਕਰਨ ਵਾਸਤੇ ਜਿਵੇਂ ਘਰ ਦੇ ਅੰਦਰ ਜਾਣ ਵਾਸਤੇ ਸਹੂਲਤ ਜਾਂ ਘਰ ਦੇ ਅੰਦਰ ਵੀ ਅਪਾਹਿਜ ਵਿਅੱਕਤੀ ਵਾਸਤੇ ਸੱਟ ਲੱਗਣ ਦੇ ਖਤਰੇ ਨੂੰ ਘਟਾਉਣ ਵਾਸਤੇ ਕੀਤੇ ਖਰਚੇ ਤੇ ਤੁਹਾਨੂੰ ਇਸ ਸਾਲ ਵਾਸਤੇ 10000 ਡਾਲਰ ਤੱਕ ਦਾ ਟੈਕਸ ਕਰੈਡਿਟ ਮਿਲ ਸਕਦਾ ਹੈ। ਇਹ ਰਕਮ ਜੋ ਰੈਨੋਵੇਸ਼ਨ ਤੇ ਖਰਚੀ ਹੈ ਮੈਡੀਕਲ ਖਰਚੇ ਵਿਚ ਪਾਕੇ ਇਸਦਾ ਦੂਹਰਾ ਫਾਇਦਾ ਵੀ ਲਿਆ ਜਾ ਸਕਦਾ ਹੈ। ਇਸ ਦਾ ਤੀਸਰਾ ਫਾਇਦਾ ਓਨਟਾਰੀਓ ਸਰਕਾਰ ਵਲੋਂ ਵੀ ਦਿਤਾ ਜਾਂਦਾ ਹੈ। ਪਰ ਇਹ ਓਨਟਾਰੀਓ ਸਰਕਾਰ ਦਾ ਫਾਇਦਾ ਇਸ ਸਾਲ ਹੀ ਮਿਲਣਾ ਹੈ। ਸਾਲ 2017 ਵਿਚ ਇਹ ਓਨਟਾਰੀਓ ਸਰਕਾਰ ਵਲੋ ਦਿਤਾ ਕਰੈਡਿਟ ਖਤਮ ਹੋ ਜਾਵੇਗਾ।
ਇਹ ਸਵਾਲ ਜਵਾਬ ਆਮ ਅਤੇ ਬੇਸਿਕ ਜਾਣਕਾਰੀ ਵਾਸਤੇ ਹੀ ਹਨ। ਕੋਈ ਵੀ ਫੈੇਸਲਾ ਲੈਣ ਤੋਂ ਪਹਿਲਾਂ ਆਪਣੇ ਅਕਾਊਂਟੈਂਟ ਨਾਲ ਸਲਾਹ ਜਰੂਰ ਕਰੋ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਤੁਸੀ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ।
ਜੇ ਸੀ ਆਰ ਏ ਤੋਂ ਕੋਈ ਲੈਟਰ ਆ ਗਿਆ ਹੈ, ਪਨੈਲਿਟੀ ਪੈ ਗਈ ਹੈ ਜਾਂ ਬਿਜਨਸ ਟੈਕਸ ਭਰਨਾ ਹੈ,ਨਵੀਂ ਕੰਪਨੀ ਰਜਿਸਟਰ ਕਰਨ ਵਾਸਤੇ ਜਾਂ ਪਿਛਲੇ ਸਾਲਾਂ ਦਾ ਬਿਜਨਸ ਜਾਂ ਪਰਸਨਲ ਟੈਕਸ ਭਰਨ ਵਾਸਤੇ ਜਾਂ ਟੈਕਸ ਅਤੇ ਅਕਾਊਂਟਿੰਗ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-300 -2359 ਤੇ।

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ …