Home / ਫ਼ਿਲਮੀ ਦੁਨੀਆ / ਗਾਇਕੀ, ਸੰਗੀਤ ਅਤੇ ਅਦਾਕਾਰੀ ਰਾਹੀਂ ਨੌਜਵਾਨਾਂ ਦੇ ਦਿਲ ਲੁੱਟਣ ਵਾਲਾ ਗਾਇਕ : ਮਨੀ ਔਜਲਾ

ਗਾਇਕੀ, ਸੰਗੀਤ ਅਤੇ ਅਦਾਕਾਰੀ ਰਾਹੀਂ ਨੌਜਵਾਨਾਂ ਦੇ ਦਿਲ ਲੁੱਟਣ ਵਾਲਾ ਗਾਇਕ : ਮਨੀ ਔਜਲਾ

ਹਰਜੀਤ ਸਿੰਘ ਬਾਜਵਾ
ਪੰਜਾਬੀ  ਨੌਜਵਾਨ ਗਾਇਕ ਮਨੀ ਔਜਲਾ ਉਰਫ ਮਨਪ੍ਰੀਤ ਸਿੰਘ ਔਜਲਾ ਬਾਰੇ ਕਿਸੇ ਨੂੰ ਚਿੱਤ-ਚੇਤਾ ਵੀ ਨਹੀ ਹੋਵੇਗਾ ਕਿ ਛੋਟੀ ਉਮਰ ਵਿੱਚ ਹੀ ਉਹ ਇੱਕ ਦਿਨ ਆਪਣੇ ਪਿਤਾ ਦੇ ਨਾਮ ਤੋਂ ਵੀ ਉੱਚਾ ਨਾਮ ਬਣਾ ਕੇ ਆਪਣੇ ਪਿਤਾ ਦਾ ਨਾਮ ਹੋਰ ਵੀ ਰੌਸ਼ਨ ਕਰੇਗਾ। ਪ੍ਰਸਿੱਧ ਪੱਤਰਕਾਰ ਅਜਾਇਬ ਸਿੰਘ ਔਜਲਾ ਅਤੇ ਸੁਰਿੰਦਰ ਕੌਰ ਔਜਲਾ ਦੇ ਸਪੁੱਤਰ ਮਨੀ ਔਜਲਾ ਨੂੰ ਗਾਇਕੀ ਦਾ ਸ਼ੌਕ ਬਚਪਨ ਤੋਂ ਹੀ ਸੀ ਪਿਤਾ ਦੀਆਂ ਵੱਡੇ ਗਾਇਕਾਂ, ਫਿਲਮੀ ਅਦਾਕਾਰਾਂ ਅਤੇ ਫਿਲਮ ਨਿਰਮਾਤਾਵਾਂ ਨਾਲ ਨਿੱਤ ਹੁੰਦੀਆਂ ਮੁਲਾਕਾਤਾਂ ਤੋਂ ਉਹ ਬਹੁਤ ਪ੍ਰਭਾਵਿਤ ਹੁੰਦਾ ਪਰ ਪਿਤਾ ਨੇ ਸਪਸ਼ਟ ਕਹਿ ਦਿੱਤਾ ਕਿ ਜੇਕਰ ਕੁਝ ਬਣਨਾਂ ਹੈ ਤਾਂ ਆਪਣੇ ਸਿਰ ਤੇ ਬਣ ਅਤੇ ਇਸੇ ਗੱਲ ਨੂੰ ਵੰਗਾਰ ਮੰਨ ਕੇ ਇਸ ਸਿਰੜੀ ਨੌਜਵਾਨ ਨੇ ਗਾਇਕੀ ਦੇ ਭੀੜ-ਭੜੱਕੇ ਵਾਲੇ ਅਖਾੜੇ ਵਿੱਚ ਪੈਰ ਧਰ ਲਏ ਜਿੱਥੇ ਕਿ ਆਪਣਾ ਨਾਮ ਬਣਾਉਂਣਾ ਕੋਈ ਸੌਖੀ ਗੱਲ ਨਹੀ। ਮਨੀ ਔਜਲਾ ਨੇ ਜਿੱਥੇ ਗਾਇਕੀ ਨੂੰ ਆਪਣਾ ਕਿੱਤਾ ਬਣਾਇਆ ਉੱਥੇ ਹੀ ਸੰਗੀਤਕਾਰ ਅਤੇ ਅਦਾਕਾਰ ਦੇ ਤੌਰ ‘ਤੇ ਵੀ ਆਪਣੀ ਨਵੇਕਲੀ ਥਾਂ ਬਣਾਂ ਲਈ ਹੈ ਮਨੀ ਔਜਲਾ ਦੇ ਦੱਸਣ ਅਨੁਸਾਰ ਉਹ ਰਾਤੋ ਰਾਤ ਇਸ ਮੁਕਾਮ ‘ਤੇ ਨਹੀਂ ਪਹੁੰਚਿਆ ਸਗੋਂ ਪਿਛਲੇ ਲੱਗਭੱਗ ਡੇਢ ਦਹਾਕੇ ਤੋਂ ਸਟੇਜੀ ਤਪੱਸਿਆ ਵਿੱਚ ਜੁੱਟਿਆ ਹੋਇਆ ਹੈ ਸਕੂਲਾਂ ਕਾਲਜ਼ਾਂ ਦੇ ਸਫਰ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਦੌਰਾਨ ਹੁੰਦੀਆਂ ਕੋਰਿਓਗ੍ਰਾਫੀਆਂ ਦੀਆਂ ਪੇਸ਼ਕਾਰੀਆਂ ਕਰਦੇ ਰਹੇ ਮਨੀ ਔਜਲਾ ਨੂੰ ਨਾਮਵਰ ਗਾਇਕ ਅਤੇ ਸੰਗੀਤਕਾਰ ਰਾਜਿੰਦਰ ਮੋਹਣੀ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਜਿਹਨਾਂ ਤੋਂ ਮਨੀ ਨੇ ਸੰਗੀਤ ਦੀ ਤਾਲੀਮ ਹਾਸਲ ਕਰਦਿਆਂ ਬਾਈ ਅਮਰਜੀਤ ਨਾਲ ਸਟੇਜਾਂ ਦੀ ਸ਼ੁਰੂਆਤ ਕੀਤੀ ਉਪਰੰਤ ਜਿੱਥੇ ਹਰਦੀਪ, ਸਰਬਜੀਤ ਚੀਮਾ, ਗੁਰਕ੍ਰਿਪਾਲ ਸੂਰਾਪੁਰੀ, ਅਮਰਿੰਦਰ ਗਿੱਲ, ਮਲਕੀਤ ਸਿੰਘ ਯੂ ਕੇ ਅਤੇ ਗਾਇਕਾ ਬਲਜੀਤ ਮੁਹਾਲੀ ਨਾਲ ਸਟੇਜ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ ਉੱਥੇ ਹੀ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਛੇ ਸਾਲ ਤੋਂ ਵਧੇਰੇ ਸਮੇਂ ਤੱਕ ਕੋ-ਸਿੰਗਰ ਵੱਜੋਂ ਸਟੇਜਾਂ ਦਾ ਹਿੱਸਾ ਬਣਾਇਆ। ਮਨੀ ਔਜਲਾ ਸਰਦੂਲ ਸਿਕੰਦਰ-ਅਮਰ ਨੂਰੀ ਨਾਲ ਪਹਿਲੀ ਵਾਰ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਸਟਾਰ ਨਾਈਟ ਵਿੱਚ ‘ਨਾਭੇ ਦੀਏ ਬੰਦ ਬੋਤਲੇ’ ਗੀਤ ਲੈ ਕੇ ਹਾਜ਼ਰ ਹੋਇਆ ਫਿਰ ਗੀਤ ‘ਐਂਵੇ ਨਹੀ ਜੱਗ ਉੱਤੇ ਹੁੰਦੀਆਂ ਸਲਾਮਾਂ’ ਰਾਹੀਂ ਵੀ ਖੂਬ ਚਰਚਾ ਵਿੱਚ ਰਿਹਾ ਬਾਅਦ ਵਿੱਚ ਉਹ ਨਿਰਮਾਤਾ ਅਨੂਪ ਕੁਮਾਰ ਦੇ ਸਹਿਯੋਗ ਨਾਲ ਯੋ-ਯੋ ਹਨੀ ਸਿੰਘ ਦੇ ਸੰਪਰਕ ਵਿੱਚ ਆਇਆ ਅਤੇ ਉਸਦੀ ਐਲਬਮ ‘ਇੰਟਰਨੈਸ਼ਨਲ ਬਰੇਜ਼ਰ’ ਵਿੱਚ ਮਨੀ ਦਾ ਇੱਕ ਗੀਤ ‘ਅਸ਼ਕੇ’ ਰਿਕਾਰਡ ਹੋਇਆ ‘ਤੇ ਫਿਰ ਹਨੀ ਸਿੰਘ ਦੇ ਸੰਗੀਤ ਵਿੱਚ ਹੀ ਉਸਦਾ ਦੂਜਾ ਗੀਤ ‘ਸਿਫਤਾਂ ਕਰਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ’ ਆਇਆ ਤੇ ਇਸੇ ਤਰ੍ਹਾਂ ਮਨੀ ਨੂੰ ਪਹਿਲਾ ਭਾਰਤੀ ਪੰਜਾਬੀ ਗਾਇਕ ਹੋਣ ਦਾ ਇਸ ਗੱਲੋਂ ਵੀ ਮਾਣ ਹਾਸਲ ਹੈ ਕਿ ਉਸਨੇ ਇੰਗਲੈਂਡ ਦੀ ਪ੍ਰਸਿੱਧ ਅੰਗਰੇਜ਼ੀ ਗਾਇਕਾ (ਗੋਰੀ) ਨੈਂਸਡੀ ਜੋਹਨਜ ਨਾਲ ਹਨੀ ਸਿੰਘ ਦੇ ਸੰਗੀਤ ਵਿੱਚ ਇੱਕ ਗੀਤ ‘ਫਸਲਾਂ ਦੇ ਨਾਂ ਪੁੱਛਦੀ, ਗੋਰੀ ਲੰਡਨ ਤੋਂ ਆਈ ਲੱਗਦੀ’ ਰਿਕਾਰਡ ਕਰਵਾਇਆ ਜੋ ਕਾਫੀ ਪ੍ਰਸਿੱਧ ਹੋਇਆ ਉਸਦੇ ਕਈ ਹਿੱਟ ਪ੍ਰਸਿੱਧ ਟੀ ਵੀ ਚੈਨਲਾਂ ‘ਤੇ ਆਮ ਸੁਣੇ ਜਾ ਸਕਦੇ ਹਨ। ਉਸਨੇ ਬਤੌਰ ਸੰਗੀਤਕਾਰ ਨੌਜਵਾਨ ਗਾਇਕ ‘ਸਟਾਈਲਿਸ ਸਿੰਘ’ ਦੀ ਆਵਾਜ ਵਿੱਚ ਹਿੱਟ ਹੋਏ  ਗੀਤ ‘ਕੋਕਾ’ ਰਾਹੀ ਦਸਤਕ ਦਿੱਤੀਂ ਅਤੇ ਫਿਰ ਪ੍ਰੀਤ ਹਰਪਾਲ ਦੇ ਗੀਤ ‘ਸੂਟ-ਸਾਟ’ ਸਤਿੰਦਰ ਸੱਤੀ ਦੇ ਗੀਤ ‘ਗੁਲਾਬੀ ਪੱਗ’ ਰੌਸ਼ਨ ਪ੍ਰਿੰਸ ਦੇ ਗੀਤ ‘ਅੱਜ ਬਲਦੀ’ ਐਮੀ ਵਿਰਕ ਦੇ ਗੀਤ ‘ਪੱਗ ਸੁੱਕਣੀ’ ਦਿਲਪ੍ਰੀਤ ਢਿੱਲੋਂ ਦੇ ਗੀਤ ‘ਗੱਲ ਖਾਸ’ ਆਦਿ ਵਿੱਚ ਜਿੱਥੇ ਸੰਗੀਤ ਦਿੱਤਾ ਉੱਥੇ ਹੀ ਜ਼ਿੰਮੀ ਸ਼ੇਰਗਿੱਲ ਦੀ ਫਿਲਮ ‘ਮੇਰਾ ਹੀਰੋ ਨਾਮ ਯਾਦ ਰੱਖੀਂ’ ਵਿੱਚ ਵੀ ਇੱਕ ਗੀਤ ਨੂੰ ਸੰਗੀਤਬੱਧ ਕੀਤਾ ਇਸਤੋਂ ਇਲਾਵਾ ਸੂਫੀ ਸਪੈਰੋ, ਇੰਦਰਜੀਤ ਨਿੱਕੂ, ਸਿਕੰਦਰ, ਮਿਸ ਨੀਲਮ, ਅਰਮਾਨ ਬੇਦਿਲ, ਜੱਸੀ ਸੋਹਲ, ਮਾਸ਼ਾ ਅਲੀ, ਆਦਿ ਗਾਇਕਾਂ ਦੇ ਗੀਤਾਂ ਨੂੰ ਵੀ ਸੰਗੀਤਬੱਧ ਕੀਤਾ। ਮਨੀ ਔਜਲਾ ਹੁਣ ਤੱਕ ਮੁੰਬਈ, ਕਲਕੱਤਾ, ਚੇਨਈ, ਪੰਜਾਬ ਹਰਿਆਣਾ ਆਦਿ ਵਿੱਚ ਵੀ ਪੇਸ਼ਕਾਰੀਆਂ ਦੇ ਚੁੱਕਾ ਹੈ ਅਤੇ ਉਹ ਪ੍ਰਸਿੱਧ ਅਭਿਨੇਤਾ ਸ਼ਾਹਰੁਖ ਖਾਨ, ਮਾਧੁਰੀ ਦੀਕਸ਼ਤ, ਰਾਣੀ ਮੁਕਰਜੀ, ਜੈਕਲੀਨ ਫਰਨਾਂਡੇਜ ਆਦਿ ਨਾਲ ਆਸਟਰੇਲੀਆ ਅਤੇ ਨਿਊਜ਼ੀਲੈਂਡ ਆਦਿ ਵਿੱਚ ਵੀ ਸ਼ੋਅ ਕਰ ਚੁੱਕਾ ਹੈ।

Check Also

ਕਾਮੇਡੀਅਨ ਰਾਜੂ ਸ੍ਰੀਵਾਸਤਵ ਨਹੀਂ ਰਹੇ

ਦਿੱਲੀ ‘ਚ ਕੀਤਾ ਗਿਆ ਅੰਤਿਮ ਸਸਕਾਰ ਨਵੀਂ ਦਿੱਲੀ : ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਅੱਜ …