Breaking News
Home / ਫ਼ਿਲਮੀ ਦੁਨੀਆ / ਫਿਲਮ ਅਦਾਕਾਰ ਕਾਦਰ ਖਾਨ ਦਾ ਟੋਰਾਂਟੋ ‘ਚ ਦੇਹਾਂਤ

ਫਿਲਮ ਅਦਾਕਾਰ ਕਾਦਰ ਖਾਨ ਦਾ ਟੋਰਾਂਟੋ ‘ਚ ਦੇਹਾਂਤ

ਟੋਰਾਂਟੋ : ਆਪਣੇ ਦਮਦਾਰ ਸੰਵਾਦਾਂ ਤੇ ਮਜ਼ਾਹੀਆ ਟਾਈਮਿੰਗ ਲਈ ਜਾਣੇ ਜਾਂਦੇ ਉੱਘੇ ਅਦਾਕਾਰ ਕਾਦਰ ਖ਼ਾਨ ਦਾ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਟੋਰਾਂਟੋ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 81 ਵਰ੍ਹਿਆਂ ਦੇ ਸਨ। ਅਦਾਕਾਰ ਦੇ ਪੁੱਤ ਸਰਫ਼ਰਾਜ਼ ਨੇ ਆਪਣੇ ਪਿਤਾ ਦੇ ਚਲਾਣੇ ਦੀ ਪੁਸ਼ਟੀ ਕਰਦਿਆਂ ਕਿਹਾ, ‘ਮੇਰੇ ਪਿਤਾ ਸਾਨੂੰ ਵਿਛੋੜਾ ਦੇ ਗਏ ਹਨ। ਉਨ੍ਹਾਂ ਮੁਕਾਮੀ ਸਮੇਂ ਮੁਤਾਬਕ 31 ਦਸੰਬਰ ਨੂੰ ਸ਼ਾਮ 6 ਵਜੇ ਦੇ ਕਰੀਬ ਆਖਰੀ ਸਾਹ ਲਏ। ਦੁਪਹਿਰ ਨੂੰ ਉਹ ਕੋਮਾ ਵਿੱਚ ਚਲੇ ਗਏ ਸਨ। ਉਹ ਪਿਛਲੇ 16-17 ਹਫ਼ਤਿਆਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ।’ ਸਰਫ਼ਰਾਜ਼ ਮੁਤਾਬਕ ਖ਼ਾਨ ਦੀਆਂ ਅੰਤਿਮ ਰਸਮਾਂ ਕੈਨੇਡਾ ਵਿੱਚ ਹੀ ਕੀਤੀਆਂ ਜਾਣਗੀਆਂ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਪੂਰੀ ਬੌਲੀਵੁੱਡ ਇੰਡਸਟਰੀ ਨੇ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ ਹੈ। ਪਰਿਵਾਰ ਮੁਤਾਬਕ ਖ਼ਾਨ ਨੂੰ ਸਾਹ ਲੈਣ ਵਿੱਚ ਤਕਲੀਫ਼ ਮਗਰੋਂ ਡਾਕਟਰਾਂ ਨੇ ਨਿਯਮਤ ਵੈਂਟੀਲੇਟਰ ਤੋਂ ਬਾਪੈਪ ਵੈਂਟੀਲੇਟਰ ‘ਤੇ ਤਬਦੀਲ ਕਰ ਦਿੱਤਾ ਸੀ। ਰਿਪੋਰਟਾਂ ਮੁਤਾਬਕ ਉਹ ਪ੍ਰੋਗਰੈਸਿਵ ਸੁਪਰਾਨਿਊਕਲੀਅਰ ਪੈਲਸੀ ਨਾਲ ਪੀੜਤ ਸਨ। ਇਹ ਇਕ ਅਜਿਹਾ ਡੀਜੈਨਰੇਟਿਵ ਰੋਗ ਜਿਸ ਵਿੱਚ ਸੰਤੁਲਨ ਵਿੱਚ ਵਿਗਾੜ ਪੈਣ ਦੇ ਨਾਲ ਮਰੀਜ਼ ਨੂੰ ਤੁਰਨ ਫਿਰਨ ਵਿੱਚ ਮੁਸ਼ਕਲ ਆਉਂਦੀ ਹੈ ਤੇ ਉਹ ਮਨੋਰੋਗ ਦਾ ਸ਼ਿਕਾਰ ਹੋ ਜਾਂਦਾ ਹੈ।
ਕਾਦਰ ਖ਼ਾਨ ਨੇ ਦੇਸਾਈ ਲਈ ‘ਧਰਮ ਵੀਰ’, ‘ਗੰਗਾ ਜਮੁਨਾ ਸਰਸਵਤੀ’, ‘ਕੁਲੀ’, ‘ਅਮਰ ਅਕਬਰ ਐਂਥਨੀ’ ਤੇ ਮਹਿਰਾ ਲਈ ‘ਜਵਾਲਾਮੁਖੀ’, ‘ਸ਼ਰਾਬੀ’, ‘ਲਾਵਾਰਿਸ’ ਆਦਿ ਫ਼ਿਲਮਾਂ ਵਿਚ ਕੰਮ ਕੀਤਾ। ਇਸ ਦੌਰਾਨ ਖ਼ਾਨ ਨਾਲ ਇਕੱਠਿਆਂ ਕਈ ਫ਼ਿਲਮਾਂ ਕਰਨ ਵਾਲੇ ਮੈਗਾਸਟਾਰ ਅਮਿਤਾਭ ਬੱਚਨ, ਅਨੁਪਮ ਖੇਰ, ਮਨੋਜ ਬਾਜਪਾਈ ਤੇ ਅਰਜੁਨ ਕਪੂਰ ਨੇ ਅਦਾਕਾਰ ਵੱਲੋਂ ਸਿਨੇਮਾ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ। ਬੱਚਨ ਨੇ ਖ਼ਾਨ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ, ‘ਮੇਰੀਆਂ ਜ਼ਿਆਦਾਤਰ ਸਫ਼ਲ ਫ਼ਿਲਮਾਂ ਦਾ ਸਿਰੇ ਦਾ ਲੇਖਕ, ਜਿਸ ਦੀ ਸੰਗਤ ਬਹੁਤ ਸੁਖਾਵੀਂ ਸੀ ਤੇ ਜੋ ਕਮਾਲ ਦਾ ਗਣਿਤ ਸ਼ਾਸਤਰੀ ਸੀ।’ ਬਾਜਪਾਈ ਨੇ ਟਵੀਟ ਕੀਤਾ, ‘ਆਰਆਈਪੀ ਕਾਦਰ ਖ਼ਾਨ ਸਾਹਿਬ।’ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਦਰਸ਼ਕਾਂ ਨੂੰ ਉਨ੍ਹਾਂ ਦੇ ਸਭ ਤੋਂ ਹਾਸੇ ਠੱਠੇ ਵਾਲੇ ਪਲ ਦੇਣ ਦਾ ਸਿਹਰਾ ਅਦਾਕਾਰ ਸਿਰ ਬੰਨ੍ਹਿਆ। ਅਰਜੁਨ ਨੇ ਟਵੀਟ ਕੀਤਾ, ‘ਖਾਨ ਸਾਹਿਬ ਦੇ ਚਲਾਣੇ ਨਾਲ ਪਿਆ ਖੱਪਾ ਨਹੀਂ ਪੂਰਿਆ ਜਾ ਸਕਦਾ।’ ਭਾਰਤੀ ਨੈਸ਼ਨਲ ਫ਼ਿਲਮ ਆਰਕਾਈਵ ਨੇ ਵੀ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ ਹੈ।
1973 ਵਿਚ ‘ਦਾਗ’ ਫਿਲਮ ਨਾਲ ਫਿਲਮੀ ਕਰੀਅਰ ਦੀ ਕੀਤੀ ਸੀ ਸ਼ੁਰੂਆਤ : ਕਾਬੁਲ ਵਿੱਚ ਜਨਮੇ ਕਾਦਰ ਖ਼ਾਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1973 ਵਿੱਚ ਰਾਜੇਸ਼ ਖੰਨਾ ਦੀ ਫਿਲਮ ‘ਦਾਗ਼’ ਤੋਂ ਕੀਤੀ ਸੀ। ਖ਼ਾਨ ਨੇ ਆਪਣੇ ਫ਼ਿਲਮੀ ਕਰੀਅਰ ਦੌਰਾਨ ਤਿੰਨ ਸੌ ਤੋਂ ਵੱਧ ਫ਼ਿਲਮਾਂ ਕੀਤੀਆਂ। ਉਂਜ ਅਦਾਕਾਰੀ ਦੇ ਖੇਤਰ ਵਿੱਚ ਪੈਰ ਧਰਨ ਤੋਂ ਪਹਿਲਾਂ ਖ਼ਾਨ ਨੇ ਢਾਈ ਸੌ ਤੋਂ ਵੱਧ ਫ਼ਿਲਮਾਂ ਲਈ ਸੰਵਾਦ ਵੀ ਲਿਖੇ। ਪਟਕਥਾ ਲੇਖਕ ਵਜੋਂ ਖ਼ਾਨ ਨੇ ਸਭ ਤੋਂ ਵੱਧ ਫ਼ਿਲਮਸਾਜ਼ ਮਨਮੋਹਨ ਦੇਸਾਈ ਤੇ ਪ੍ਰਕਾਸ਼ ਮਹਿਰਾ ਨਾਲ ਕੰਮ ਕੀਤਾ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …