ਸਿਰਫ 8 ਮਿੰਟਾਂ ਵਿਚ ਹੱਲ ਕਰ ਦਿੱਤੇ 200 ਸਵਾਲ
ਟੋਰਾਂਟੋ/ਪ੍ਰਭਜੋਤ ਸਿੰਘ (Local Journalism Initiative Reporter)
ਕੈਨੇਡਾ ਦੇ ਸ਼ਹਿਰ ਵਿਨੀਪੈਗ ਦੀਆਂ ਪੰਜਾਬੀ ਮੂਲ ਦੀਆਂ ਦੋ ਸਕੀਆਂ ਭੈਣਾਂ ਮਨਸੀਰਤ ਕੌਰ ਸੈਣੀ ਅਤੇ ਏਕਨੂਰ ਕੌਰ ਸੈਣੀ ਨੇ 2026 ਦੇ ‘ਕੈਨੇਡਾ ਨੈਸ਼ਨਲ ਲੈਵਲ ਮੈਨਟਲ ਮੈਥ ਅਤੇ ਅਬੈਕਸ’ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬੀ ਭਾਈਚਾਰੇ ਅਤੇ ਮੈਨੀਟੋਬਾ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।
ਦੋਵਾਂ ਭੈਣਾਂ ਨੇ ਨੈਸ਼ਨਲ ਅਤੇ ਪ੍ਰੋਵਿੰਸ਼ੀਅਲ ਪੱਧਰ ’ਤੇ ਵੱਡੇ ਸਨਮਾਨ ਹਾਸਲ ਕੀਤੇ ਹਨ। ਉਨ੍ਹਾਂ ਦੇ ਨਾਲ ਹੀ ‘ਗਾਰਡਨ ਸਿਟੀ’ (ਵਿਨੀਪੈਗ ਨਾਰਥ) ਕੇਂਦਰ ਦੇ ਦੋ ਹੋਰ ਵਿਦਿਆਰਥੀਆਂ, ਗੁਰਦਿੱਤ ਮੋਧਨ ਅਤੇ ਕਿ੍ਰਸਚੀਅਨ ਓਵਨ ਅਗੁਆਯੋਏ ਨੇ ਵੀ ਕੌਮੀ ਪੱਧਰ ’ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਦੇਸ਼ ਭਰ ਦੇ ਹੋਣਹਾਰ ਬੱਚਿਆਂ ਵਿਚਾਲੇ ਹੋਣ ਵਾਲੇ ਇਸ ਵੱਕਾਰੀ ਮੁਕਾਬਲੇ ਵਿੱਚ ਬੱਚਿਆਂ ਦੀ ਯਾਦ-ਸ਼ਕਤੀ, ਇਕਾਗਰਤਾ, ਸੁਣਨ ਦੀ ਸਮਰੱਥਾ ਅਤੇ ਸਵਾਲ ਹੱਲ ਕਰਨ ਦੀ ਰਫ਼ਤਾਰ ਦੀ ਸਖ਼ਤ ਪਰਖ ਕੀਤੀ ਜਾਂਦੀ ਹੈ।
ਵਿਦਿਆਰਥੀਆਂ ਨੂੰ ਸਿਰਫ਼ ਕੁਝ ਹੀ ਮਿੰਟਾਂ ਵਿੱਚ ਗਣਿਤ ਦੇ ਸੈਂਕੜੇ ਸਵਾਲਾਂ ਦੇ ਸਹੀ ਜਵਾਬ ਦੇਣੇ ਹੁੰਦੇ ਹਨ।
ਸੈਣੀ ਭੈਣਾਂ ਦਾ ਸ਼ਾਨਦਾਰ ਪ੍ਰਦਰਸ਼ਨ: ਵੱਡੀ ਭੈਣ ਮਨਸੀਰਤ ਕੌਰ ਸੈਣੀ ਨੇ ਨੈਸ਼ਨਲ ਅਤੇ ਪ੍ਰੋਵਿੰਸ਼ੀਅਲ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਉਸ ਨੇ ਮਹਿਜ਼ 8 ਮਿੰਟਾਂ ਵਿੱਚ ਗਣਿਤ ਦੇ 200 ਸਵਾਲ ਹੱਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਉਹ ਦੇਸ਼ ਦੀਆਂ ਸਿਖਰਲੇ ਜੇਤੂਆਂ ਵਿੱਚ ਸ਼ਾਮਲ ਰਹੀ। ਛੋਟੀ ਭੈਣ ਏਕਨੂਰ ਕੌਰ ਸੈਣੀ ਨੇ ਵੀ ਆਪਣੀ ਮਿਹਨਤ ਸਦਕਾ ਨੈਸ਼ਨਲ ਮੁਕਾਬਲੇ ਵਿੱਚ ਉੱਚ ਸਨਮਾਨ ਪਾਇਆ। ਉਸ ਨੇ 8 ਮਿੰਟਾਂ ਵਿੱਚ 160 ਸਵਾਲ ਹੱਲ ਕਰਕੇ ਦੇਸ਼ ਦੇ ਸਰਵੋਤਮ ਪ੍ਰਤੀਯੋਗੀਆਂ ਵਿੱਚ ਆਪਣੀ ਜਗ੍ਹਾ ਬਣਾਈ।
ਗਾਰਡਨ ਸਿਟੀ ਦੇ ਪ੍ਰਬੰਧਕਾਂ ਨੇ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਹ ਸਫ਼ਲਤਾ ਪੂਰੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਅਜਿਹੀ ਸਿਖਲਾਈ ਨਾਲ ਬੱਚਿਆਂ ਦਾ ਆਤਮ-ਵਿਸ਼ਵਾਸ, ਇਕਾਗਰਤਾ ਅਤੇ ਸੋਚਣ ਦੀ ਸਮਰੱਥਾ ਮਜ਼ਬੂਤ ਹੁੰਦੀ ਹੈ। ਖ਼ਾਸ ਕਰਕੇ ਪੰਜਾਬੀ ਮੂਲ ਦੀਆਂ ਦੋਵਾਂ ਸਕੀਆਂ ਭੈਣਾਂ ਦੀ ਇਸ ਵੱਡੀ ਜਿੱਤ ਨੇ ਵਿਨੀਪੈਗ ਦੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ, ਜੋ ਹੋਰਨਾਂ ਬੱਚਿਆਂ ਲਈ ਵੀ ਇੱਕ ਵੱਡੀ ਪ੍ਰੇਰਨਾ ਹੈ।
ਸੈਣੀ ਭੈਣਾਂ ਨੇ ਕੈਨੇਡਾ ’ਚ ਵਧਾਇਆ ਪੰਜਾਬੀਆਂ ਦਾ ਮਾਣ
RELATED ARTICLES

