15.1 C
Toronto
Tuesday, September 15, 2026
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ ’ਚ ਨੌਜਵਾਨਾਂ ਲਈ ਰੁਜ਼ਗਾਰ ਦਾ ਸੰਕਟ, 5 ਹਜ਼ਾਰ ਨੌਕਰੀਆਂ ਲਈ 50...

ਟੋਰਾਂਟੋ ’ਚ ਨੌਜਵਾਨਾਂ ਲਈ ਰੁਜ਼ਗਾਰ ਦਾ ਸੰਕਟ, 5 ਹਜ਼ਾਰ ਨੌਕਰੀਆਂ ਲਈ 50 ਹਜ਼ਾਰ ਅਰਜ਼ੀਆਂ

ਟੋਰਾਂਟੋ ’ਚ ਨੌਜਵਾਨਾਂ ਲਈ ਰੁਜ਼ਗਾਰ ਦਾ ਸੰਕਟ, 5 ਹਜ਼ਾਰ ਨੌਕਰੀਆਂ ਲਈ 50 ਹਜ਼ਾਰ ਅਰਜ਼ੀਆਂਰੁਜ਼ਗਾਰ ਦੀ ਘਾਟ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ ਅਤੇ ਮਾਨਸਿਕ ਤਣਾਅ ਵਧਿਆ
ਟੋਰਾਂਟੋ/ਪ੍ਰਭਜੋਤ ਸਿੰਘ (Local Journalism Initiative Reporter)
ਕੈਨੇਡਾ ਦੇ ਟੋਰਾਂਟੋ ’ਚ ਨੌਜਵਾਨਾਂ ਲਈ ਰੁਜ਼ਗਾਰ ਦਾ ਸੰਕਟ ਏਨਾ ਜ਼ਿਆਦਾ ਵਧ ਗਿਆ ਹੈ ਕਿ 5 ਹਜ਼ਾਰ ਨੌਕਰੀਆਂ ਲਈ 50 ਹਜ਼ਾਰ ਨੌਜਵਾਨਾਂ ਨੇ ਅਰਜ਼ੀਆਂ ਭੇਜੀਆਂ ਹਨ। ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ (ਸੀਐਨਈ) ਵੱਲੋਂ ਮਹਿਜ਼ ਕੁਝ ਸੌ ਸੀਜ਼ਨਲ ਅਤੇ ਸੋਲ੍ਹਾਂ ਦਿਨਾਂ ਦੀਆਂ ਨੌਕਰੀਆਂ ਲਈ ਦਿੱਤੇ ਗਏ ਇਸ਼ਤਿਹਾਰ ਉੱਤੇ ਹੈਰਾਨੀਜਨਕ ਤੌਰ ’ਤੇ ਕਰੀਬ 50 ਹਜ਼ਾਰ ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਹਨ।
ਗ੍ਰੇਟਰ ਟੋਰਾਂਟੋ ਏਰੀਆ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ ਦੇ 17 ਫੀਸਦੀ ਦੇ ਖਤਰਨਾਕ ਪੱਧਰ ਤੱਕ ਪਹੁੰਚਣ ਨੇ ਨੌਜਵਾਨ ਵਰਗ ਦੇ ਭਵਿੱਖ ’ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਸੀਐਨਈ ਦੇ ਐਨਰਕੇਅਰ ਸੈਂਟਰ ਵਿਚ ਲੱਗੇ ਸਾਲਾਨਾ ਜੌਬ ਫੇਅਰ ਦੌਰਾਨ ਨੌਜਵਾਨਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ।
ਪ੍ਰਬੰਧਕਾਂ ਮੁਤਾਬਕ ਉਨ੍ਹਾਂ ਕੋਲ ਕੁੱਲ ਮਿਲਾ ਕੇ ਕਰੀਬ 5 ਹਜ਼ਾਰ ਅਸਾਮੀਆਂ ਹਨ, ਜਿਨ੍ਹਾਂ ਵਿੱਚ ਕੈਸ਼ੀਅਰ, ਰਿਟੇਲ ਸਟਾਫ਼, ਗੇਮ ਅਟੈਂਡੈਂਟ, ਫੂਡ ਸਰਵਿਸ ਅਤੇ ਗਾਈਡਾਂ ਵਰਗੀਆਂ ਨੌਕਰੀਆਂ ਸ਼ਾਮਲ ਹਨ। ਇਨ੍ਹਾਂ ਅਹੁਦਿਆਂ ਲਈ 50 ਹਜ਼ਾਰ ਤੋਂ ਵੱਧ ਆਨਲਾਈਨ ਅਰਜ਼ੀਆਂ ਦਾ ਆਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਹਰੇਕ ਇੱਕ ਨੌਕਰੀ ਲਈ ਸਿੱਧਾ ਮੁਕਾਬਲਾ ਕਰੀਬ 10 ਉਮੀਦਵਾਰਾਂ ਵਿੱਚ ਹੈ।
ਇਹ ਅੰਕੜੇ ਸਿਰਫ਼ ਇੱਕ ਮੇਲੇ ਦੀ ਕਹਾਣੀ ਨਹੀਂ ਹਨ, ਸਗੋਂ ਕੈਨੇਡਾ ਵਿੱਚ ਐਂਟਰੀ-ਪੱਧਰ ਦੀਆਂ ਨੌਕਰੀਆਂ ਦੇ ਬਾਜ਼ਾਰ ਦੀ ਖ਼ਸਤਾ ਹਾਲਤ ਨੂੰ ਬਿਆਨ ਕਰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਗੁਜ਼ਾਰਾ ਕਰਨ ਲਈ ਪਾਰਟ-ਟਾਈਮ ਜਾਂ ਮੌਸਮੀ ਕੰਮ ਲੱਭ ਰਹੇ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਹੁਣ ਮਾਮੂਲੀ ਨੌਕਰੀ ਹਾਸਲ ਕਰਨਾ ਵੀ ਬਹੁਤ ਔਖਾ ਹੋ ਗਿਆ ਹੈ। ਅੰਕੜੇ ਦੱਸਦੇ ਹਨ ਕਿ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਇਸ ਸਾਲ ਅਪ੍ਰੈਲ ਵਿੱਚ ਸਿਖਰ ’ਤੇ ਪਹੁੰਚਦਿਆਂ ਕਰੀਬ 17 ਫੀਸਦੀ ਤੱਕ ਜਾ ਪਹੁੰਚੀ ਸੀ।
ਇਸ ਗੰਭੀਰ ਆਰਥਿਕ ਮੰਦਹਾਲੀ ਕਾਰਨ ਸਿਰਫ਼ ਸਥਾਨਕ ਨੌਜਵਾਨ ਹੀ ਨਹੀਂ, ਸਗੋਂ ਕੈਨੇਡਾ ਆਏ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਓਪਨ ਵਰਕ ਪਰਮਿਟ ’ਤੇ ਕੰਮ ਦੀ ਭਾਲ ਕਰ ਰਹੇ ਨੌਜਵਾਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਰੁਜ਼ਗਾਰ ਦੀ ਇਸ ਘਾਟ ਨੇ ਨੌਜਵਾਨਾਂ ਵਿੱਚ ਨਿਰਾਸ਼ਾ ਅਤੇ ਮਾਨਸਿਕ ਤਣਾਅ ਨੂੰ ਵਧਾ ਦਿੱਤਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਵਾਰ ਸੀਐਨਈ ਪ੍ਰਬੰਧਕਾਂ ਨੇ ਮੈਟਰੋਲਿੰਕਸ, ਵਾਈ.ਐੱਮ.ਸੀ.ਏ. ਅਤੇ ਰਾਇਲ ਅੰਟਾਰੀਓ ਮਿਊਜ਼ੀਅਮ ਵਰਗੀਆਂ ਹੋਰਨਾਂ ਏਜੰਸੀਆਂ ਨਾਲ ਵੀ ਹੱਥ ਮਿਲਾਇਆ ਹੈ ਤਾਂ ਜੋ ਨੌਜਵਾਨਾਂ ਨੂੰ ਸਿਰਫ਼ ਮੇਲੇ ਦੌਰਾਨ ਹੀ ਨਹੀਂ, ਸਗੋਂ ਲੰਬੇ ਸਮੇਂ ਲਈ ਵੀ ਰੁਜ਼ਗਾਰ ਦੇ ਮੌਕੇ ਜਾਂ ਮਾਰਗ ਦਰਸ਼ਨ ਮਿਲ ਸਕੇ।
ਇਸ ਤੋਂ ਇਲਾਵਾ ਜੌਬ ਫੇਅਰ ਵਿੱਚ ਨੌਜਵਾਨਾਂ ਨੂੰ ਰੈਜ਼ਿਊਮ ਬਣਾਉਣ ਵਿੱਚ ਮਦਦ ਅਤੇ ਮੁਫ਼ਤ ਫ਼ੋਟੋਗਰਾਫੀ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਤਾਂ ਜੋ ਉਨ੍ਹਾਂ ਦੀ ਕਾਮਯਾਬੀ ਦਾ ਥੋੜ੍ਹਾ ਬਹੁਤ ਰਾਹ ਸੌਖਾ ਕੀਤਾ ਜਾ ਸਕੇ।

 

RELATED ARTICLES
POPULAR POSTS