13.2 C
Toronto
Monday, September 14, 2026
spot_img
Homeਜੀ.ਟੀ.ਏ. ਨਿਊਜ਼ਗ਼ਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਵੱਲੋਂ ‘ਅਮਰੀਕਾ ਦੇ ਗਦਰੀ ਯੋਧੇ’ ਕਿਤਾਬ ਲੋਕ ਅਰਪਣ...

ਗ਼ਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਵੱਲੋਂ ‘ਅਮਰੀਕਾ ਦੇ ਗਦਰੀ ਯੋਧੇ’ ਕਿਤਾਬ ਲੋਕ ਅਰਪਣ ਤੇ ਵਿਚਾਰ ਗੋਸ਼ਟੀ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਦੀ ਪੁਰਜ਼ੋਰ ਮੰਗ ਉੱਠੀ
ਸਰੀ/ਪ੍ਰਭਜੋਤ ਸਿੰਘ
ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ ਅਤੇ ਲੇਖਕ ਸੋਹਣ ਸਿੰਘ ਪੂੰਨੀ ਦੀ ਕਿਤਾਬ ‘ਅਮਰੀਕਾ ਦੇ ਗਦਰੀ ਯੋਧੇ’ ਖਾਲਸਾ ਲਾਇਬਰੇਰੀ ਸਰੀ ਵਿਖੇ ਵੱਡੇ ਸਾਹਿਤਕ ਇਕੱਠ ਵਿੱਚ ਲੋਕ ਅਰਪਣ ਕੀਤੀ ਗਈ। ਪ੍ਰਭਾਵਸ਼ਾਲੀ ਸਮਾਗਮ ਵਿੱਚ ਕੈਨੇਡਾ ਦੀਆਂ ਸਾਹਿਤਕ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਿਕ ਅਗਾਂਹਵਧੂ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ, ਗਦਰੀ ਯੋਧਿਆਂ ਦੇ ਪਰਿਵਾਰਾਂ ਨਾਲ ਸਬੰਧਿਤ ਸ਼ਖਸੀਅਤਾਂ ਨੇ ਹਿੱਸਾ ਲਿਆ, ਜਿਹਨਾਂ ਵਿੱਚ ਕੈਨੇਡਾ ’ਚ ਵੋਟ ਦਾ ਹੱਕ ਦਿਵਾਉਣ ਵਾਲੇ ਭਾਈ ਨਗਿੰਦਰ ਸਿੰਘ ਗਿੱਲ ਚੂਹੜਚੱਕ ਦੇ ਪੁੱਤਰ ਸੁਖਵਿੰਦਰ ਸਿੰਘ ਗਿੱਲ ਅਤੇ ਕੈਨੇਡਾ ਦੀ ਇਤਿਹਾਸਿਕ ਡਾਇਰੀ ਲਿਖਣ ਵਾਲੇ ਭਾਈ ਅਰਜਨ ਸਿੰਘ ਚੰਦ ਨਵਾਂ ਦੇ ਪੁੱਤਰ ਅਮਰਜੀਤ ਸਿੰਘ ਬਰਾੜ ਤੇ ਹੋਰ ਕਈ ਪਰਿਵਾਰ ਸ਼ਾਮਿਲ ਹੋਏ।
ਕਿਤਾਬ ‘ਅਮਰੀਕਾ ਦੇ ਗਦਰੀ ਯੋਧੇ’ ’ਤੇ ਹੋਈ ਵਿਚਾਰ ਗੋਸ਼ਟੀ ’ਚ ਬੋਲਦਿਆਂ ਲੇਖਕ ਅਤੇ ਪੰਜਾਬੀ ਪ੍ਰੈੱਸ ਕਲੱਬ ਬੀਸੀ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਗ਼ਦਰੀ ਯੋਧਿਆਂ ਦੀਆਂ ਜੀਵਨੀਆਂ ਵਿੱਚ ਦਰਜ ਬਿਆਨਾਂ ਦਾ ਨਿਚੋੜ ਇਹ ਹੈ ਕਿ 15 ਅਗਸਤ 1947 ਸਿਰਫ ਸੱਤਾ ਪਰਿਵਰਤਨ ਸੀ, ਨਾ ਕਿ ਗ਼ਦਰੀਆਂ ਵਾਲੀ ਆਜ਼ਾਦੀ।
ਭੁੱਲੇ-ਵਿਸਰੇ ਗ਼ਦਰੀ ਯੋਧਿਆਂ ਬਾਰੇ ਮੌਲਿਕ ਲਿਖਤਾਂ ਦੀ ਘਾਲਣਾ ਲਈ ਉਹਨਾਂ, ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਦੇਣ ਲਈ ਮੰਗ ਰੱਖੀ, ਜੋ ਸਮਾਗਮ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਨੇ ਭਰਪੂਰ ਹੁੰਗਾਰੇ ਨਾਲ ਪ੍ਰਵਾਨ ਕੀਤੀ।
ਸਮਾਗਮ ਦਾ ਸੰਚਾਲਣ ਕਰਦਿਆਂ ਡਾ. ਸੁਰਿੰਦਰਜੀਤ ਸਿੰਘ ਭੇਲਾ ਨੇ ਗ਼ਦਰ ਮੈਮੋਰੀਅਲ ਸੁਸਾਇਟੀ ਦੀ ਸਥਾਪਨਾ, ਇਤਿਹਾਸ ਅਤੇ ਮਨੋਰਥ ਬਾਰੇ ਚਾਨਣਾ ਪਾਇਆ ਅਤੇ ਗ਼ਦਰ ਨਾਲ ਸਬੰਧਿਤ ਇਤਿਹਾਸਿਕ ਦਾਸਤਾਵੇਜ਼ ਸੰਗ੍ਰਹਿਤ ਕਰਨ ਦੀ ਵਚਨਬੱਧਤਾ ਪ੍ਰਗਟਾਈ।
ਸਮਾਗਮ ਵਿੱਚ ਸ਼ਾਮਿਲ ਬੁਲਾਰਿਆਂ ’ਚ ਇੰਜੀਨੀਅਰ ਜਗਰੂਪ ਸਿੰਘ ਖੇੜਾ ਨੇ ਸਮੂਹ ਜਥੇਬੰਦੀਆਂ ਦਾ ਸਵਾਗਤ ਕੀਤਾ, ਜਦਕਿ ਕਾਮਰੇਡ ਆਗੂ ਭੁਪਿੰਦਰ ਸਿੰਘ ਮੱਲੀ ਨੇ ਗਦਰੀ ਬਾਬਾ ਜਵਾਲਾ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਮਰੇਡੀ ਫਿਲਾਸਫੀ ਤਾਂ ਸਿੱਖੀ ਵਿੱਚ ਸਮਾ ਸਕਦੀ ਹੈ, ਪਰ ਸਿੱਖੀ ਦਾ ਦਾਇਰਾ ਇਸ ਤੋਂ ਕਿਤੇ ਵਿਸ਼ਾਲ ਹੈ।
ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਦੇ ਖੋਜੀ ਅਤੇ ਅਤੇ ਗਦਰੀ ਭਾਈ ਅਰਜਨ ਸਿੰਘ ਚੰਦ ਨਵਾਂ ਦੀ ਡਾਇਰੀ ਦੇ ਸੰਪਾਦਕ ਡਾ. ਪੂਰਨ ਸਿੰਘ ਗਿੱਲ, ਗਦਰ ਸਾਹਿਤ ਪ੍ਰੇਮੀ ਸ਼੍ਰੀ ਧਰਮਪਾਲ ਸ਼ਰਮਾ, ਹਰਚਰਨ ਸਿੰਘ ਸੰਧੂ, ਜਤਿੰਦਰ ਸਿੰਘ ਜੇ ਮਿਨਹਾਸ, ਅਵਤਾਰ ਸਿੰਘ ਢਿੱਲੋਂ, ਪ੍ਰਧਾਨ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸੁਸਾਇਟੀ, ਡਾ. ਪ੍ਰਗਟ ਸਿੰਘ ਭੁਰਜੀ ਅਤੇ ਗੁਰਨੂਰ ਸਿੰਘ, ਨੌਜਵਾਨ ਆਗੂ ਕੁਵਿੰਟਲਨ ਯੂਨੀਵਰਸਿਟੀ, ਸਰੀ ਸ਼ਾਮਿਲ ਹੋਏ।
‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ ਸਮਾਗਮ ਦੌਰਾਨ ਕੈਨੇਡਾ ਦੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਲੇਖਕ ਸੋਹਣ ਸਿੰਘ ਪੂੰਨੀ ਅਤੇ ਉਨਾਂ ਦੀ ਸੁਪਤਨੀ ਬੀਬੀ ਵਿਨੀ ਪੂੰਨੀ ਸਮੇਤ, ਵਿਸ਼ਵ ਸਿੱਖ ਸੰਸਥਾ ਦੀ ਸਾਬਕਾ ਪ੍ਰਧਾਨ ਗਿਆਨ ਸਿੰਘ ਸੰਧੂ, ਗੁਰਮੀਤ ਸਿੰਘ ਧਾਲੀਵਾਲ, ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ, ਮਰਹੂਮ ਚਿੱਤਰਕਾਰ ਜਰਨੈਲ ਸਿੰਘ ਦੀ ਪਤਨੀ ਬਲਜੀਤ ਕੌਰ, ਨੀਤੀ ਸਿੰਘ, ਸ਼ਬਨਮ ਮੱਲੀ, ਪ੍ਰਕਾਸ਼ ਕੌਰ ਬਰਾੜ, ਵਣਜਾਰਾ ਨੋਮੈਡ ਕਲੈਕਸ਼ਨ ਦੇ ਰਾਜ ਸਿੰਘ ਭੰਡਾਲ, ਸਾਇੰਸਦਾਨ ਡਾ. ਕੁਲਵੰਤ ਸਿੰਘ ਥਿੰਦ, ਵੈਨਕੂਵਰ ਵਿਚਾਰ ਮੰਚ ਦੇ ਮੋਹਨ ਗਿੱਲ, ਰਜਿੰਦਰ ਸਿੰਘ ਪੰਧੇਰ, ਸਿੱਖ ਵਿਚਾਰ ਮੰਚ ਦੇ ਕੇਸਰ ਸਿੰਘ ਕੂਨਰ, ਬਲਵੀਰ ਸਿੰਘ ਸੰਘਾ, ਗਜ਼ਲ ਮੰਚ ਦੇ ਰਾਜਵੰਤ ਰਾਜ ਬਾਗੜੀ, ਸ੍ਰੀ ਰਾਮ ਆਸਰਾ, ਗੁਰਮੁਖ ਸਿੰਘ ਦਿਓਲ ਅਤੇ ਪੰਜਾਬੀ ਰੰਗ ਮੰਚ ਦੀ ਹਸਤੀ ਗੁਰਦੀਪ ਸਿੰਘ ਭੁੱਲਰ ਸਮੇਤ ਰੇਡੀਓ, ਟੈਲੀਵਿਜ਼ਨ ਅਤੇ ਅਖਬਾਰਾਂ ਨਾਲ ਸੰਬੰਧਤ ਮੀਡੀਆ ਕਰਮੀ ਹਾਜ਼ਰ ਸਨ। ਕਰੀਬ ਤਿੰਨ ਘੰਟੇ ਤੱਕ ਚੱਲਿਆ ਗਿਆਨ ਅਤੇ ਖੋਜ ਭਰਪੂਰ ਪ੍ਰੋਗਰਾਮ, ਗਦਰ ਲਹਿਰ ਅਤੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਬਾਰੇ ਹਲੂਣਾ ਦਿੰਦਾ, ਯਾਦਗਾਰੀ ਹੋ ਨਿਬੜਿਆ। ਇੱਥੇ ਦੱਸਣਯੋਗ ਹੈ ਕਿ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਵੀ ਅਮਰੀਕਾ ਦੇ ਗਦਰੀ ਯੋਧੇ ਕਿਤਾਬ ਦਾ ਲੋਕ ਅਰਪਣ ਸਮਾਗਮ, ਇੱਕ ਰੋਜ਼ਾ ਕੌਮਾਂਤਰੀ ਕਾਨਫਰੰਸ ਮੌਕੇ ਕੀਤਾ ਗਿਆ, ਜਿਸ ਦੌਰਾਨ ਪੰਜਾਬ, ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ।

RELATED ARTICLES
POPULAR POSTS