700 ਅਮਰੀਕੀ ਉਤਪਾਦਾਂ ’ਤੇ ਲੱਗੇਗੀ ਡਿਊਟੀ
ਓਟਵਾ/ਪ੍ਰਭਜੋਤ ਸਿੰਘ
ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਅਮਰੀਕਾ ਵੱਲੋਂ ਕੈਨੇਡੀਅਨ ਸਮਾਨ ’ਤੇ ਲਗਾਏ ਗਏ ਨਵੇਂ ਟੈਰਿਫ਼ਾਂ ਦੇ ਜਵਾਬ ਵਿੱਚ ਕਰੀਬ 27.6 ਬਿਲੀਅਨ ਕੈਨੇਡੀਅਨ ਡਾਲਰ ਮੁੱਲ ਦੇ ਅਮਰੀਕੀ ਉਤਪਾਦਾਂ ’ਤੇ ਜਵਾਬੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਇਹ ਨਵੇਂ ਟੈਰਿਫ਼ 8 ਸਤੰਬਰ 2026 ਤੋਂ ਲਾਗੂ ਹੋਣਗੇ। ਸਰਕਾਰ ਮੁਤਾਬਕ ਕਰੀਬ 700 ਅਮਰੀਕੀ ਉਤਪਾਦਾਂ ਨੂੰ 15, 25 ਅਤੇ 50 ਫੀਸਦੀ ਦੀਆਂ ਵੱਖ-ਵੱਖ ਦਰਾਂ ਅਧੀਨ ਲਿਆਂਦਾ ਗਿਆ ਹੈ।
ਇਨ੍ਹਾਂ ਵਿੱਚ ਮੇਕਅਪ ਅਤੇ ਪਰਫਿਊਮ, ਸਮਾਰਟਫੋਨ, ਦੁੱਧ ਉਤਪਾਦ, ਰਸੋਈ ਦਾ ਸਮਾਨ, ਪਲਾਈਵੁੱਡ, ਕਾਗਜ਼ੀ ਉਤਪਾਦ, ਕਟਲਰੀ, ਦਰਵਾਜ਼ੇ ਅਤੇ ਖਿੜਕੀਆਂ ਵਰਗੀਆਂ ਚੀਜ਼ਾਂ ਸ਼ਾਮਲ ਹਨ। ਸਟੀਲ ਅਤੇ ਐਲੂਮੀਨੀਅਮ ਸਮੇਤ ਕੁਝ ਉਤਪਾਦਾਂ ’ਤੇ ਟੈਰਿਫ਼ 25 ਤੋਂ ਵਧਾ ਕੇ 50 ਫੀਸਦੀ ਕੀਤਾ ਜਾਵੇਗਾ। ਵੱਡੇ ਕਿਚਨ ਉਪਕਰਨਾਂ, ਕੁਝ ਸਮੁੰਦਰੀ ਖਾਣੇ ਅਤੇ ਟੈਕਸਟਾਈਲ ਉਤਪਾਦਾਂ ’ਤੇ 25 ਫੀਸਦੀ, ਜਦਕਿ ਏਅਰ ਕੰਡੀਸ਼ਨਿੰਗ ਮਸ਼ੀਨਾਂ ਵਰਗੀਆਂ ਕੁਝ ਵਸਤਾਂ ’ਤੇ 15 ਫੀਸਦੀ ਟੈਰਿਫ ਲੱਗੇਗਾ। ਊਰਜਾ ਨਾਲ ਸਬੰਧਤ ਉਤਪਾਦ ਇਸ ਸੂਚੀ ਵਿੱਚ ਸ਼ਾਮਲ ਨਹੀਂ ਹਨ। ਕੈਨੇਡਾ ਸਰਕਾਰ ਨੇ ਇਸਦੇ ਨਾਲ ਟੈਰਿਫ਼ਾਂ ਤੋਂ ਪ੍ਰਭਾਵਿਤ ਕਾਮਿਆਂ ਅਤੇ ਕਾਰੋਬਾਰਾਂ ਲਈ 7.5 ਬਿਲੀਅਨ ਡਾਲਰ ਦਾ ਸਹਾਇਤਾ ਪੈਕੇਜ ਵੀ ਐਲਾਨਿਆ ਹੈ। ਇਸ ਵਿੱਚ ਰੋਜ਼ਗਾਰ ਬੀਮਾ (ਈਆਈ) ਦੇ ਨਿਯਮਾਂ ਵਿੱਚ ਅਸਥਾਈ ਤਬਦੀਲੀਆਂ, ਕਾਰੋਬਾਰਾਂ ਲਈ ਵਾਧੂ ਕਰਜ਼ਾ ਅਤੇ ਹੋਰ ਸਹਾਇਤਾ ਅਤੇ ਖੇਤਰੀ ਆਰਥਿਕ ਵਿਕਾਸ ਲਈ ਨਵੀਂ ਫੰਡਿੰਗ ਸ਼ਾਮਲ ਹੈ। ਸਰਕਾਰ ਕੁਝ ਯੋਗ ਕਾਮਿਆਂ ਲਈ ਈਆਈ ਦੀ ਇੱਕ ਹਫ਼ਤੇ ਦੀ ਉਡੀਕ ਮਿਆਦ ਖ਼ਤਮ ਕਰਨ ਅਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਕਾਮਿਆਂ ਨੂੰ 20 ਹਫ਼ਤਿਆਂ ਤੱਕ ਵਾਧੂ ਲਾਭ ਦੇਣ ਵਰਗੇ ਕਦਮ ਵੀ ਚੁੱਕ ਰਹੀ ਹੈ। ਇਹ ਕਦਮ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਧ ਰਹੇ ਵਪਾਰਕ ਤਣਾਅ ਦਰਮਿਆਨ ਆਇਆ ਹੈ। ਦੋਵਾਂ ਦੇਸ਼ਾਂ ਵਿਚਕਾਰ ਹਾਲੀਆ ਗੱਲਬਾਤ ਵਿੱਚ ਕੋਈ ਸਮਝੌਤਾ ਨਾ ਹੋਣ ਤੋਂ ਬਾਅਦ ਕੈਨੇਡਾ ਨੇ ਅਮਰੀਕੀ ਟੈਰਿਫ਼ਾਂ ਦਾ ਜਵਾਬ ਦੇਣ ਦਾ ਫੈਸਲਾ ਕੀਤਾ ਹੈ।
ਕੈਨੇਡਾ ਨੇ ਅਮਰੀਕੀ ਸਮਾਨ ’ਤੇ ਜਵਾਬੀ ਟੈਰਿਫ ਲਗਾਉਣ ਦਾ ਕੀਤਾ ਐਲਾਨ
RELATED ARTICLES

