ਕਾਂਗਰਸ ਦੇ ਆਗੂ ਤੇ ਉੱਤਰਾਖੰਡ ਦੇ ਸਾਬਕਾ ਮੁੱਖਮੰਤਰੀ ਘਿਰੇ ਬਦਨਾਮੀ ‘ਚ
ਰੇਡ ‘ਚ ਮਿਲੇ 32 ਰੁਪਏ ਲੱਖ ਨਗਦ ਅਤੇ 12 ਬੇਸ਼ਕੀਮਤੀ ਘੜੀਆਂ
ਦੇਹਰਾਦੂਨ/ਚੰਡੀਗੜ੍ਹ, 12 ਸਤੰਬਰ, 2026 ।
ਇੱਕ ਪਾਸੇ ਰਾਹੁਲ ਗਾਂਧੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ‘ਛਾਤਰੋਂ ਕੀ ਗੂੰਜ’ ਦੇ ਜਰੀਏ ਜਾਗ੍ਰਿਤੀ ਪੈਦਾ ਕਰਨ ‘ਚ ਲੱਗੇ ਹੋਏ ਨੇ ਤੇ ਦੂਜੇ ਪਾਸੇ ਉਹਨਾਂ ਦੀ ਹੀ ਪਾਰਟੀ ਤੇ ਲੋਕ ਰਿਸ਼ਵਤ ਲੈ ਕੇ ਪਾਰਟੀ ਦੀ ਬਦਨਾਮੀ ਕਰਵਾ ਰਹੇ ਹਨ। ਸਾਬਕਾ ਮੁੱਖਮੰਤਰੀ ਹਰੀਸ਼ ਰਾਵਤ ਦੇ ਪੀਏ ਦੇ ਰਿਸ਼ਵਤ ਕਾਂਡ ਨੇ ਅਜਿਹਾ ਹਲੂਣਾ ਦਿੱਤਾ ਹੈ ਕਿ ਰਾਵਤ ਨੂੰ ਆਪਣਾ ਇਸਤੀਫ਼ਾ ਦੇ ਕੇ ਜਾਨ ਬਚਾਉਣੀ ਪਈ। ਪ੍ਰੰਤੂ ਗੱਲ ਐਥੇ ਹੀ ਨਹੀਂ ਰੁਕਣ ਵਾਲੀ ਕਿਉਂਕਿ ਮਾਮਲਾ ਕਾਫੀ ਤੂਲ ਪਕੜ ਚੁੱਕਾ ਹੈ। ਸਿਰਫ਼ ਇਸਤੀਫ਼ਾ ਦੇਣ ਨਾਲ ਕਲੰਕ ਨਹੀਂ ਧੋਇਆ ਜਾ ਸਕੇਗਾ ਇਸਦੇ ਲਈ ਹੋਰ ਬਹੁਤ ਕੁੱਝ ਦਰਕਾਰ ਹੈ। ਪਾਰਟੀ ਪ੍ਰਧਾਨ ਖੜਗੇ ਕੀ ਐਕਸ਼ਨ ਲੈਂਦੇ ਹਨ, ਇਹ ਵੇਖਣ ਵਾਲੀ ਗੱਲ ਹੋਵੇਗੀ।
ਉੱਤਰਾਖੰਡ ਦੇ ਸਾਬਕਾ ਮੁੱਖਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਰਾਵਤ ਨੇ ਸ਼ਨੀਵਾਰ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਇਹ ਕਦਮ ਉਦੋਂ ਚੁੱਕਿਆ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਨ੍ਹਾਂ ਦੇ ਨਿੱਜੀ ਸਹਾਇਕ ਦੇ ਘਰੋਂ ਇੱਕ ਰੇਡ ਦੌਰਾਨ ਲੱਖਾਂ ਦੀ ਨਕਦੀ ਅਤੇ ਗਹਿਣੇ ਬਰਾਮਦ ਕੀਤੇ। ਹੁਣ ਰਾਵਤ ਇਹ ਕਹਿ ਰਹੇ ਨੇ ਕਿ ਉਨ੍ਹਾਂ ਨੇ ਇਹ ਫ਼ੈਸਲਾ ਇਸ ਲਈ ਲਿਆ ਤਾਂ ਜੋ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਮੁਹਿੰਮ ‘ਤੇ ਕੋਈ ਮਾੜਾ ਅਸਰ ਨਾ ਪਵੇ। ਰਾਹੁਲ ਗਾਂਧੀ ਰਾਵਤ ਦੀ ਸਫਾਈ ਤੇ ਕੀ ਕਹਿੰਦੇ ਹਨ ਇਸਦਾ ਪਤਾ ਬਾਅਦ ਵਿੱਚ ਲੱਗੇਗਾ।
ਪਿਛਲੇ ਵੀਰਵਾਰ ਨੂੰ ਈਡੀ ਨੇ, ਰਾਵਤ ਦੇ ਪੀਏ ਚੰਦਨ ਸਿੰਘ ਜੀਨਾ ਦੇ ਟਿਕਾਣੇ ਤੇ ਰੇਡ ਮਾਰ ਕੇ ਇੱਕ ਦਰਜਨ ਮਹਿੰਗੀਆਂ ਘੜੀਆਂ ਅਤੇ 32 ਲੱਖ ਰੁਪਏ ਦੀ ਨਗਦੀ ਜ਼ਬਤ ਕੀਤੀ ਸੀ। ਇਸ ਤੋਂ ਪਹਿਲਾਂ ਜੀਨਾ 2014 ਤੋਂ 2017 ਦੌਰਾਨ ਰਾਵਤ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ‘ਸਪੈਸ਼ਲ ਡਿਊਟੀ ਅਫਸਰ’ (ਓਐਸਡੀ) ਵੀ ਰਹਿ ਚੁੱਕੇ ਹਨ। ਈਡੀ ਮੁਤਾਬਿਕ ਇਹ ਛਾਪੇਮਾਰੀ ਉਸ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਸੀ, ਜੋ ਰਾਜ ਸੇਵਾ ਚੋਣ ਕਮਿਸ਼ਨ ਦੁਆਰਾ 2016 ਵਿੱਚ ਕਰਵਾਈ ਗਈ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੀ ਹੋਈ ਹੈ।
ਹਰੀਸ਼ ਰਾਵਤ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ ਕਿ, ਹਾਲਾਂਕਿ ਉਹ ਭਰਤੀ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਦੇ ਉਨ੍ਹਾਂ ਦੋਸ਼ਾਂ ‘ਤੇ ਯਕੀਨ ਨਹੀਂ ਕਰਦੇ ਜੋ ਜੀਨਾ ‘ਤੇ ਲਗਾਏ ਗਏ ਹਨ, ਪਰ ਉਹ ਬਿਲਕੁਲ ਨਹੀਂ ਚਾਹੁੰਦੇ ਕਿ ਇਸ ਮੁੱਦੇ ਕਾਰਨ ਪਾਰਟੀ ਦੀ ਮੁਹਿੰਮ ਕਮਜ਼ੋਰ ਪਵੇ। ਰਾਵਤ ਨੇ ਪੋਸਟ ਵਿੱਚ ਕਿਹਾ, “ਸ੍ਰੀ ਜੀਨਾ ਬਹੁਤ ਹੀ ਨੇਕ, ਨਿਮਰ ਅਤੇ ਮਿਹਨਤੀ ਵਿਅਕਤੀ ਹਨ। ਜੇਕਰ ਇਸ ਗੱਲ ਦਾ ਕੋਈ ਸਬੂਤ ਮਿਲਦਾ ਹੈ ਕਿ ਉਨ੍ਹਾਂ ਨੇ ਪੇਂਡੂ ਵਿਕਾਸ ਅਧਿਕਾਰੀਆਂ ਦੀ ਭਰਤੀ ਦੌਰਾਨ ਓਐਮਆਰ ਸ਼ੀਟਾਂ ਨਾਲ ਛੇੜਛਾੜ ਕੀਤੀ ਜਾਂ ਕੋਈ ਅਜਿਹੀ ਗਲਤੀ ਕੀਤੀ, ਤਾਂ ਮੈਨੂੰ ਇਸ ਕਥਿਤ ਦਲੇਰਾਨਾ (ਗਲਤ) ਕੰਮ ‘ਤੇ ਸ਼ਰਮ ਆਵੇਗੀ। ਹਾਲਾਂਕਿ, ਮੈਂ ਇਨ੍ਹਾਂ ਦੋਸ਼ਾਂ ‘ਤੇ ਬਿਲਕੁਲ ਵੀ ਯਕੀਨ ਨਹੀਂ ਕਰਦਾ।” ਰਾਵਤ ਨੇ ਕਿਹਾ ਕਿ ਰਾਹੁਲ ਗਾਂਧੀ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਰਾਹੀਂ ਸਿੱਖਿਆ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾ ਰਹੇ ਹਨ।
ਰਾਵਤ ਨੇ ਪੋਸਟ ਤੇ ਲਿਖਿਆ ਹੈ, “ਇਸ ਲਈ, ਮੈਂ ਇੱਕ ਵੱਡਾ ਫੈਸਲਾ ਲਿਆ ਹੈ, ਮੈਂ ਉਤਰਾਖੰਡ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਾਰਜਕਾਰੀ ਕਮੇਟੀ ਦਾ ਮੈਂਬਰ ਹਾਂ ਅਤੇ ਰਾਸ਼ਟਰੀ ਪੱਧਰ ‘ਤੇ ਕਾਂਗਰਸ ਵਰਕਿੰਗ ਕਮੇਟੀ ਦਾ ਸਥਾਈ ਸੱਦਾ-ਪ੍ਰਾਪਤ ਮੈਂਬਰ ਹਾਂ। ਮੈਂ ਬਹੁਤ ਨਿਮਰਤਾ ਨਾਲ ਇਨ੍ਹਾਂ ਦੋਵਾਂ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।”
ਉਹਨਾਂ ਕਿਹਾ, “ਕੇਂਦਰੀ ਜਾਂਚ ਬਿਊਰੋ (ਸੀਬੀਆਈ) ਆਮ ਤੌਰ ‘ਤੇ ਚੋਣਾਂ ਦੌਰਾਨ ਮੇਰੇ ਦਰਵਾਜ਼ੇ ‘ਤੇ ਦਸਤਕ ਦਿੰਦੀ ਹੈ, ਪਰ ਇਸ ਵਾਰ ਮੇਰੇ ਇੱਕ ਸਹਿਯੋਗੀ ਦੇ ਘਰ ਪਹੁੰਚ ਕੇ ਇੱਕ ਖਾਸ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ।” ਉਨ੍ਹਾਂ ਸਫਾਈ ਦਿੰਦਿਆਂ ਕਿਹਾ ਕਿ ਇਹ ਨਿਯੁਕਤੀ ਸਬੰਧਤ ਵਿਅਕਤੀ ਦੇ ਪਿੱਛਲੇ ਸੇਵਾ ਰਿਕਾਰਡ ਅਤੇ ਸਵਰਗੀ ਸਾਬਕਾ ਮੁੱਖ ਮੰਤਰੀ ਭੁਵਨ ਚੰਦਰ ਖੰਡੂਰੀ ਦੀ ਸਿਫ਼ਾਰਸ਼ ‘ਤੇ ਕੀਤੀ ਗਈ ਸੀ, ਜਿਨ੍ਹਾਂ ਨੇ ਇਸ ਮਾਮਲੇ ਸਬੰਧੀ ਉਨ੍ਹਾਂ ਨਾਲ ਦੋ ਵਾਰ ਮੁਲਾਕਾਤ ਕੀਤੀ ਸੀ।

