ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ’ਚ ਵਧੇ ਨਸ਼ਿਆਂ ’ਤੇ ਪ੍ਰਗਟਾਈ ਚਿੰਤਾ
ਕਿਹਾ : ਨਸ਼ਾ ਰੋਕਣ ਲਈ ਪਿੰਡ ਦੇ ਲੋਕ ਪੰਜਾਬ ਪੁਲਿਸ ਅਤੇ ਬੀ ਐਸ ਐਫ ਦਾ ਦੇਣ ਸਾਥ
ਖੇਮਕਰਨ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਹਨ। ਆਪਣੇ ਦੌਰੇ ਦੇ ਦੂਜੇ ਦਿਨ ਉਹ ਅੱਜ ਖੇਮਕਰਨ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਨਾਜਾਇਜ਼ ਮਾਈਨਿੰਗ ਅਤੇ ਨਸ਼ਾ ਬਹੁਤ ਜ਼ਿਆਦਾ, ਜੋ ਕਿ ਬਹੁਤ ਹੀ ਚਿੰਤਾ ਵਾਲਾ ਵਿਸ਼ਾ ਹੈ। ਨਸ਼ਾ ਪੰਜਾਬ ਦੀ ਜਵਾਨੀ ਨੂੰ ਖਾ ਗਿਆ ਅਤੇ ਨਸ਼ੇ ਨੇ ਪੰਜਾਬ ਨੂੰ ਬਰਬਾਦੀ ਕੰਢੇ ਪਹੁੰਚਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਇਕੱਤਰ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡ ਵਿਚ ਕਮੇਟੀਆਂ ਬਣਾਈਆਂ ਜਾਣ ਅਤੇ ਇਹ ਕਮੇਟੀ ਪੰਜਾਬ ਪੁਲਿਸ ਅਤੇ ਬੀ ਐਸ ਐਫ ਦਾ ਡਟ ਕੇ ਸਾਥ ਦੇਣ ਤਾਂ ਪੰਜਾਬ ਅੰਦਰ ਨਸ਼ਿਆਂ ਅਤੇ ਨਜਾਇਜ਼ ਮਾਈਨਿੰਗ ਨੂੰ ਠੱਲ੍ਹ ਪਾਈ ਜਾ ਸਕੇ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਗੇ ਕਿਹਾ ਕਿ ਪਿੰਡਾਂ ਵਿਚ ਜਿਹੜੇ ਵਿਅਕਤੀ ਨਸ਼ੇ ਵੇਚਦੇ ਹਨ ਜਾਂ ਨਸ਼ੇ ਦੀ ਤਸਕਰੀ ਕਰਦੇ ਹਨ, ਜੇਕਰ ਉਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਪੁਲਿਸ ਵੱਲੋਂ ਆਰੋਪੀ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਮਾਮਗਮ ਵਿਚ ਸਿਵਲ ਅਤੇ ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਬੀ ਐਸ ਐਫ ਦੇ ਅਧਿਕਾਰੀ ਵੀ ਮੌਜੂਦ ਸਨ।