ਪੁੱਤਰ ਹਰਮਨ ਧਵਨ ਅਤੇ ਬਿਕਰਮ ਧਵਨ ਨੇ ਦਿੱਤੀ ਚਿਤਾ ਨੂੰ ਮੁੱਖ ਅਗਨੀ
ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦਾ ਅੱਜ ਚੰਡੀਗੜ੍ਹ ਸਥਿਤ 25 ਸੈਕਟਰ ਵਿਚ ਰਾਸ਼ਟਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਹਰਮਨ ਧਵਨ, ਬਿਕਰਮ ਧਵਨ ਅਤੇ ਪਿ੍ਰਆ ਗੁਲਾਟੀ ਵੱਲੋਂ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਦਿੱਤੀ ਗਈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਸਾਬਕਾ ਸੰਸਦ ਮੈਂਬਰ ਸੱਤਪਾਲ ਜੈਨ ਸਮੇਤ ਚੰਡੀਗੜ੍ਹ ਦੀਆਂ ਪ੍ਰਮੁੱਖ ਹਸਤੀਆਂ ਮੌਜਦ ਸਨ। ਧਿਆਨ ਰਹੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦਾ ਲੰਬੀ ਬਿਮਾਰੀ ਤੋਂ ਬਾਅਦ ਸ਼ਨੀਵਾਰ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ ਅਤੇ ਉਹ 83 ਵਰ੍ਹਿਆਂ ਦੇ ਸਨ। ਹਰਮੋਹਨ ਧਵਨ 1989 ਵਿਚ ਚੰਡੀਗੜ੍ਹ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਅਤੇ ਉਹ ਚੰਦਰ ਸ਼ੇਖਰ ਸਰਕਾਰ ਵਿਚ ਸ਼ਹਿਰੀ ਹਵਾਬਾਜ਼ੀ ਮੰਤਰੀ ਵੀ ਰਹੇ। ਧਵਨ ਬਹੁਜਨ ਸਮਾਜ ਪਾਰਟੀ, ਕਾਂਗਰਸ ਅਤੇ ਭਾਜਪਾ ਸਮੇਤ ਵੱਖ-ਵੱਖ ਸਿਆਸੀ ਸੰਗਠਨਾਂ ਦੇ ਨਾਲ ਜੁੜੇ ਰਹੇ। ਧਵਨ 2018 ’ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਸੀਟ ਤੋਂ ਲੋਕ ਸਭਾ ਦੀ ਚੋਣ ਵੀ ਲੜੀ ਪ੍ਰੰਤੂ ਉਹ ਚੋਣ ਹਾਰ ਗਏ ਸਨ।