ਰਾਹੁਲ ਗਾਂਧੀ ਨੇ ਕੀਤੀ ਪੰਜਾਬ ਦੇ ਇੰਚਾਰਜ ਅਤੇ ਹੋਰਨਾਂ ਨਾਲ ਮੀਟਿੰਗ
ਇੱਕ ਹੋਰ ਖ਼ਾਸ ਮੀਟਿੰਗ ਵਿੱਚ ਚੰਨੀ ਅਤੇ ਰੰਧਾਵਾ ਨੂੰ ਨਹੀਂ ਬੁਲਾਇਆ
ਚੰਡੀਗੜ੍ਹ/ਦਿੱਲੀ, 5 ਸਿਤੰਬਰ, 2026 । ਸੂਬਾ ਕਾਂਗਰਸ ਦੇ ਅਹੁਦੇਦਾਰਾਂ ਵਿੱਚ ਫੇਰਬਦਲ ਹੋਣ ਦੀ ਸੰਭਾਵਨਾ ਫੇਰ ਤੋਂ ਬਣ ਗਈ ਹੈ। ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਅੰਦਰ ਚੱਲ ਰਹੇ ਕਾਟੋ ਕਲੇਸ਼ ਤੋਂ ਨਿਜਾਤ ਪਾਉਣ ਲਈ ਕੱਲ੍ਹ ਦਿੱਲੀ ਵਿੱਚ ਰਾਹੁਲ ਗਾਂਧੀ ਦੀ ਸਦਾਰਤ ਵਿੱਚ ਇੱਕ ਅਹਿਮ ਬੈਠਕ ਹੋਈ ਜਿਸ ਤੋਂ ਅਜਿਹੇ ਸੰਕੇਤ ਮਿਲੇ ਹਨ। ਪਾਰਟੀ ਨੂੰ ਲਾਮਬੰਦ ਕਰਨ ਲਈ ਕਾਂਗਰਸ ਹਾਈਕਮਾਨ ਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਸਭ ਬੇਕਾਰ ਗਈਆਂ। ਕਈ ਧੜਿਆਂ ਵਿੱਚ ਵੰਡੀ ਹੋਈ ਕਾਂਗਰਸ ਨੇ ਪਾਰਟੀ ਹਾਈਕਮਾਨ ਵੱਲੋਂ ਭੇਜੇ ਗਏ ਦੂਤਾਂ ਨੂੰ ਵੀ ਨਹੀਂ ਬਖਸ਼ਿਆ। ਖ਼ਾਸ ਕਰਕੇ ਚੰਨੀ ਧੜੇ ਨੇ ਤਾਂ ਦਿੱਲੀਓਂ ਆਏ ਭੁਪੇਸ਼ ਬਘੇਲ ਨੂੰ ਚੰਡੀਗੜ੍ਹ ਵਿੱਚ ਆਕੇ ਮਿਲਣ ਦੀ ਵੀ ਜਹਿਮਤ ਨਹੀਂ ਚੁੱਕੀ ਸੀ। ਹੁਣ ਫੇਰ ਤੋਂ ਆਸ ਬੱਝੀ ਹੈ ਕਿ ਕੁੱਝ ਸੁਧਾਰ ਹੋਵੇਗਾ।
ਬਹੁਤ ਦੇਰ ਤੋਂ ਜਿਸ ਮੀਟਿੰਗ ਦੀ ਉਡੀਕ ਕੀਤੀ ਜਾ ਰਹੀ ਸੀ ਆਖਿਰ ਉਹ ਕੱਲ੍ਹ ਦਿੱਲੀ ਵਿੱਚ ਹੋ ਹੀ ਗਈ। ਇਸ ਮੀਟਿੰਗ ਮੀਟਿੰਗ ਤੋਂ ਬਾਅਦ ਹੀ ਸੰਕੇਤ ਮਿਲਿਆ ਹੈ ਕਿ ਪ੍ਰਦੇਸ਼ ਕਾਂਗਰਸ ਵਿੱਚ ਨਵੀਂ ਤਬਦੀਲੀ ਹੋਣ ਵਾਲੀ ਹੈ। ਮੀਟਿੰਗ ਵਿੱਚ ਪਾਰਟੀ ਪ੍ਰਧਾਨ ਮੱਲਿਕਾਅਰਜੁਨ ਖੜਗੇ, ਏਆਈਸੀਸੀ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵੀ ਹਾਜ਼ਿਰ ਰਹੇ। ਬਹੁਤ ਦੇਰ ਤੋਂ ਚਲੇ ਆ ਰਹੇ ਗਤਿਰੋਧ (ਡੈਡਲਾਕ) ਨੂੰ ਖ਼ਤਮ ਕਰਨਾ ਇਸ ਮੀਟਿੰਗ ਦਾ ਖ਼ਾਸ ਮੁੱਦਾ ਸੀ।
ਚੇਤੇ ਰਹੇ ਕਿ ਜਦੋਂ ਤੋਂ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਵਧੀ ਹੈ ਉਦੋਂ ਤੋਂ ਹੀ ਪਾਰਟੀ ਹਾਈਕਮਾਨ ਨੇ ਆਪਣੇ ਵੱਲੋਂ ਸੀਨੀਅਰ ਨੇਤਾਵਾਂ ਬਾਰੇ ਵੱਖੋ ਵੱਖ ਜਾਣਕਾਰੀ ਜਮ੍ਹਾਂ ਕਰਨੀ ਆਰੰਭ ਦਿੱਤੀ ਸੀ। ਉਸੇ ਸੁਤੰਤਰ ਜਾਣਕਾਰੀ ਦੇ ਅਧਾਰ ਤੇ ਨੇਤਾਵਾਂ ਬਾਰੇ ਵੱਖ-ਵੱਖ ਫੀਲਡ ਰਿਪੋਰਟਾਂ ‘ਤੇ ਚਰਚਾ ਕੀਤੀ ਗਈ। ਇਹ ਗੱਲ ਵੱਖਰੀ ਹੈ ਕਿ ਵਿਚਾਰ ਚਰਚਾ ਨੂੰ ਕਾਫੀ ਹੱਦ ਤਕ ਗੁਪਤ ਰੱਖਿਆ ਗਿਆ, ਪਾਰਟੀ ਸੂਤਰਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਬਾਰੇ ਕੋਈ ਵੀ ਫ਼ੈਸਲਾ ਇਕੱਲਿਆਂ ਨਹੀਂ ਲਿਆ ਜਾ ਸਕਦਾ, ਕਿਉਂਕਿ ਪੰਜਾਬ ਸਮੇਤ ਵੱਖ-ਵੱਖ ਰਾਜਾਂ ਦੇ ਇੰਚਾਰਜ, ਜਨਰਲ ਸਕੱਤਰਾਂ ਦੇ ਫੇਰਬਦਲ ਦੀ ਵੱਡੇ ਪੱਧਰ ਤੇ ਤਿਆਰੀ ਚੱਲ ਰਹੀ ਹੈ ਜਿਸ ਵਿੱਚ ਪੰਜਾਬ ਵੀ ਸ਼ਾਮਿਲ ਹੈ।
ਸੂਤਰਾਂ ਮੁਤਾਬਕ ਇਹ ਗੱਲ ਵੀ ਨਿਕਲ ਕੇ ਬਾਹਰ ਆਈ ਹੈ ਕਿ ਜੋ ਜਾਣਕਾਰੀ ਰਾਹੁਲ ਗਾਂਧੀ ਦੀ ਟੀਮ ਨੇ ਜਮ੍ਹਾਂ ਕੀਤੀ ਹੈ ਉਸਤੋਂ ਪਤਾ ਚੱਲਿਆ ਹੈ ਕਿ ਸੀਨੀਅਰ ਰਾਜ ਨੇਤਾਵਾਂ ਵਿੱਚ ਜਨਤਕ ਮਤਭੇਦਾਂ ਦੇ ਬਾਵਜੂਦ ਪੰਜਾਬ ਵਿੱਚ ਉਨ੍ਹਾਂ ਦੀ ਰਾਜਨੀਤਿਕ ਅਪੀਲ ਕਾਇਮ ਹੈ ਤੇ ਖ਼ੁਦ ਗਾਂਧੀ ਇਸ ਗੱਲ ਤੋਂ ਮੁਤਫ਼ਿਕ ਹਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਗਾਂਧੀ ਦੀ ਪ੍ਰਸਤਾਵਿਤ ਬੱਸ ਯਾਤਰਾ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਜਿਵੇਂ ਕਿ ਪੰਜਾਬ ਕਾਂਗਰਸ ਪਾਰਟੀ ਅੰਦਰ ਚਰਚਾ ਚੱਲ ਰਹੀ ਹੈ, ਅੰਦਰੂਨੀ ਲੜਾਈ ਖ਼ਤਮ ਕਰਨ ਲਈ ਅਤੇ ਪਾਰਟੀ ਕਾਰਜਕਰਤਾਵਾਂ ਨੂੰ ਪਾਰਟੀ ਵੱਲੋਂ ਸਖ਼ਤ ਅਨੁਸ਼ਾਸਨ ਦਾ ਸਪੱਸ਼ਟ ਸੁਨੇਹਾ ਦੇਣ ਲਈ, ਰਾਹੁਲ ਦੇ ਪੰਜਾਬ ਦੌਰੇ ਤੋਂ ਪਹਿਲਾਂ ਕੁੱਝ ਸਖ਼ਤ ਰਾਜਨੀਤਿਕ ਅਤੇ ਸੰਗਠਨਾਤਮਕ ਫੈਸਲੇ ਫੈਸਲਿਆਂ ਦੀ ਉਮੀਦ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਪ੍ਰਦੇਸ਼ ਕਾਂਗਰਸ ਵਿੱਚ ਵੱਡਾ ਫੇਰਬਦਲ ਵੀ ਸ਼ਾਮਲ ਹੈ। ਪਾਰਟੀ ਲੀਡਰਸ਼ਿਪ ਨੇ ਸੂਬੇ ਦੇ ਚੋਟੀ ਦੇ ਆਗੂਆਂ ਵਿੱਚ ਅੰਦਰੂਨੀ ਲੜਾਈ ਦੇ ਕਾਰਨਾਂ ‘ਤੇ ਵਿਸਥਾਰ ਨਾਲ ਚਰਚਾ ਅਤੇ ਵਿਸ਼ਲੇਸ਼ਣ ਕੀਤਾ ਹੈ, ਤੇ ਉਨ੍ਹਾਂ ਲੋਕਾਂ ‘ਤੇ ਖ਼ਾਸ ਤੌਰ ਤੇ ਧਿਆਨ ਕੇਂਦ੍ਰਤ ਕੀਤਾ ਹੈ ਜੋ ਨਿੱਜੀ ਏਜੰਡੇ ਨੂੰ ਅੱਗੇ ਵਧਾ ਰਹੇ ਹਨ।
ਇਹ ਗੱਲ ਪੰਜਾਬ ਦੇ ਲੋਕਾਂ ਨੂੰ ਹਜੇ ਭੁੱਲੀ ਨਹੀਂ ਹੋਵੇ ਕਿ ਜੁਲਾਈ ਮਹੀਨੇ ‘ਚ ਜਦੋਂ ਪਾਰਟੀ ਨੇ ਐਲਾਨ ਕੀਤਾ ਸੀ ਕਿ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਦੇਸ਼ ਕਾਂਗਰਸ ਮੁਖੀ ਵਜੋਂ ਬਰਕਰਾਰ ਰੱਖੇਗੀ, ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਸੀਨੀਅਰ ਆਗੂਆਂ ਨੇ ਜਨਤਕ ਤੌਰ ‘ਤੇ ਆਪਣੀ ਅਸੰਤੁਸ਼ਟੀ ਦਾ ਸੰਕੇਤ ਦਿੰਦੇ ਹੋਏ ਵੜਿੰਗ ਖ਼ਿਲਾਫ਼ ਝੰਡੇ ਚੁੱਕ ਲਏ ਸਨ। ਇੱਥੇ ਇਹ ਦੱਸਣਾ ਵੀ ਲਾਜ਼ਮੀ ਕਿ ਜਦੋਂ ਸ਼ੁੱਕਰਵਾਰ ਨੂੰ, ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਨੇ ਰਾਹੁਲ ਦੇ ਪ੍ਰਸਤਾਵਿਤ ਪੰਜਾਬ ਦੌਰੇ ‘ਤੇ ਚਰਚਾ ਕਰਨ ਲਈ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ ਤਾਂ ਉਸ ਵੇਲੇ ਚੰਨੀ ਅਤੇ ਰੰਧਾਵਾ ਨੂੰ ਮੀਟਿੰਗ ਲਈ ਬੁਲਾਇਆ ਹੀ ਨਹੀਂ।

