19.9 C
Toronto
Sunday, August 30, 2026
spot_img
Homeਚੰਡੀਗੜ੍ਹਭਾਜਪਾ ਸੰਸਦ ਮੈਂਬਰ ਸੱਜਣ ਦੇ ਘਰ ਗਏ ਅਫਸੋਸ ਕਰਨ, ਪਰ ਮਿਲੀ ਫਟਕਾਰ

ਭਾਜਪਾ ਸੰਸਦ ਮੈਂਬਰ ਸੱਜਣ ਦੇ ਘਰ ਗਏ ਅਫਸੋਸ ਕਰਨ, ਪਰ ਮਿਲੀ ਫਟਕਾਰ

ਚੰਡੀਗੜ੍ਹ/ਦਿੱਲੀ 29 ਅਗਸਤ 2026। 1984 ਵਿੱਚ ਦਿੱਲੀ ‘ਚ ਸਿੱਖਾਂ ਦਾ ਘਾਣ ਕਰਵਾਉਣ ਵਾਲੇ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਉਸਦੇ ਆਪਣਿਆਂ ਨੇ ਤਾਂ ਉਸਤੋਂ ਪੱਲਾ ਝਾੜ ਲਿਆ ਪਰ ਕੁੱਝ ਲੋਕ ਫੇਰ ਵੀ ਉਸਦੇ ਪਰਿਵਾਰ ਨਾਲ ਦੋਸਤੀ ਨਿਭਾਉਣ ਲਈ ਉਸਦੇ ਘਰ ਤੇ ਅਫਸੋਸ ਕਰਨ ਗਏ ਹਨ। ਕਾਂਗਰਸ ਪਾਰਟੀ ਨੇ ਤਾਂ ਇਸ ਮਾਮਲੇ ਵਿੱਚ ਦੂਰੀ ਬਣਾ ਕੇ ਰੱਖੀ ਪ੍ਰੰਤੂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੱਜਣ ਕੁਮਾਰ ਦੇ ਘਰ ਜਾ ਕੇ ਅਫਸੋਸ ਕਰਕੇ ਆਏ ਤਾਂ ਇਸ ਗੱਲ ਦਾ ਪਤਾ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਲੱਗ ਗਿਆ। ਨਿਤਿਨ ਨੇ ਤਿੰਨਾਂ ਨੂੰ ਬੁਲਾਕੇ ਖੂਬ ਝਾੜ ਝੰਬ ਕੀਤੀ।

ਇਸ ਗੱਲ ਦੀ ਚਰਚਾ ਰਾਜਨੀਤਿਕ ਸਫ਼ਾਂ ਵਿੱਚ ਕਾਫੀ ਤੇਜੀ ਨਾਲ ਫੇਲ ਰਹੀ ਹੈ ਕਿ ਭਾਜਪਾ ਪ੍ਰਧਾਨ ਬਹੁਤ ਸਖਤੀ ਨਾਲ ਪੇਸ਼ ਆ ਰਹੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਤਿੰਨ ਸੰਸਦ ਮੈਂਬਰਾਂ ਨੂੰ ਤਲਬ ਕੀਤਾ। ਇਨ੍ਹਾਂ ਸੰਸਦ ਮੈਂਬਰਾਂ ਨੇ ਸਿੱਖ-ਵਿਰੋਧੀ ਦੰਗਿਆਂ ਵਿੱਚ ਦੋਸ਼ੀ ਠਹਿਰਾਏ ਗਏ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਉਸ ਦੇ ਘਰ ਜਾ ਕੇ ਅਫਸੋਸ ਪ੍ਰਗਟ ਕੀਤਾ ਸੀ। ਇੱਕ ਸੂਤਰ ਮੁਤਾਬਕ ਨਿਤਨ ਨਬੀਨ ਨੇ ਕਿਹਾ ਹੈ ਕਿ ਦਿੱਲੀ ਤੋਂ ਲੋਕ ਸਭਾ ਮੈਂਬਰ ਰਾਮਵੀਰ ਸਿੰਘ ਬਿਧੂੜੀ, ਯੋਗੇਂਦਰ ਚੰਦੋਲੀਆ ਅਤੇ ਕਮਲਜੀਤ ਸਹਿਰਾਵਤ ਨੂੰ ਸੱਜਣ ਕੁਮਾਰ ਦੇ ਘਰ ਨਹੀਂ ਜਾਣਾ ਚਾਹੀਦਾ ਸੀ।

ਤੁਹਾਨੂੰ ਚੇਤੇ ਹੋਵੇਗਾ ਕਿ ਸੱਜਣ ਕੁਮਾਰ ਦੀ ਪਿਛਲੇ ਹਫ਼ਤੇ ਮੌਤ ਹੋ ਗਈ ਸੀ ਅਤੇ ਉਹ ਤਿਹਾੜ ਜੇਲ੍ਹ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1984 ਦੇ ਸਿੱਖ-ਵਿਰੋਧੀ ਦੰਗਿਆਂ ਦੌਰਾਨ ਸਿੱਖਾਂ ਦੇ ਕਤਲ ਨਾਲ ਜੁੜੇ ਵੱਖ-ਵੱਖ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਜਾਣਕਾਰ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਨਬੀਨ ਨੇ ਤਿੰਨਾਂ ਸੰਸਦ ਮੈਂਬਰਾਂ ਨੂੰ ਫਟਕਾਰ ਲਗਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀ।

ਐਥੇ ਹੀ ਬਸ ਨਹੀਂ, ਸੂਤਰਾਂ ਅਨੁਸਾਰ, ਉਹਨਾਂ ਤਿੰਨਾਂ ਸੰਸਦ ਮੈਂਬਰਾਂ ਤੋਂ ਉਨ੍ਹਾਂ ਦੇ ਵਿਵਹਾਰ ਲਈ ਸਪਸ਼ਟੀਕਰਨ ਵੀ ਮੰਗਿਆ ਗਿਆ ਹੈ। ਦੱਸ ਦੇਈਏ ਕਿ ਇਹ ਤਿੰਨੋਂ ਸੰਸਦ ਮੈਂਬਰ ਬਾਹਰੀ ਦਿੱਲੀ ਦੇ ਹਲਕਿਆਂ ਦੀ ਨੁਮਾਇੰਦਗੀ ਕਰਦੇ ਹਨ। ਸੱਜਣ ਕੁਮਾਰ ਨੇ ਕਾਂਗਰਸ ਵੱਲੋਂ ਲੋਕ ਸਭਾ ਵਿੱਚ ਇਸ ਸੀਟ ਦੀ ਨੁਮਾਇੰਦਗੀ ਕੀਤੀ ਸੀ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਹ ਤਿੰਨੇ ਸੰਸਦ ਮੈਂਬਰ ਉਸ ਪ੍ਰਭਾਵਸ਼ਾਲੀ ਭਾਈਚਾਰੇ ਨਾਲ ਸਬੰਧਤ ਹਨ ਜਿਸ ਦੀ ਸੱਜਣ ਕੁਮਾਰ ਨੇ ਨੁਮਾਇੰਦਗੀ ਕੀਤੀ ਸੀ।

ਉਂਝ ਇਹ ਘਟਨਾਕ੍ਰਮ ਐਚ ਐਸ ਫੂਲਕਾ ਵੱਲੋਂ ਇਹਨਾਂ ਸੰਸਦ ਮੈਂਮਰਾਂ ਦੀ ਜਨਤਕ ਨਿਖੇਧੀ ਤੋਂ ਬਾਅਦ ਹੋਇਆ ਹੈ। ਐੱਚ ਐੱਸ ਫੂਲਕਾ ਜਿਨ੍ਹਾਂ ਨੇ ਪੀਰਾਗੜ੍ਹੀ ਸਥਿਤ ਸੱਜਣ ਕੁਮਾਰ ਦੇ ਘਰ ਸੰਸਦ ਮੈਂਬਰਾਂ ਦੀ ਫੇਰੀ ਦੀ ਜਨਤਕ ਤੌਰ ‘ਤੇ ਨਿਖੇਧੀ ਕੀਤੀ ਸੀ ਨੂੰ ਭਾਜਪਾ ਪ੍ਰਧਾਨ ਨੇ ਗਹਿਰਾਈ ਨਾਲ ਲਿਆ ਹੈ। ਭਾਜਪਾ ਪ੍ਰਧਾਨ ਦਾ ਇਹ ਕਦਮ ਪੰਜਾਬ ਵਿੱਚ ਪਾਰਟੀ ਦੇ ਸੀਨੀਅਰ ਆਗੂ ਫੂਲਕਾ ਦੀ ਟਿੱਪਣੀ ਤੋਂ ਬਾਅਦ ਅਮਲ ਵਿੱਚ ਆਇਆ ਹੈ। ਫੂਲਕਾ ਨੇ ਪਿੱਛਲੇ ਦਿਨੀਂ ਕਿਹਾ ਸੀ, “ਮੈਂ ਸਮੂਹਿਕ ਕਤਲਾਂ ਦੇ ਦੋਸ਼ੀ ਸੱਜਣ ਕੁਮਾਰ ਦੇ ਘਰ ਜਾ ਕੇ ਉਸ ਦੀ ਮੌਤ ‘ਤੇ ਅਫਸੋਸ ਪ੍ਰਗਟ ਕਰਨ ਵਾਲੇ 3 ਸੰਸਦ ਮੈਂਬਰਾਂ ਕਮਲਜੀਤ ਸਹਿਰਾਵਤ, ਰਾਮਵੀਰ ਸਿੰਘ ਬਿਧੂੜੀ ਅਤੇ ਯੋਗੇਂਦਰ ਚੰਦੋਲੀਆ ਦੀ ਇਸ ਫੇਰੀ ਦੀ ਸਖ਼ਤ ਨਿਖੇਧੀ ਕਰਦਾ ਹਾਂ।” ਇਹ ਗੱਲ ਪਾਰਟੀ ਦੇ ਵੱਡੇ ਨੇਤਾਵਾਂ ਨੂੰ ਬਹੁਤ ਨਾਗਵਾਰ ਲੱਗੀ ਕਿਉਂਕਿ ਫੂਲਕਾ ਇਸ ਸਾਲ ਅਪਰੈਲ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ ਤੇ ਪਾਰਟੀ ਵਿੱਚ ਉਹਨਾਂ ਨੂੰ ਬਹੁਤ ਮੰਨਿਆ ਜਾਂਦਾ ਹੈ।

ਇਸ ਦੌਰਾਨ ਫੂਲਕਾ ਨੇ ਕਿਹਾ ਕਿ ਸੰਸਦ ਮੈਂਬਰਾਂ ਦਾ ਸੱਜਣ ਦੇ ਘਰ ਜਾਣਾ ਇਸ ਲਈ ਵੀ ਖਾਸ ਤੌਰ ‘ਤੇ ਨਿੰਦਣਯੋਗ ਹੈ ਕਿਉਂਕਿ ਭਾਜਪਾ ਨੇ ਹਮੇਸ਼ਾ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਇਨਸਾਫ਼ ਦੀ ਮੰਗ ਦਾ ਸਮਰਥਨ ਕੀਤਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਪੀੜਤ ਪਰਿਵਾਰਾਂ ਦਾ ਸਾਥ ਦਿੱਤਾ ਹੈ ਕਿ ਜਿੰਨਾ ਹੋ ਸਕਦੈ, ਸੱਜਣ ਕੁਮਾਰ ਜੇਲ੍ਹ ਵਿੱਚ ਹੀ ਰਹੇ। ਚੇਤੇ ਰਹੇ ਕਿ ਐਚ ਐਸ ਫੂਲਕਾ ਲੰਮੇ ਸਮੇਂ ਤੋਂ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੇ ਪਰਿਵਾਰਾਂ ਦੀ ਕਾਨੂੰਨੀ ਨੁਮਾਇੰਦਗੀ ਕਰਦੇ ਆ ਰਹੇ ਹਨ।

RELATED ARTICLES
POPULAR POSTS