13.8 C
Toronto
Saturday, September 12, 2026
spot_img
Homeਚੰਡੀਗੜ੍ਹਟਰੰਪ ਪ੍ਰਸ਼ਾਸਨ ਨੇ ਸੋਸ਼ਲ ਮੀਡਿਆ ਤੋਂ "ਮਿਸਟਰ ਸਿੰਘ' ਵਾਲਾ ਪੋਸਟਰ ਹਟਵਾਇਆ

ਟਰੰਪ ਪ੍ਰਸ਼ਾਸਨ ਨੇ ਸੋਸ਼ਲ ਮੀਡਿਆ ਤੋਂ “ਮਿਸਟਰ ਸਿੰਘ’ ਵਾਲਾ ਪੋਸਟਰ ਹਟਵਾਇਆ

ਸਿੱਖਾਂ ਅਤੇ ਭਾਰਤੀ-ਅਮਰੀਕੀ ਸਮੂਹਾਂ ਨੇ ਪੋਸਟਰ ਨੂੰ ਨਸਲਵਾਦੀ ਕਰਾਰ ਦਿੱਤਾ ਸੀ

ਚੰਡੀਗੜ੍ਹ, 11 ਸਿਤੰਬਰ, 2026।

ਮਾਮਲਾ ਕਾਫੀ ਭੱਖ ਗਿਆ ਹੈ ਤੇ ਲਗਦੈ ਕਿ ਅਮਰੀਕੀ ਪ੍ਰਸ਼ਾਸ਼ਨ ਨੂੰ ਵੀ ਹੋਸ਼ ਆ ਗਈ ਹੈ। ਜਿਸ ਪੋਸਟਰ ਤੇ ਸਿੱਖ ਅਤੇ ਹਿੰਦੂ ਸੰਸਥਾਵਾਂ ਨੇ ਸਖ਼ਤ ਇਤਰਾਜ਼ ਕੀਤਾ ਸੀ ਉਸਨੂੰ ਅਮਰੀਕੀ ਪ੍ਰਸ਼ਾਸ਼ਨ ਨੇ ਨੈੱਟ ਤੋਂ ਹਟਾ ਦਿੱਤਾ ਹੈ। ਇਸ ਪਿੱਛੇ ਆਪਣੀ ਮਾਨਸਿਕਤਾ ਦੱਸਦੇ ਹੋਏ ਅਮਰੀਕੀ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ (ਡੀਐਚਐਸ) ਵੱਲੋਂ ਪੋਸਟਰ ਹਟਾਉਣ ਦੀ ਸੂਚਨਾ ਜਾਰੀ ਕਰਦੇ ਹੋਏ ਇਸਦੀ ਵਜ੍ਹਾ ਵੀ ਦੱਸੀ ਗਈ ਹੈ।

ਲਗਦਾ ਹੈ ਕਿ ਟਰੰਪ ਪ੍ਰਸ਼ਾਸਨ ਦੇ ‘ਮਿਸਟਰ ਸਿੰਘ’ ਡਿਪੋਰਟੇਸ਼ਨ ਪੋਸਟਰ ਵਿੱਚ ਹਰਜਿੰਦਰ ਸਿੰਘ ਨੂੰ ਜਾਣਬੁੱਝਕੇ ਇਸਦਾ ਹਿੱਸਾ ਬਣਾਇਆ ਗਿਆ ਹੈ। ਇਹ ਵੀ ਇੱਕ ਸਵਾਲ ਹੈ ਉਹ ਵਿਵਾਦ ਦਾ ਹਿੱਸਾ ਕਿਵੇਂ ਬਣੇ? ਡੀਐਚਐਸ  ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਤਿਆਰ ਕੀਤਾ “ਮਿਸਟਰ ਸਿੰਘ” ਨੂੰ “ਖੁਦ ਦੇਸ਼ ਛੱਡਣ” (ਸੈਲਫ-ਡਿਪੋਰਟ) ਲਈ ਕਹਿਣ ਵਾਲਾ ਡਿਪੋਰਟੇਸ਼ਨ ਪੋਸਟਰ ਹੁਣ ਹਟਾ ਦਿੱਤਾ ਹੈ। ਇਸ ਪੋਸਟਰ ਨੂੰ ਸਿੱਖ ਅਤੇ ਭਾਰਤੀ-ਅਮਰੀਕੀ ਸਮੂਹਾਂ ਨੇ ਨਸਲਵਾਦੀ ਕਰਾਰ ਦਿੰਦੇ ਹੋਏ ਭਾਰੀ ਨਿੰਦਾ ਕੀਤੀ ਸੀ।

ਡੀਐਚਐਸ ਨੇ ਇਸ ਬਾਰੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਇਹ ਤਸਵੀਰ ਖ਼ਾਸ ਤੌਰ ‘ਤੇ ਉਸ ਟਰੱਕ ਡਰਾਈਵਰ ਹਰਜਿੰਦਰ ਸਿੰਘ ਵੱਲ ਇਸ਼ਾਰਾ ਕਰਦੀ ਸੀ ਜਿਸਨੇ 2025 ਵਿੱਚ ਫਲੋਰੀਡਾ ਵਿੱਚ ਹੋਏ ਇੱਕ ਹਾਦਸੇ ਨੂੰ ਅੰਜਾਮ ਦਿੱਤਾ ਸੀ ਤੇ ਕੋਰਟ ਵੱਲੋਂ ਉਹ ਮੁਲਜ਼ਮ ਕਰਾਰ ਦਿੱਤਾ ਗਿਆ ਹੈ। ਉਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

ਡੀਐਚਐਸ ਨੇ ਹੁਣ ਇਹ ਪੋਸਟਰ ਇਸ ਲਈ ਹਟਾ ਦਿੱਤਾ ਹੈ ਕਿਉਂਕਿ ਸਿੱਖ, ਹਿੰਦੂ ਅਤੇ ਭਾਰਤੀ-ਅਮਰੀਕੀ ਸਮੂਹਾਂ ਵੱਲੋਂ ਨਸਲਵਾਦ ਅਤੇ ਨਸਲੀ ਆਧਾਰ ‘ਤੇ ਨਿਸ਼ਾਨਾ ਬਣਾਉਣ (ਰੇਸ਼ੀਅਲ ਪ੍ਰੋਫਾਈਲਿੰਗ) ਦੇ ਦੋਸ਼ ਲਗਾਏ ਜਾ ਰਹੇ ਸਨ।

ਡੀਐਚਐਸ ਦੇ ਸੋਸ਼ਲ ਮੀਡਿਆ ‘ਐਕਸ’ (ਪੁਰਾਣਾ ਨਾਂਅ ਟਵਿੱਟਰ) ਦੇ ਅਧਿਕਾਰਤ ਖਾਤੇ ‘ਤੇ ਸਾਂਝੇ ਕੀਤੇ ਗਏ ਇਸ ਪੋਸਟਰ ਵਿੱਚ ਸਿਰ ‘ਤੇ ਦਸਤਾਰ/ਕੱਪੜਾ ਬੰਨ੍ਹੀ ਭੂਰੀ ਦਾਹੜੀ ਵਾਲਾ ਇੱਕ ਵਿਅਕਤੀ ਦਿਖਾਇਆ ਗਿਆ ਸੀ, ਜੋ ‘ਟ੍ਰਾਂਸਫਾਰਮਰਜ਼’ ਫ੍ਰੈਂਚਾਇਜ਼ੀ ਦੇ ‘ਆਪਟੀਮਸ ਪ੍ਰਾਈਮ’ ਦੇ ਡੀਐਚਐਸ ਬ੍ਰਾਂਡ ਵਾਲੇ ਰੂਪ ਦੇ ਸਾਹਮਣੇ ਖੜ੍ਹਾ ਸੀ। ਇਸ ‘ਤੇ ਇੱਕ ਸੰਦੇਸ਼ ਲਿਖਿਆ ਸੀ, “ਅਮਰੀਕਾ ਅਮਰੀਕੀਆਂ ਲਈ ਹੈ। ਸਾਡੀਆਂ ਸੜਕਾਂ ਤੋਂ ਹਟ ਜਾਓ; ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਮਿਸਟਰ ਸਿੰਘ।” ਇੱਕ ਹੋਰ ਤਸਵੀਰ ਵਿੱਚ ਇਹ ਸ਼ਬਦ ਲਿਖੇ ਸਨ: “ਖੁਦ ਦੇਸ਼ ਛੱਡ ਦਿਓ ਜਾਂ ਨਤੀਜਾ ਭੁਗਤੋ।”

ਡੀਐਚਐਸ ਨੇ ਸਫਾਈ ਦਿੱਤੀ ਹੈ ਕਿ ਪੋਸਟਰ ਵਿੱਚ ਦਿਖਾਇਆ ਗਿਆ ਸੀ ਵਿਅਕਤੀ ਕਿਸੇ ਅਣਪਛਾਤੇ ਸਿੱਖ ਜਾਂ ਭਾਰਤੀ ਟਰੱਕ ਡਰਾਈਵਰ ਦੀ ਨੁਮਾਇੰਦਗੀ ਕਰਨ ਲਈ ਨਹੀਂ, ਸਗੋਂ ਭਾਰਤੀ ਮੂਲ ਦੇ ਵਪਾਰਕ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਦਰਸਾਉਣ ਲਈ ਸੀ। ਸਿੰਘ ਨੂੰ ਅਗਸਤ 2025 ਵਿੱਚ ਸੇਂਟ ਲੂਸੀ ਕਾਉਂਟੀ ਵਿੱਚ ਫਲੋਰੀਡਾ ਟਰਨਪਾਈਕ ‘ਤੇ ਹੋਏ ਹਾਦਸੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਉਸਨੇ ਇੱਕ ਅਣ-ਅਧਿਕਾਰਤ ਥਾਂ ‘ਤੇ ਗੈਰ-ਕਾਨੂੰਨੀ ਢੰਗ ਨਾਲ ‘ਯੂ-ਟਰਨ’ ਲੈਣ ਦੀ ਕੋਸ਼ਿਸ਼ ਕੀਤੀ ਤੇ ਉਦੋਂ ਹੀ ਇੱਕ ਮਿਨੀਵੈਨ ਉਸਦੇ ਟਰੈਕਟਰ-ਟ੍ਰੇਲਰ ਨਾਲ ਟਕਰਾ ਗਈ। ਸਿੰਘ ‘ਤੇ ਵਾਹਨ ਨਾਲ ਮੌਤ ਦਾ ਕਾਰਨ ਬਣਨ ਦੇ ਤਿੰਨ ਦੋਸ਼ ਹਨ ਅਤੇ ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੰਘ 2018 ਵਿੱਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਉਸ ਨੇ ਕੈਲੀਫੋਰਨੀਆ ਵਿੱਚ ਵਪਾਰਕ ਡਰਾਈਵਿੰਗ ਲਾਇਸੈਂਸ ਹਾਸਲ ਕੀਤਾ ਸੀ।

ਮਿਨੀਵੈਨ ਵਿੱਚ ਸਿੱਖ ਅਤੇ ਹਿੰਦੂ ਲੋਕਾਂ ਦੀ ਵਕਾਲਤ ਕਰਨ ਵਾਲੀਆਂ ਸੰਸਥਾਵਾਂ ਨੇ ਦਲੀਲ ਦਿੱਤੀ ਕਿ ਪੱਗ ਬੰਨ੍ਹੇ ਜਾਂ ਦਾਹੜੀ ਵਾਲੇ ਦੱਖਣੀ ਏਸ਼ੀਆਈ ਵਿਅਕਤੀ ਦੀ ਤਸਵੀਰ ਦੇ ਨਾਲ ਉਪਨਾਮ (ਸਰਨੇਮ) ਦੀ ਵਰਤੋਂ ਕਰਨ ਨਾਲ ਪੂਰੇ ਭਾਈਚਾਰੇ ਨੂੰ ਖਤਰਨਾਕ ਜਾਂ ਅਯੋਗ ਡਰਾਈਵਰਾਂ ਵਜੋਂ ਪੇਸ਼ ਕੀਤੇ ਜਾਣ ਦਾ ਖਤਰਾ ਪੈਦਾ ਹੁੰਦਾ ਹੈ।

ਇੰਨਾ ਹੀ ਨਹੀਂ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੇ ਦਫ਼ਤਰ ਨੇ ਤਾਂ ਇਸ ਮੁਹਿੰਮ ਨੂੰ ਹੀ “ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲਾ ਨਸਲਵਾਦੀ ਪ੍ਰਚਾਰ” ਕਰਾਰ ਦਿੱਤਾ ਹੈ। ਡੈਮੋਕਰੇਟਿਕ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਵੀ ਇਸ ਸੰਦੇਸ਼ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਧਰਮ, ਵਿਰਾਸਤ ਜਾਂ ਪਛਾਣ ਦੇ ਆਧਾਰ ‘ਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਆਪਣੀ ਤਾਕਤ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਇਹ ਵਿਵਾਦ ਉਦੋਂ ਹੋਰ ਜ਼ਿਆਦਾ ਵਧ ਗਿਆ ਜਦੋਂ ਡੀਐਚਐਸ ਨੇ ‘ਐਕਸ’ (ਟਵਿੱਟਰ) ‘ਤੇ ਆਪਣੇ ਆਲੋਚਕਾਂ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੂੰ ਜਵਾਬ ਦਿੰਦੇ ਹੋਏ, ਵਿਭਾਗ ਨੇ ਸਿੰਘ ਦੇ ਮਾਮਲੇ ਵੱਲ ਇਸ਼ਾਰਾ ਕੀਤਾ ਅਤੇ ਕੈਲੀਫੋਰਨੀਆ ਪ੍ਰਸ਼ਾਸਨ ‘ਤੇ ਉਸਦਾ ਵਪਾਰਕ ਡਰਾਈਵਿੰਗ ਲਾਇਸੰਸ ਜਾਰੀ ਕਰਨ ਦਾ ਦੋਸ਼ ਲਗਾਇਆ। ਡੀਐਚਐਸ ਨੇ ਕਿਹਾ, “ਗੈਵਿਨ, ਤੁਸੀਂ ਹੀ ਉਸਨੂੰ ਉਸਦਾ ਵਪਾਰਕ ਡਰਾਈਵਿੰਗ ਲਾਇਸੰਸ (ਸੀਡੀਐਲ) ਦਿੱਤਾ ਸੀ, ਅਤੇ ਫਿਰ ਉਸਨੇ ਆਪਣੇ ਟਰੈਕਟਰ-ਟ੍ਰੇਲਰ ਨਾਲ ਤਿੰਨ ਲੋਕਾਂ ਦੀ ਜਾਨ ਲੈ ਲਈ,” ਡੀਐਚਐਸ ਵੱਲੋਂ ਇਸ ਪੋਸਟ ਦੇ ਨਾਲ ਹਾਦਸੇ ਨਾਲ ਸਬੰਧਤ ਫੁਟੇਜ ਵੀ ਸਾਂਝੀ ਕੀਤੀ।

ਨੋਟ: ਇਹ ਸਮਾਚਾਰ ਸੋਸ਼ਲ ਮੀਡਿਆ ਤੇ ਉਪਲਬਧ ਜਾਣਕਾਰੀ ਦੇ ਅਧਾਰ ਤੇ ਲਿਖਿਆ ਗਿਆ ਹੈ।

RELATED ARTICLES
POPULAR POSTS