ਤਲਵਿੰਦਰ ਸਿੰਘ ਬੁੱਟਰ
ਸੰਨ 1849 ਵਿਚ ਸਿੱਖ ਰਾਜ ਦਾ ਸੂਰਜ ਅਸਤ ਹੋਣ ਤੋਂ ਬਾਅਦ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਗਿਆ। ਅੰਗਰੇਜ਼ਾਂ ਨੇ ਇਹ ਜਾਣ ਕੇ ਕਿ, ਗੁਰਦੁਆਰਾ ਸੰਸਥਾ ਦੀ ਸਿੱਖਾਂ ਅੰਦਰ ਰੂਹਾਨੀ ਅਤੇ ਰਾਜਸੀ ਚੇਤਨਾ ਪੈਦਾ ਕਰਨ ਵਿਚ ਕਿੰਨੀ ਮਹੱਤਵਪੂਰਨ ਭੂਮਿਕਾ ਹੈ, ਗੁਰਦੁਆਰਿਆਂ ਦੀ ਮਹੱਤਤਾ ਨੂੰ ਘਟਾਉਣ ਵਾਲੇ ਕੰਮ ਸ਼ੁਰੂ ਕਰ ਦਿੱਤੇ। ਗੁਰਦੁਆਰਿਆਂ ਵਿਚ ਅੰਗਰੇਜ਼ ਹਕੂਮਤ ਨੇ ਆਪਣੇ ਹੱਥ-ਠੋਕੇ ਮਹੰਤ ਤੇ ਸਰਬਰਾਹ ਬਿਠਾ ਦਿੱਤੇ। ਇਸ ਤਰ੍ਹਾਂ ਸਰਕਾਰੀ ਸ਼ਹਿ-ਪ੍ਰਾਪਤ ਮਹੰਤ-ਸਰਬਰਾਹ ਗੁਰੂ-ਘਰ ਦੇ ਸਰੋਤਾਂ ਦੀ ਦੁਰਵਰਤੋਂ ਕਰਨ ਲੱਗੇ ਅਤੇ ਵਿਭਚਾਰੀ ਹੋ ਗਏ। ਪਾਵਨ ਗੁਰਧਾਮਾਂ ਨੂੰ ਭ੍ਰਿਸ਼ਟ ਮਹੰਤਾਂ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਉਣ ਦੀ ਤੜਪ ਅੰਦਰੋਂ ਗੁਰਦੁਆਰਾ ਸੁਧਾਰ ਲਹਿਰ ਨੇ ਜਨਮ ਲਿਆ।
ਗੁਰਦੁਆਰਿਆਂ ਦੀ ਸੁਚੱਜੀ ਅਤੇ ਇਕਰੂਪ ਗੁਰਮਤੀ ਸੇਵਾ-ਸੰਭਾਲ ਲਈ 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ। ਸ਼੍ਰੋਮਣੀ ਕਮੇਟੀ ਦੀ ਸਥਾਪਨਾ ਨੇ ਥਾਉਂ-ਥਾਈਂ ਗੁਰਦੁਆਰੇ ਭ੍ਰਿਸ਼ਟ ਮਹੰਤਾਂ ਕੋਲੋਂ ਛੁਡਵਾਉਣ ਲਈ ਉਤਸ਼ਾਹ ਪ੍ਰਚੰਡ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਸੈਂਕੜੇ ਸਿੱਖਾਂ ਨੂੰ ਸ਼ਹੀਦੀਆਂ ਵੀ ਦੇਣੀਆਂ ਪਈਆਂ ਅਤੇ ਅਨੇਕਾਂ ਨੂੰ ਅੰਗਰੇਜ਼ ਸਰਕਾਰ ਦੇ ਭਾਰੀ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਅਜੋਕਾ ਪਾਕਿਸਤਾਨ) ਦੇ ਮਹੰਤ ਨਰੈਣ ਦਾਸ ਦੇ ਭੈੜੇ ਆਚਰਣ ਦੀ ਚਰਚਾ ਬੜੇ ਚਿਰ ਤੋਂ ਸਾਰੇ ਪੰਥ ਵਿਚ ਫੈਲੀ ਹੋਈ ਸੀ। ਸ੍ਰੀ ਨਨਕਾਣਾ ਸਾਹਿਬ ਦੇ ਨਾਂਅ ਮਹਾਰਾਜਾ ਰਣਜੀਤ ਸਿੰਘ ਵਲੋਂ ਸਿੱਖ ਰਾਜ ਵੇਲੇ 700 ਮੁਰੱਬੇ ਜ਼ਮੀਨ ਲਗਵਾਈ ਹੋਣ ਕਾਰਨ ਇਸ ਪਾਵਨ ਅਸਥਾਨ ਦੀ ਚੋਖੀ ਆਮਦਨ ਸੀ, ਜਿਸ ਦੀ ਦੁਰਵਰਤੋਂ ਮਹੰਤ ਨਰੈਣ ਦਾਸ ਆਪਣੀ ਐਸ਼ਪ੍ਰਸਤੀ ਲਈ ਕਰਦਾ। ਉਹ ਸ਼ਰਾਬੀ ਅਤੇ ਵਿਭਚਾਰੀ ਸੀ। ਸੰਨ 1917 ਵਿਚ ਉਸ ਨੇ ਗੁਰਦੁਆਰਾ ਸਾਹਿਬ ਵਿਚ ਕੰਜਰੀਆਂ ਦਾ ਮੁਜਰਾ ਵੀ ਕਰਵਾਇਆ, ਜਿਸ ਕਾਰਨ ਪੰਥ ਵਿਚ ਭਾਰੀ ਰੋਸ ਪੈਦਾ ਹੋ ਗਿਆ। ਅਖ਼ਬਾਰਾਂ ਵਿਚ ਖ਼ਬਰਾਂ ਛਪੀਆਂ, ਸਿੰਘ ਸਭਾਵਾਂ ਨੇ ਰੋਸ ਮਤੇ ਪਾਸ ਕੀਤੇ ਤੇ ਸਰਕਾਰ ਤੋਂ ਮਹੰਤ ਨੂੰ ਹਟਾਉਣ ਦੀ ਮੰਗ ਕੀਤੀ ਪਰ ਸਰਕਾਰ ਦੇ ਕੰਨ੍ਹਾਂ ‘ਤੇ ਜੂੰ ਤੱਕ ਨਾ ਸਰਕੀ। ਕੁਝ ਸਮਾਂ ਬਾਅਦ ਸਿੰਧ ਦਾ ਰਹਿਣ ਵਾਲਾ ਇਕ ਸੇਵਾਮੁਕਤ ਸਿੱਖ ਅਫ਼ਸਰ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਲਈ ਆਪਣੇ ਪਰਿਵਾਰ ਸਮੇਤ ਆਇਆ ਤਾਂ ਮਹੰਤ ਦੇ ਪਾਲੇ ਮੁਸ਼ਟੰਡਿਆਂ ਨੇ ਉਸ ਦੀ ਨਾਬਾਲਗ ਧੀ ਨਾਲ ਕੁਕਰਮ ਕੀਤਾ। ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਤੋਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਈਆਂ 6 ਬੀਬੀਆਂ ਨਾਲ ਮਹੰਤ ਨਰੈਣ ਦਾਸ ਨੇ ਖ਼ੁਦ ਕੁਕਰਮ ਕੀਤਾ। ਸਿੱਖ ਸੰਗਤਾਂ ਅੰਦਰ ਇਨ੍ਹਾਂ ਘਟਨਾਵਾਂ ਤੋਂ ਬਾਅਦ ਰੋਹ ਦੀ ਜਵਾਲਾ ਭੜਕ ਉੱਠੀ।
ਨਵੰਬਰ 1920 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਮਹੰਤ ਨਰੈਣ ਦਾਸ ਨੇ ਚਾਰ-ਪੰਜ ਸੌ ਭਾੜੇ ਦੇ ਗੁੰਡਿਆਂ ਦਾ ਇਕੱਠ ਕਰਕੇ ਸੰਗਤ ‘ਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਅਕਾਲੀ ਜਥੇ ਸ੍ਰੀ ਨਨਕਾਣਾ ਸਾਹਿਬ ਨੂੰ ਉਸ ਦੇ ਕਬਜ਼ੇ ਵਿਚੋਂ ਛੁਡਵਾਉਣ ਦਾ ਹੀਆ ਨਾ ਕਰ ਸਕਣ। ਇਸ ਮੌਕੇ ਉਸ ਨੇ ਆਪਣੇ ਗੁੰਡਿਆਂ ਨੂੰ ਹੁਕਮ ਕੀਤਾ ਕਿ ਕਿਸੇ ਵੀ ਕਿਰਪਾਨਧਾਰੀ ਸਿੱਖ ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਨਾ ਹੋਣ ਦਿੱਤਾ ਜਾਵੇ। ਇਸ ਦੌਰਾਨ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਅੰਦਰ ਜਾਣੋਂ ਰੋਕਿਆ ਗਿਆ ਤਾਂ ਉਨ੍ਹਾਂ ਸਖ਼ਤ ਵਿਰੋਧ ਕੀਤਾ। ਇਸ ਮੌਕੇ ਹਾਜ਼ਰ ਪੁਲਿਸ ਕਰਮੀਆਂ ਨੇ ਵਿਚ ਪੈ ਕੇ ਝਗੜਾ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਜਿੱਥੇ ਕਿਤੇ ਪੰਥ ਦਾ ਇਕੱਠ ਜੁੜਦਾ ਮਹੰਤ ਨਰੈਣ ਦਾਸ ਦੀਆਂ ਕਾਲੀਆਂ ਕਰਤੂਤਾਂ ਦੀ ਚਰਚਾ ਜ਼ਰੂਰ ਹੁੰਦੀ।
ਮਹੰਤ ਨਰੈਣ ਦਾਸ ਦੀਆਂ ਵਧਦੀਆਂ ਮਨਮਾਨੀਆਂ ਵੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 4, 5, 6 ਮਾਰਚ 1921 ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਵੱਡੀ ਸਿੱਖ ਇਕੱਤਰਤਾ ਕਰਨ ਦਾ ਐਲਾਨ ਕਰ ਦਿੱਤਾ। ਮਹੰਤ ਨੂੰ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਦਾ ਪਤਾ ਲੱਗਾ ਤਾਂ ਉਸ ਨੇ ਇਕ ਬੰਨੇ ਤਾਂ ਸਿੱਖ ਆਗੂਆਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਅਤੇ ਅੰਦਰਖਾਤੇ ਵੱਡੀ ਗਿਣਤੀ ਵਿਚ ਬਦਮਾਸ਼ਾਂ ਦਾ ਪ੍ਰਬੰਧ ਕਰ ਲਿਆ ਅਤੇ ਛਵ੍ਹੀਆਂ, ਕੁਹਾੜੇ, ਤਲਵਾਰਾਂ, ਬੰਦੂਕਾਂ, ਪਿਸਤੌਲ, ਬਾਰੂਦ, ਕਾਰਤੂਸ, ਮਿੱਟੀ ਦਾ ਤੇਲ, ਪੈਟਰੋਲ, ਡੀਜ਼ਲ ਅਤੇ ਲੱਕੜੀਆਂ ਜਮ੍ਹਾਂ ਕਰ ਲਈਆਂ। ਜਦੋਂ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਪਤਾ ਲੱਗਾ ਕਿ ਮਾਰਚ ਮਹੀਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਣ ਵਾਲੇ ਸਿੱਖਾਂ ਦੇ ਇਕੱਠ ਉੱਪਰ ਕਹਿਰੀ ਹਮਲਾ ਕਰਨ ਲਈ ਮਹੰਤ ਨਰੈਣ ਦਾਸ ਮਾਰੂ ਸਾਜ਼ਿਸ਼ਾਂ ਬਣਾ ਰਿਹਾ ਹੈ ਤਾਂ ਉਨ੍ਹਾਂ ਨੇ ਤੇਜਾ ਸਿੰਘ ਸਮੁੰਦਰੀ, ਭਾਈ ਬੂਟਾ ਸਿੰਘ ਵਕੀਲ ਅਤੇ ਹੋਰ ਸਿੰਘਾਂ ਨਾਲ ਗੱਲਬਾਤ ਕੀਤੀ। ਇਸ ‘ਤੇ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਬੂਟਾ ਸਿੰਘ ਵਕੀਲ ਅਤੇ ਕਰਤਾਰ ਸਿੰਘ ਝੱਬਰ ਨੇ ਆਪਸ ਵਿਚ ਸਲਾਹ ਕੀਤੀ ਕਿ 20 ਫਰਵਰੀ 1921 ਨੂੰ ਅਚਨਚੇਤ ਦੋ-ਤਿੰਨ ਹਜ਼ਾਰ ਦੇ ਸਿੱਖ ਜਥਿਆਂ ਸਮੇਤ ਸ੍ਰੀ ਨਨਕਾਣਾ ਸਾਹਿਬ ਪੁੱਜਿਆ ਜਾਵੇ ਅਤੇ ਗੁਰਦੁਆਰਾ ਜਨਮ ਅਸਥਾਨ ਸਾਹਿਬ ਨੂੰ ਮਹੰਤ ਦੇ ਕਬਜ਼ੇ ਵਿਚੋਂ ਆਜ਼ਾਦ ਕਰਵਾ ਲਿਆ ਜਾਵੇ। ਇਹ ਖ਼ਬਰ ਸ਼੍ਰੋਮਣੀ ਕਮੇਟੀ ਕੋਲ ਪੁੱਜੀ ਤਾਂ ਮਾਸਟਰ ਤਾਰਾ ਸਿੰਘ ਅਤੇ ਤੇਜਾ ਸਿੰਘ ਸਮੁੰਦਰੀ ਵਰਗੇ ਜ਼ਿੰਮੇਵਾਰ ਸਿੱਖ ਆਗੂਆਂ ਨੇ ਸਲਾਹ ਕੀਤੀ ਕਿ ਮਿੱਥੀ ਤਰੀਕ ਤੋਂ ਪਹਿਲਾਂ ਕੋਈ ਜਥਾ ਆਪਣੇ ਤੌਰ ‘ਤੇ ਸ੍ਰੀ ਨਨਕਾਣਾ ਸਾਹਿਬ ਪੁੱਜਿਆ ਤਾਂ ਮਹੰਤ ਨੁਕਸਾਨ ਕਰ ਸਕਦਾ ਹੈ। ਇਸ ਕਰਕੇ ਕਮੇਟੀ ਨੇ ਕਿਸੇ ਤਰੀਕੇ ਸੁਨੇਹਾ ਲਾ ਕੇ ਕਰਤਾਰ ਸਿੰਘ ਝੱਬਰ ਦਾ ਜਥਾ ਤਾਂ ਐਨ ਮੌਕੇ ‘ਤੇ ਸ੍ਰੀ ਨਨਕਾਣਾ ਸਾਹਿਬ ਜਾਣੋਂ ਰੋਕ ਲਿਆ ਪਰ ਭਾਈ ਲਛਮਣ ਸਿੰਘ ਧਾਰੋਵਾਲੀ ਅਰਦਾਸ ਕਰਕੇ ਆਪਣੇ ਜਥੇ ਦੇ ਨਾਲ 19 ਫਰਵਰੀ ਦੀ ਸ਼ਾਮ ਨੂੰ ਰਵਾਨਾ ਹੋ ਚੁੱਕੇ ਸਨ। ਜਦੋਂ ਨੂੰ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਜਥਾ ਨਾ ਲੈ ਕੇ ਜਾਣ ਦਾ ਸੁਨੇਹਾ ਮਿਲਿਆ ਤਾਂ ਉਹ ਸ੍ਰੀ ਨਨਕਾਣਾ ਸਾਹਿਬ ਦੇ ਬਿਲਕੁਲ ਨਜ਼ਦੀਕ ਪੁੱਜ ਚੁੱਕੇ ਸਨ। ਭਾਈ ਲਛਮਣ ਸਿੰਘ ਧਾਰੋਵਾਲੀ ਨੇ ਇਹ ਆਖ ਕੇ ਜਥਾ ਵਾਪਸ ਲੈ ਕੇ ਜਾਣੋਂ ਨਾਂਹ ਕਰ ਦਿੱਤੀ ਕਿ, ਅਸੀਂ ਹੁਣ ਅਰਦਾਸਾ ਸੋਧ ਕੇ ਆਏ ਹਾਂ, ਪਿੱਛੇ ਨਹੀਂ ਮੁੜ ਸਕਦੇ।
20 ਫਰਵਰੀ 1921 ਦੀ ਸਵੇਰ ਨੂੰ ਜਥਾ ਗੁਰਦੁਆਰਾ ਜਨਮ ਅਸਥਾਨ ਸਾਹਿਬ, ਸ੍ਰੀ ਨਨਕਾਣਾ ਸਾਹਿਬ ਅੰਦਰ ਦਾਖ਼ਲ ਹੋਇਆ। ਭਾਈ ਲਛਮਣ ਸਿੰਘ ਧਾਰੋਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ। ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਗਿਆ। ਜਥੇ ਦੇ ਸਿੰਘ ਬਿਲਕੁਲ ਨਿਹੱਥੇ ਅਤੇ ਸ਼ਾਂਤਮਈ ਸਨ। ਜਦੋਂ 150 ਦੇ ਲਗਪਗ ਸਿੰਘ ਗੁਰਦੁਆਰਾ ਜਨਮ ਅਸਥਾਨ ਸਾਹਿਬ ਦੇ ਅੰਦਰ ਦਾਖ਼ਲ ਹੋ ਗਏ ਤਾਂ ਮਹੰਤ ਨਰੈਣ ਦਾਸ ਨੇ ਸਭ ਦਰਵਾਜੇ ਬੰਦ ਕਰ ਦਿੱਤੇ ਅਤੇ ਬੁਲਾਏ ਹੋਏ ਗੁੰਡਿਆਂ ਤੋਂ ਜ਼ੁਲਮ ਦਾ ਤਾਂਡਵ ਆਰੰਭ ਕਰਵਾ ਦਿੱਤਾ। ਵੇਖਦਿਆਂ ਹੀ ਵੇਖਦਿਆਂ ਸਾਰੇ ਸਿੰਘਾਂ ਨੂੰ ਗੋਲੀਆਂ, ਬਰਛੀਆਂ, ਛਵ੍ਹੀਆਂ ਅਤੇ ਹੋਰ ਮਾਰੂ ਹਥਿਆਰਾਂ ਦੇ ਨਾਲ ਬੇਰਹਿਮੀ ਨਾਲ ਸ਼ਹੀਦ ਕੀਤਾ ਜਾਣ ਲੱਗਾ। ਇੱਥੇ ਹੀ ਬਸ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਿੰਘ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਵਿਚ ਕਈ ਗੋਲੀਆਂ ਲੱਗੀਆਂ। ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਜ਼ਖ਼ਮੀ ਹਾਲਤ ਵਿਚ ਗੁਰਦੁਆਰਾ ਜਨਮ ਅਸਥਾਨ ਸਾਹਿਬ ਦੇ ਵਿਹੜੇ ਵਿਚ ਜੰਡ ਨਾਲ ਬੰਨ੍ਹ ਕੇ ਜਿਉਂਦੇ ਸਾੜ ਦਿੱਤਾ ਗਿਆ ਅਤੇ ਜ਼ਖ਼ਮੀ ਸਿੰਘਾਂ ਨੂੰ ਵੀ ਤੇਲ ਪਾ ਕੇ ਸਾੜਿਆ ਗਿਆ।
ਇਸ ਭਾਣੇ ਦੀ ਖ਼ਬਰ ਸੁਣ ਕੇ ਗੁਰਦੁਆਰਾ ਜਨਮ ਅਸਥਾਨ ਸਾਹਿਬ ਪੁੱਜੇ ਸ. ਦਲੀਪ ਸਿੰਘ ਨੂੰ ਵੀ ਮਹੰਤ ਦੇ ਗੁੰਡਿਆਂ ਨੇ ਛਵ੍ਹੀਆਂ ਤੇ ਗੰਡਾਸਿਆਂ ਨਾਲ ਜ਼ਖ਼ਮੀ ਕਰਨ ਤੋਂ ਬਾਅਦ ਭਖਦੀ ਭੱਠੀ ਵਿਚ ਸੁੱਟ ਦਿੱਤਾ। ਲੱਕੜਾਂ ਖ਼ਤਮ ਹੋ ਜਾਣ ਕਾਰਨ ਕਈ ਅਧਮੋਏ ਝੁਲਸੇ ਸਿੰਘ ਤੱਕੇ ਨਹੀਂ ਸੀ ਜਾਂਦੇ। ਚਾਰੇ ਪਾਸੇ ਸਿੰਘਾਂ ਦੇ ਮ੍ਰਿਤਕ ਸਰੀਰਾਂ ਦੇ ਹਿੱਸੇ ਖਿੰਡੇ ਹੋਏ ਸਨ। ਇਸ ਕਤਲੇਆਮ ਵਿਚ ਕੁਕਰਮੀ ਮਹੰਤ ਦਾ ਸਾਥ ਕੁਝ ਭੱਟੀ ਮੁਸਲਮਾਨਾਂ, ਕਰਤਾਰ ਸਿੰਘ ਬੇਦੀ ਅਤੇ ਮੰਗਲ ਸਿੰਘ ਕੂਕਾ ਨੇ ਵੀ ਦਿੱਤਾ।
ਇਸ ਭਿਆਨਕ ਜ਼ੁਲਮ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਸ. ਉਤਮ ਸਿੰਘ ਕਾਰਖਾਨੇ ਵਾਲਿਆਂ ਨੇ ਵੀ ਪੰਥਕ ਜਥੇਬੰਦੀ ਤੇ ਸਰਕਾਰੀ ਅਫ਼ਸਰਾਂ ਨੂੰ ਤਾਰਾਂ ਘੱਲ ਕੇ ਜ਼ੁਲਮ ਦੀ ਖ਼ਬਰ ਅਤੇ ਪੰਥ ਦੇ ਰੋਹ ਬਾਰੇ ਦੱਸ ਦਿੱਤਾ। ਮਿਤੀ 21 ਫਰਵਰੀ 1921 ਨੂੰ ਸਿੱਖ ਆਗੂ ਤੇ ਹਜ਼ਾਰਾਂ ਸੰਗਤਾਂ ਸ਼ਸਤਰਧਾਰੀ ਹੋ ਕੇ ਸ੍ਰੀ ਨਨਕਾਣਾ ਸਾਹਿਬ ਪੁੱਜੀਆਂ। ਅੰਗਰੇਜ਼ ਹਕੂਮਤ ਸਿੱਖਾਂ ਦਾ ਰੋਹ ਵੇਖ ਕੇ ਢਿੱਲੀ ਪੈ ਗਈ ਅਤੇ ਉਸੇ ਦਿਨ ਸ਼ਾਮ ਨੂੰ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤਾ। ਮਿਤੀ 23 ਫਰਵਰੀ ਨੂੰ ਬੜੇ ਜਜ਼ਬਾਤੀ ਮਾਹੌਲ ਵਿਚ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ।
ਸ੍ਰੀ ਨਨਕਾਣਾ ਸਾਹਿਬ ਵਿਖੇ 3 ਮਾਰਚ 1921 ਨੂੰ ‘ਸ਼ਹੀਦੀ ਦੀਵਾਨ’ ਕਰਵਾਇਆ ਗਿਆ, ਜਿਸ ਵਿਚ ਦੂਰ-ਦੁਰਾਡਿਓਂ ਵੱਡੀ ਗਿਣਤੀ ਸੰਗਤਾਂ ਤੋਂ ਇਲਾਵਾ ਆਜ਼ਾਦੀ ਦੀਆਂ ਵੱਖ-ਵੱਖ ਤਹਿਰੀਰਾਂ ਨਾਲ ਸਬੰਧਿਤ ਦੇਸ਼ ਦੀ ਕੌਮੀ ਲੀਡਰਸ਼ਿਪ ਵੀ ਪੁੱਜੀ, ਜਿਨ੍ਹਾਂ ਵਿਚ ਮਹਾਤਮਾ ਗਾਂਧੀ, ਮੌਲਾਨਾ ਸ਼ੌਕਤ ਅਲੀ, ਲਾਲਾ ਦੂਨੀ ਚੰਦ, ਲਾਲਾ ਲਾਜਪਤ ਰਾਏ ਅਤੇ ਡਾ. ਕਿਚਲੂ ਵੀ ਸ਼ਾਮਲ ਸਨ। ਇਸ ‘ਸ਼ਹੀਦੀ ਦੀਵਾਨ’ ਦੌਰਾਨ ਹੀ ਅਰਦਾਸ ਵਿਚ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਜ਼ਿਕਰ ਸ਼ਾਮਲ ਕਰਨ ਦਾ ਇਤਿਹਾਸਕ ਫ਼ੈਸਲਾ ਹੋਇਆ। ਇਸ ਮੌਕੇ ਸਿੱਖ ਸੰਗਤਾਂ ਦੇ ਰੋਸ ਤੇ ਰੋਹ ਭਰੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਹਾਤਮਾ ਗਾਂਧੀ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖਾਂ ਦੇ ਹੋਏ ਕਤਲੇਆਮ ਦੀ 1919 ਦੇ ਜੱਲਿਆਂਵਾਲਾ ਬਾਗ ਸਾਕੇ ਨਾਲ ਤੁਲਨਾ ਕਰਦਿਆਂ ਕਿਹਾ, ‘ਮੈਂ ਜੋ ਵੇਖਿਆ ਉਹ ਡਾਇਰਿਜ਼ਮ ਦਾ ਦੂਜਾ ਐਡੀਸ਼ਨ ਹੈ ਜੋ ਹੋਰ ਜ਼ਿਆਦਾ ਵਹਿਸ਼ੀ ਹੈ।’ ਜਜ਼ਬਾਤੀ ਹੋਏ ਲਾਲਾ ਲਾਜਪਤ ਰਾਏ ਨੇ ਇੱਥੋਂ ਤੱਕ ਆਖਿਆ, ‘ਮੈਂ ਸਿੱਖਾਂ ਦੇ ਬਦਲੇ ਖ਼ੁਸ਼ੀ ਨਾਲ ਆਪਣੀ ਜਾਨ ਦੇ ਦਿੰਦਾ। ਮੇਰਾ ਧਰਮ ਮੈਨੂੰ ਆਤਮ-ਹੱਤਿਆ ਕਰਨ ਤੋਂ ਰੋਕਦਾ ਹੈ, ਨਹੀਂ ਤਾਂ ਮੈਂ ਵੀ ਉਨ੍ਹਾਂ ਵਿਚੋਂ ਇਕ ਹੋ ਜਾਂਦਾ। ਇਹ ਬੇਹੱਦ ਹੈਰਾਨੀ ਵਾਲੀ ਗੱਲ ਹੈ ਕਿ ਇਸ ਪੂਰੀ ਘਟਨਾ ਵਿਚ ਸਿੱਖ ਅਹਿੰਸਕ ਰਹੇ।’
ਦੂਜੇ ਪਾਸੇ ਸਰਕਾਰ ਨੇ ਸਿੱਖਾਂ ਦੇ ਅੱਥਰੂ ਪੂੰਝਣ ਲਈ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੇ ਦੋਸ਼ੀ ਮਹੰਤ ਨਰੈਣ ਦਾਸ ਤੇ ਉਸ ਦੇ ਕੁਝ ਗੁੰਡਿਆਂ ਵਿਰੁੱਧ ਮੁਕੱਦਮਾ ਚਲਾਇਆ। ਮਿਤੀ 12 ਅਕਤੂਬਰ 1921 ਨੂੰ ਅਦਾਲਤ ਨੇ ਮਹੰਤ ਤੇ ਉਸ ਦੇ 7 ਸਾਥੀਆਂ ਨੂੰ ਮੌਤ ਦੀ ਸਜ਼ਾ ਅਤੇ 8 ਜਣਿਆਂ ਨੂੰ ਉਮਰ ਕੈਦ ਸੁਣਾਈ, ਪਰ ਬਾਅਦ ਵਿਚ ਹਾਈਕੋਰਟ ਨੇ ਮਹੰਤ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ।
ਇਸ ਤਰ੍ਹਾਂ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਸਿਖ਼ਰਾਂ ਵੱਲ ਪੁੱਜੀ। ਇਸ ਸਾਕੇ ਦੌਰਾਨ ਸਿੱਖਾਂ ‘ਤੇ ਹੋਏ ਕਹਿਰੀ ਜ਼ੁਲਮ ਨੇ ਅੰਗਰੇਜ਼ ਹਕੂਮਤ ਕੋਲੋਂ ਭਾਰਤ ਨੂੰ ਆਜ਼ਾਦ ਕਰਵਾਉਣ ਦੀ ਲਹਿਰ ਨੂੰ ਵੀ ਨਿਰਣਾਇਕ ਦਿਸ਼ਾ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।