ਭਾਰਤ-ਅਫਗਾਨਿਸਤਾਨ ਵਿਚਾਲੇ ਤਿੰਨ ਸਮਝੌਤਿਆਂ ‘ਤੇ ਦਸਤਖਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਭਾਰਤ ਅਤੇ ਪਾਕਿਸਤਾਨ ਨੇ ਸੱਦਾ ਦਿੱਤਾ ਕਿ ਅੱਤਵਾਦੀਆਂ ਨੂੰ ਸ਼ਹਿ ਦੇਣਾ ਅਤੇ ਸੁਰੱਖਿਅਤ ਟਿਕਾਣੇ ਮੁਹੱਈਆ ਕਰਵਾਏ ਜਾਣਾ ਬੰਦ ਕੀਤਾ ਜਾਵੇ। ਦੋਵੇਂ ਮੁਲਕਾਂ ਨੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਵੀ ਫ਼ੈਸਲਾ ਲਿਆ ਹੈ। ਇਸ ਦੇ ਨਾਲ ਤਿੰਨ ਸਮਝੌਤਿਆਂ ‘ਤੇ ਸਹੀ ਪਾਈ ਗਈ ਅਤੇ ਭਾਰਤ ਨੇ ਅਫ਼ਗਾਨਿਸਤਾਨ ਨੂੰ ਇਕ ਅਰਬ ਡਾਲਰ ਦੇਣ ਦਾ ਵਾਅਦਾ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦਰਮਿਆਨ ਹੋਈ ਵਾਰਤਾ ਵਿਚ ਦੋਵੇਂ ਆਗੂਆਂ ਨੇ ਖ਼ਿੱਤੇ ਵਿਚ ਆਪਣੇ ਸਿਆਸੀ ਮੰਤਵਾਂ ਲਈ ਅੱਤਵਾਦ ਦੀ ਲਗਾਤਾਰ ਵਰਤੋਂ ਕੀਤੇ ਜਾਣ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਭਾਰਤ ਵੱਲੋਂ ਇਕਜੁੱਟ, ਖ਼ੁਦਮੁਖਤਿਆਰ, ਲੋਕਰਾਜੀ, ਅਮਨ, ਸਥਿਰ ਅਤੇ ਖੁਸ਼ਹਾਲ ਅਫ਼ਗਾਨਿਸਤਾਨ ਲਈ ਹਮਾਇਤ ਦੇਣਾ ਜਾਰੀ ਰੱਖਣ ਦੇ ਅਹਿਦ ਨੂੰ ਦੁਹਰਾਉਂਦਿਆਂ ਮੋਦੀ ਨੇ ਕਿਹਾ ਕਿ ਭਾਰਤ ਉਨ੍ਹਾਂ ਨੂੰ ਸਿੱਖਿਆ, ਸਿਹਤ, ਖੇਤੀਬਾੜੀ, ਹੁਨਰ ਵਿਕਾਸ, ਮਹਿਲਾਵਾਂ ਦੇ ਸ਼ਕਤੀਕਰਨ, ਊਰਜਾ, ਬੁਨਿਆਦੀ ਢਾਂਚੇ ਅਤੇ ਜਮਹੂਰੀ ਅਦਾਰਿਆਂ ਦੀ ਮਜ਼ਬੂਤੀ ਸਮੇਤ ਹੋਰ ਖੇਤਰਾਂ ਵਿਚ ਸਹਿਯੋਗ ਦੇਣ ਲਈ ਤਿਆਰ ਹੈ। ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਗੁਆਂਢੀ ਅਤੇ ਅਫ਼ਗਾਨਿਸਤਾਨ ਤੇ ਉਥੋਂ ਦੇ ਲੋਕਾਂ ਦੇ ਮਿੱਤਰ ਹੋਣ ਦੇ ਨਾਤੇ ਭਾਰਤ ਵੱਲੋਂ ਇਕ ਅਰਬ ਡਾਲਰ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਦੋਹਾਂ ਆਗੂਆਂ ਵਿਚਕਾਰ ਗੱਲਬਾਤ ਤੋਂ ਬਾਅਦ ਤਿੰਨ ਸਮਝੌਤਿਆਂ; ਹਵਾਲਗੀ ਸੰਧੀ, ਸਿਵਲ ਅਤੇ ਵਣਜ ਮਾਮਲਿਆਂ ਵਿਚ ਸਹਿਯੋਗ ਅਤੇ ਪੁਲਾੜ ਦੀ ਸ਼ਾਂਤੀਪੂਰਨ ਤਰੀਕਿਆਂ ਨਾਲ ਵਰਤੋਂ ਲਈ ਸਹਿਯੋਗ ਬਾਰੇ ਐਮਓਯੂ ‘ਤੇ ਦਸਤਖ਼ਤ ਕੀਤੇ।
ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਸਕੱਤਰ ਐਸ ਜੈਸ਼ੰਕਰ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਖੇਤਰੀ ਹਾਲਾਤ ‘ਤੇ ਵਿਚਾਰ ਵਟਾਂਦਰਾ ਕੀਤਾ ਅਤੇ ਸਿਆਸੀ ਲਾਹੇ ਵਜੋਂ ਅੱਤਵਾਦ ਦੀ ਵਰਤੋਂ ਕੀਤੇ ਜਾਣ ‘ਤੇ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਗਿਆ। ਉਨ੍ਹਾਂ ਪਾਕਿਸਤਾਨ ਦਾ ਨਾਮ ਨਹੀਂ ਲਿਆ ਪਰ ਸਪੱਸ਼ਟ ਤੌਰ ‘ਤੇ ਇਸ਼ਾਰਾ ਉਧਰ ਹੀ ਸੀ। ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਅਫ਼ਗਾਨਿਸਤਾਨ ਨੂੰ ਪੌਣੇ ਦੋ ਲੱਖ ਟਨ ਕਣਕ ਭੇਜਣ ਦੀ ਪੇਸ਼ਕਸ਼ ਕੀਤੀ ਸੀ ਅਤੇ ਪਾਕਿਸਤਾਨ ਤੋਂ ਲਾਂਘੇ ਲਈ ਕਈ ਮਹੀਨੇ ਪਹਿਲਾਂ ਦਰਖ਼ਾਸਤ ਦਿੱਤੀ ਸੀ ਪਰ ਉਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …