Breaking News
Home / ਮੁੱਖ ਲੇਖ / ਹੱਡ ਰਗੜਾਉਂਦੇ ਤੇ ਫਤਵੇ ਝੱਲਦੇ ਖੇਤ ਮਜ਼ਦੂਰ

ਹੱਡ ਰਗੜਾਉਂਦੇ ਤੇ ਫਤਵੇ ਝੱਲਦੇ ਖੇਤ ਮਜ਼ਦੂਰ

ਬਹਾਲ ਸਿੰਘ
22 ਮਾਰਚ ਨੂੰ ਤਾਲਾਬੰਦੀ ਲੱਗਣ ਨਾਲ ਪੰਜਾਬ ਵਿਚੋਂ ਪਰਵਾਸੀ ਮਜ਼ਦੂਰਾਂ ਦਾ ਉਜਾੜਾ ਹੋ ਗਿਆ। ਉਹ ਅਨੇਕਾਂ ਸੰਤਾਪ ਸਹਿੰਦੇ ਹੋਏ ਆਪਣੇ ਜੱਦੀ ਨਿਵਾਸਾਂ ‘ਤੇ ਪਹੁੰਚੇ ਪਰ ਕੁਝ ਰਾਹ ਵਿਚ ਹੀ ਸਦਾ ਲਈ ਸੌਂ ਗਏ। ਪੰਜਾਬ ਵਿਚ ਜੀਰੀ ਲਗਾਉਣ ਲਈ ਕਰੋਨਾ ਕਾਰਨ ਯੂਪੀ ਬਿਹਾਰ ਤੋਂ ਸਸਤੀ ਲੇਬਰ ਨਾ ਪਹੁੰਚ ਸਕੀ। ਇਸ ਲਈ ਕਿਸਾਨਾਂ ਨੂੰ ਲੋਕਲ ਲੇਬਰ ‘ਤੇ ਨਿਰਭਰ ਹੋਣਾ ਪਿਆ। ਪਹਿਲਾਂ ਮੁਕਾਬਲੇ ਕਾਰਨ ਲੋਕਲ ਮਜ਼ਦੂਰਾਂ ਨੂੰ ਘੱਟ ਵੇਤਨ ‘ਤੇ ਸਬਰ ਕਰਨਾ ਪੈਂਦਾ ਸੀ। ਹੁਣ ਲੋਕਲ ਮਜ਼ਦੂਰ ਇਸ ਵਰਤਾਰੇ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸਨ।
ਝੋਨੇ ਦੀ ਲਵਾਈ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਘਟਨਾਵਾਂ ਵਾਪਰੀਆਂ ਜੋ ਅਕਸਰ ਵਿਤਕਰੇ ਵਾਲੇ ਸਮਾਜਿਕ ਪ੍ਰਬੰਧ ਵਿਚ ਵਾਪਰਦੀਆਂ ਹਨ। ਕਈ ਪਿੰਡਾਂ ਵਿਚ ਪੰਚਾਇਤਾਂ ਨੇ ਮਤੇ ਪਾ ਕੇ ਝੋਨਾ ਲਵਾਈ ਦੇ ਰੇਟ ਤੈਅ ਕਰ ਕੇ ਧਾਰਮਿਕ ਸਥਾਨਾਂ ਤੋਂ ਹੋ ਕੇ ਦਿਵਾਏ ਗਏ ਕਿ ਜੋ ਇਸ ਨੂੰ ਨਹੀਂ ਮੰਨੇਗਾ, ਉਸ ਦਾ ਬਾਈਕਾਟ ਹੋਵੇਗਾ ਅਤੇ ਜੁਰਮਾਨਾ ਕੀਤਾ ਜਾਵੇਗਾ। ਸੋਸ਼ਲ ਮੀਡੀਆ ‘ਤੇ ਤਾਲਾਬੰਦੀ ਸਮੇਂ ਵੰਡੇ ਰਾਸ਼ਨ ਦੇ ਮਿਹਣੇ ਮਾਰੇ ਗਏ।
ਜਦੋਂ ਕਈ ਪਿੰਡਾਂ ਵਿਚ ਜੀਰੀ ਲਗਾਉਣ ਦੇ ਕੰਮ ਦਾ ਸਰਵੇਖਣ ਕੀਤਾ ਤਾਂ ਕਈ ਤੱਥ ਸਾਹਮਣੇ ਆਏ। ਇਨ੍ਹਾਂ ਪਿੰਡਾਂ ਵਿਚ ਰੇਟ ਪ੍ਰਤੀ ਏਕੜ 3 ਤੋਂ 4 ਹਜ਼ਾਰ ਦੇ ਵਿਚਕਾਰ ਸੀ। ਕੁਝ ਪਿੰਡਾਂ ਵਿਚ ਪੰਜ ਵਿਘਿਆਂ ਦਾ ਏਕੜ ਸੀ ਤੇ ਕਈ ਵਿਚ ਸਵਾ ਛੇ ਵਿਘਿਆਂ ਦਾ। ਮਜ਼ਦੂਰਾਂ ਨੇ ਰੋਜ਼ਾਨਾ 12 ਤੋਂ 14 ਘੰਟੇ ਕੰਮ ਕੀਤਾ। ਇਕ ਏਕੜ ਲਈ 7 ਤੋਂ 10 ਦਿਹਾੜੀਆਂ ਲੱਗੀਆਂ। ਇਕ ਮਜ਼ਦੂਰ ਨੂੰ ਅੱਠ ਘੰਟਿਆਂ ਦੇ ਔਸਤ 365 ਰੁਪਏ ਮਿਲੇ ਜੋ ਬਹੁਤ ਘੱਟ ਹਨ। ਜਿੱਥੇ ਮਜ਼ਦੂਰ ਦਾ ਤੈਅ ਕੀਤਾ 5000 ਰੁਪਏ ਪ੍ਰਤੀ ਏਕੜ ਰੇਟ ਮਿਲਿਆ, ਉਥੇ ਅੱਠ ਘੰਟਿਆਂ ਦੇ 570 ਰੁਪਏ ਬਣੇ। ਇਹ ਰੇਟ ਉਨ੍ਹਾਂ ਦੀ ਮਿਹਨਤ ਦੇਖਦੇ ਹੋਏ ਕੋਈ ਜ਼ਿਆਦਾ ਨਹੀਂ ਸਨ। ਇਸ ਵਾਧੇ ਨੂੰ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਹੋਇਆ। ਕਰਮਚਾਰੀ ਵੇਤਨ ਵਿਚ ਵਾਧੇ ਦੀ ਮੰਗ ਕਰਦੇ ਅਤੇ ਖੇਤੀ ਲਾਗਤਾਂ ਤੇ 50 ਫੀਸਦੀ ਉਪਰ ਫਸਲਾਂ ਦੇ ਭਾਅ ਦੀ ਮੰਗ ਕੀਤੀ ਜਾਂਦੀ ਹੈ ਪਰ ਜਦੋਂ ਖੇਤ ਮਜ਼ਦੂਰ ਆਪਣੀ ਮੁਸ਼ੱਕਤ ਦਾ ਪੂਰਾ ਹੱਕ ਮੰਗਦੇ ਹਨ ਤਾਂ ਰੌਲ਼ਾ ਕਿਉਂ?
ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਦਾ ਸਰਵੇਖਣ ਦਰਸਾਉਂਦਾ ਹੈ ਕਿ ਜੀਰੀ ਦੇ ਰੇਟ ਦਾ ਕਿਸਾਨਾਂ ਵੱਲੋਂ ਉਠਾਇਆ ਮਸਲਾ ਕਿੰਨਾ ਦਾਬਾ ਪਾਉਣ ਵਾਲਾ ਸੀ। ਅਸਲ ਵਿਚ ਇਸ ਵਿਰੋਧ ਦਾ ਮੁੱਖ ਆਧਾਰ ਰੇਟ ਨਹੀਂ ਸਗੋਂ ਜਾਤੀ-ਜਮਾਤੀ ਹੰਕਾਰ ਸੀ। ਉਹ ਇਨ੍ਹਾਂ ਗਰੀਬ ਕਿਰਤੀਆਂ ਲਈ ਤਾਲਾਬੰਦੀ ਵਿਚ ਰਾਸ਼ਨ ਤਾਂ ਵੰਡ ਸਕਦੇ ਹਨ ਪਰ ਜੇ ਪਿੰਡ ਦੇ ਛਿਪਦੇ ਪਾਸੇ ਰਹਿਣ ਵਾਲੇ ਇਹ ਲੋਕ ਆਪਣੀ ਮਿਹਨਤ ਦਾ ਪੂਰਾ ਮੁੱਲ ਮੰਗਣ ਦੀ ‘ਗੁਸਤਾਖੀ’ ਕਰਨ ਤਾਂ ਇਹ ਮਨਜ਼ੂਰ ਨਹੀ। ਜੇ ਉਹ ਆਪਣੇ ਫੈਸਲੇ ਆਪ ਕਰਨ ਲੱਗਣ ਤਾਂ ਉਨ੍ਹਾਂ ਉੱਤੇ ਪਿੰਡ ਦਾ ਮਾਹੌਲ ਖਰਾਬ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ ਤੇ ਫ਼ਤਵੇ ਜਾਰੀ ਕੀਤੇ ਜਾਂਦੇ ਹਨ; ਕਿਉਂਕਿ ਮਾਹੌਲ ਉਹੀ ਚੰਗਾ ਹੈ ਜਿਸ ਵਿਚ ਕਿਰਤੀ ਬਿਨਾ ਉਜ਼ਰ ਕਾਲੇ ਬਲਦ ਵਾਂਗ ਮਾਲਕ ਦੀ ਰਜ਼ਾ ਵਿਚ ਕੰਮ ਕਰਦੇ ਰਹਿਣ। ਇਹ ਫਤਵੇ ਮਹਿੰਗੇ ਭਾਅ ਠੇਕੇ ਤੇ ਜ਼ਮੀਨਾਂ ਦੇਣ ਵਾਲੇ ਮਾਲਕਾਂ, ਮਹਿੰਗੀਆਂ ਖਾਦਾਂ ਤੇ ਦਵਾਈਆਂ, ਡੀਜ਼ਲ ਤੇ ਪੈਟਰੋਲ ਵੇਚਣ ਵਾਲੀਆਂ ਕੰਪਨੀਆਂ ਅਤੇ ਵੱਧ ਵਿਆਜ਼ ਲਗਾ ਕੇ ਕਿਸਾਨਾਂ ਦਾ ਸ਼ੋਸ਼ਣ ਕਰਨ ਵਾਲੇ ਆੜ੍ਹਤੀਆਂ ਖਿਲਾਫ ਕਦੇ ਵੀ ਜਾਰੀ ਨਹੀਂ ਕੀਤੇ ਜਾਂਦੇ। ਇਨ੍ਹਾਂ ਫਤਵਿਆਂ ਨੂੰ ਝੱਲਣ ਲਈ ਸਿਰਫ਼ ਮਿਹਨਤੀ ਖੇਤ ਮਜ਼ਦੂਰ ਹੀ ਸਰਾਪੇ ਹੋਏ ਹਨ।
ਜੀਰੀ ਲਗਾਉਣ ਲਈ ਇਨ੍ਹਾਂ ਨੂੰ ਸਵੇਰੇ 3-4 ਵਜੇ ਉੱਠਣਾ ਪੈਂਦਾ ਹੈ। ਔਰਤਾਂ ਘਰ ਦੇ ਸਾਰੇ ਕੰਮ-ਕਾਰ ਕਰਕੇ ਆਪਣੀ ਸਵੇਰ ਅਤੇ ਦੁਪਹਿਰ ਦੀ ਰੋਟੀ ਬਣਾ ਲੈਂਦੀਆਂ ਹਨ ਤੇ ਮਰਦ ਘਰ ਵਿਚ ਰੱਖੇ ਇਕ-ਅੱਧ ਪਸ਼ੂ ਦੀ ਸਾਂਭ ਸੰਭਾਲ ਕਰਕੇ ਪੰਜ ਵੱਜਦੇ ਨਾਲ ਖੇਤਾਂ ਵਿਚ ਪਹੁੰਚ ਜਾਂਦੇ ਹਨ। ਕਈ ਔਰਤਾਂ ਨੂੰ ਕਿਸਾਨਾਂ ਦੇ ਘਰਾਂ ਵਿਚ ਗੋਹੇ-ਕੂੜੇ ਦਾ ਕੰਮ ਕਰਕੇ ਵੀ ਆਉਣਾ ਪੈਂਦਾ ਸੀ। ਜਦੋਂ ਉਹ ਰਾਤ ਨੂੰ ਅੱਠ ਵਜੇ ਵਾਪਸ ਆਉਂਦੇ, ਫਿਰ ਉਨ੍ਹਾਂ ਨੂੰ ਘਰ ਦੇ ਕੰਮ ਕਰਨੇ ਪੈਂਦੇ।
ਇਨ੍ਹਾਂ ਥੱਕਿਆਂ-ਟੁੱਟਿਆਂ ਨੂੰ ਮਸਾਂ ਦਸ ਗਿਆਰਾਂ ਵਜੇ ਮੰਜਾ ਨਸੀਬ ਹੁੰਦਾ। ਜਿਨ੍ਹਾਂ ਦੇ ਛੋਟੇ ਬੱਚਿਆਂ ਨੂੰ ਘਰ ਸਾਂਭਣ ਵਾਲਾ ਨਹੀਂ ਸੀ, ਉਨ੍ਹਾਂ ਨੂੰ ਖੇਤਾਂ ਵਿਚ ਨਾਲ ਲੈ ਕੇ ਜਾਣਾ ਪੈਂਦਾ। ਬੱਚੇ ਸਾਰਾ ਦਿਨ ਬੇਆਰਾਮ ਕੱਟਦੇ। ਵੱਟਾਂ ‘ਤੇ ਹੀ ਸੌਂ ਜਾਂਦੇ। ਪਾਣੀ ਵਿਚ ਡਿੱਗਣ, ਸੱਪ ਲੜਨ, ਉਰਾਂ-ਪਰਾਂ ਚਲੇ ਜਾਣ ਦੇ ਖਤਰੇ ਹਮੇਸ਼ਾ ਰਹਿੰਦੇ।
ਪਹਿਲੇ ਹਫਤੇ ਵਿਚ ਹੀ ਪਾਣੀ ਵਿਚ ਲਗਾਤਾਰ ਰਹਿਣ ਕਰਕੇ ਹੱਥ-ਪੈਰ ਖਰਾਬ ਹੋ ਜਾਂਦੇ ਤੇ ਸੜਨ ਲੱਗਦੇ ਹਨ। ਵਾਹਣ ਵਿਚ ਪਾਏ ਕਈ ਤਰ੍ਹਾਂ ਦੇ ਕੈਮੀਕਲ ਹੱਥ-ਪੈਰਾਂ ਦਾ ਹੋਰ ਵੀ ਬੁਰਾ ਹਾਲ ਕਰ ਦਿੰਦੇ ਹਨ ਅਤੇ ਹੋਰ ਚਮੜੀ ਰੋਗ ਲੱਗ ਜਾਂਦੇ ਹਨ ਜਿਸ ਕਾਰਨ ਮਗਰੋਂ ਕਈ ਮਹੀਨੇ ਡਾਕਟਰਾਂ ਦੇ ਚੱਕਰ ਕੱਟਣੇ ਪੈਂਦੇ। ਗਰਮ ਪਾਣੀ ਵਿਚ ਜੀਰੀ ਲਗਾਉਂਦਿਆਂ ਉਪਰੋਂ ਪੈਂਦੀ ਤਿੱਖੜ ਧੁੱਪ ਵਿਚ ਪਿਆਸ ਬਹੁਤ ਲਗਦੀ ਹੈ। ਪਾਣੀ ਪੀਣ ਲਈ ਕੱਦੂ ਕੀਤਾ ਪੂਰਾ ਵਾਹਣ ਪਾਰ ਕਰ ਕੇ ਮੋਟਰ ‘ਤੇ ਜਾਣਾ ਪਵੇਗਾ, ਇਹ ਸੋਚ ਕੇ ਕਾਮੇ ਆਪਣੀ ਟੀਮ ਵਿਚ ਪਿਆਸ-ਭੁੱਖ ਕੱਟਦਿਆਂ ਹੀ ਕੰਮ ਕਰਦੇ ਰਹਿੰਦੇ ਹਨ।
ਅਸਲ ਵਿਚ ਕਿਸਾਨਾਂ ਵੱਲੋਂ ਵੀ ਪੂੰਜੀਪਤੀਆਂ ਵਾਂਗ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਵੇਂ ਝੋਨੇ ਦੀ ਲਵਾਈ ਦੇ ਤੈਅ ਰੇਟ ਤੋਂ ਘੱਟ ਪੈਸੇ ਦੇ ਕੇ, ਜ਼ਮੀਨ ਪੂਰੀ ਨਾ ਦੱਸ ਕੇ, ਆਨੀ-ਬਹਾਨੀ ਰੁਪਏ ਦੱਬ ਕੇ। ਕੋਈ ਸਮਾਂ ਸੀ ਜਦ ਬਾਬਾ ਨਾਨਕ ਨੇ ਲੁੱਟ ਦੀ ਕਮਾਈ ਖਾਣ ਵਾਲੇ ਮਲਿਕ ਭਾਗੋ ਦੇ ਘਰ ਭੋਜਨ ਤੱਕ ਨਹੀਂ ਕੀਤਾ ਸੀ ਅਤੇ ਉਹ ਮਿਹਨਤ ਦੀ ਕਮਾਈ ਕਰ ਕੇ ਖਾਣ ਵਾਲੇ ਭਾਈ ਲਾਲੋ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਸਨ। ਲੋਕ ਹੁਣ ਭੁੱਲ ਗਏ ਕਿ ਗੁਰੂਆਂ ਨੇ ਕਿਰਤੀ ਨੂੰ ਮਾਣ ਦਿੱਤਾ ਸੀ।
ਸਦੀਆਂ ਦਾ ਜਾਤੀ-ਜਮਾਤੀ ਪੇਂਡੂ ਸਮਾਜ ਦਾ ਇਤਿਹਾਸ ਵੀ ਇਹੀ ਦਰਸਾਉਂਦਾ ਹੈ ਕਿ ਕਿਸਾਨ ਭਾਵੇਂ ਧਨੀ ਹੈ, ਭਾਵੇਂ ਦੋ ਏਕੜ ਵਾਲਾ ਹੈ, ਉਸ ਨੇ ਮਜ਼ਦੂਰ ਨੂੰ ਕਦੇ ਮਨੁੱਖ ਦੇ ਤੌਰ ‘ਤੇ ਸਤਿਕਾਰ ਨਹੀਂ ਦਿੱਤਾ। ਇਸ ਕਰਕੇ ਦੋਹਾਂ ਦਾ ਰਿਸ਼ਤਾ ਨਹੁੰ-ਮਾਸ ਵਾਲਾ ਨਹੀਂ ਬਣ ਸਕਿਆ। ਜ਼ਮੀਨ ਤੋਂ ਵਿਰਵਾ ਹੋਇਆ ਕਿਸਾਨ ਹੁਣ ਭੱਠਿਆਂ, ਫੈਕਟਰੀਆਂ, ਪੰਪਾਂ ‘ਤੇ ਕੰਮ ਕਰਨ ਲੱਗ ਪਿਆ ਹੈ ਪਰ ਉਹ ਅਜੇ ਵੀ ਖੇਤ ਮਜ਼ਦੂਰ ਦਾ ਸਤਿਕਾਰ ਨਹੀਂ ਕਰਨ ਲੱਗਿਆ। ਜਾਤੀ ਹੰਕਾਰ ਹੀ ਉਸ ਨੂੰ ਵੱਡਾ ਹੋਣ ਦਾ ਮਾਣ ‘ਬਖ਼ਸ਼ਦਾ’ ਹੈ।
ਖੇਤ ਮਜ਼ਦੂਰਾਂ ਬਾਰੇ ਜਾਰੀ ਕੀਤੇ ਫ਼ਤਵਿਆਂ ਲਈ ਉਹ ਪੰਚਾਇਤਾਂ ਹੀ ਦੋਸ਼ੀ ਨਹੀਂ ਜਿਨ੍ਹਾਂ ਨੇ ਮਤੇ ਪਾਏ ਜਾਂ ਜਿਨ੍ਹਾਂ ਨੇ ਹੋਕੇ ਦਿੱਤੇ; ਅਸਲ ਵਿਚ ਉਹ ਵੀ ਆਰੋਪੀ ਹਨ ਜਿਨ੍ਹਾਂ ਨੇ ਮਜ਼ਦੂਰਾਂ ਦੇ ਤੈਅ ਕੀਤੇ ਰੇਟ ਦਾ ਸਮਰਥਨ ਨਹੀਂ ਕੀਤਾ। ਫ਼ਤਵੇ ਜਾਰੀ ਕਰਨ ਵਾਲਿਆਂ ਦੀ ਮਾਨਸਿਕਤਾ ਦੀਆਂ ਤੰਦਾਂ ਜਾਤ-ਪਾਤੀ ਪ੍ਰਬੰਧ ਨਾਲ ਇੰਨੀਂ ਮਜ਼ਬੂਤੀ ਨਾਲ ਜੁੜੀਆਂ ਹਨ ਕਿ ਬੰਦੇ ਦੇ ਖੱਬੇ-ਪੱਖੀ ਜਥੇਬੰਦੀਆਂ ਅਤੇ ਗੁਰੂਆਂ ਦੀ ਵਿਚਾਰਧਾਰਾ ਨਾਲ ਜੁੜਨ ਦੇ ਬਾਵਜੂਦ ਨਹੀਂ ਟੁੱਟਦੀਆਂ। ਇਸ ਵਾਰ ਮਜ਼ਦੂਰਾਂ ਵਲੋਂ ਤੈਅ ਰੇਟ ਦਾ ਪੰਜਾਬ ਦੀ ਕਿਸੇ ਵੀ ਜੱਥੇਬੰਦੀ ਨੇ ਸਮਰਥਨ ਨਹੀਂ ਕੀਤਾ। ਹਾਂ, ਖੱਬੇ-ਪੱਖੀਆਂ ਦਾ ਸੁਝਾਅ ਜ਼ਰੂਰ ਆਇਆ ਕਿ ਕਿਸਾਨ ਤੇ ਮਜ਼ਦੂਰ ਨੂੰ ਬੈਠ ਕੇ ਸਹਿਮਤੀ ਕਰ ਲੈਣੀ ਚਾਹੀਦੀ ਹੈ। ਮਾਲਕ ਤੇ ਮਜ਼ਦੂਰ ਵਿਚ ਸਹਿਮਤੀ ਕਿਵੇਂ ਹੋ ਸਕਦੀ ਹੈ ਜਦੋਂ ਮਾਲਕ ਵੱਧ ਤੋਂ ਵੱਧ ਮੁਨਾਫਾ ਪ੍ਰਾਪਤ ਕਰਨਾ ਚਾਹੁੰਦਾ ਹੈ ਅਤੇ ਕਿਰਤੀ ਆਪਣੀ ਕਿਰਤ ਦਾ ਪੂਰਾ ਮੁੱਲ। ਸੁਝਾਅ ਦੇਣ ਵਾਲੇ ਖੇਤੀ ਵਿਚੋਂ ਸਿਰਫ਼ ਕਿਸਾਨ ਦੇ ਘਾਟੇ ਦੀ ਗੱਲ ਹੀ ਕਰਦੇ ਹਨ ਅਤੇ ਅੰਨਦਾਤੇ ਦੇ ਤੌਰ ‘ਤੇ ਵੀ ਕੇਵਲ ਕਿਸਾਨ ਨੂੰ ਹੀ ਉਭਾਰਦੇ ਹਨ।
ਇਹੀ ਘਾਟ ਪੰਜਾਬ ਦੇ ਜ਼ਿਆਦਾਤਰ ਬੁੱਧੀਜੀਵੀਆਂ ਤੇ ਯੂਨੀਵਰਸਿਟੀਆਂ ਦੀ ਹੈ। ਉਨ੍ਹਾਂ ਨੇ ਹੁਣ ਤੱਕ ਖੇਤ ਮਜ਼ਦੂਰ ਦੇ ਖੇਤੀ ਵਿਚ ਪਾਏ ਵੱਡੇ ਯੋਗਦਾਨ ਦਾ ਸਹੀ ਮੁਲੰਕਣ ਨਹੀਂ ਕੀਤਾ ਸਗੋਂ ਖੇਤੀ ਲਾਗਤਾਂ ਵਿਚ ਇੱਕ ਸੰਦ ਵਾਂਗ ਉਸ ‘ਤੇ ਹੋਣ ਵਾਲੇ ਖਰਚੇ ਨੂੰ ਹੀ ਵਿਚਾਰਿਆ ਹੈ। ਮਜ਼ਦੂਰ ਜੀਵੰਤ ਪ੍ਰਾਣੀ ਹੈ। ਉਸ ਦੀਆਂ ਲੋੜਾਂ, ਭਾਵਨਾਵਾਂ ਅਤੇ ਵਿਚਾਰਾਂ ਨੂੰ ਅਧਿਐਨ ਦਾ ਵਿਸ਼ਾ ਹੀ ਨਹੀਂ ਬਣਾਇਆ ਗਿਆ। ਸਮਾਜ ਅਤੇ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਖੇਤ ਮਜ਼ਦੂਰਾਂ ਨੂੰ ਖੇਤੀ ਵਿਚ ਮਹੱਤਵਪੂਰਨ ਧਿਰ ਮੰਨ ਕੇ ਉਨ੍ਹਾਂ ਦੇ ਸਨਮਾਨਜਨਕ ਵੇਤਨ ਤੇ ਭੱਤੇ ਤੈਅ ਕਰਨ ਤਾਂ ਕਿ ਖੇਤ ਮਜ਼ਦੂਰ ਆਪਣੇ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਦੇ ਹੋਏ ਇੱਜ਼ਤ ਵਾਲੀ ਜ਼ਿੰਦਗੀ ਜੀਅ ਸਕਣ।

Check Also

ਸਿੱਖ ਪਰੰਪਰਾ ‘ਚ ਗੁਰਪੁਰਬ ਮਨਾਉਣ ਦਾ ਉਦੇਸ਼ ਕੀ ਹੈ?

ਤਲਵਿੰਦਰ ਸਿੰਘ ਬੁੱਟਰ ਸਿੱਖ ਪਰੰਪਰਾ ਅੰਦਰ ਦਸ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਕੌਮੀ ਦਿਹਾੜੇ ਮਨਾਉਣ …