Breaking News
Home / ਮੁੱਖ ਲੇਖ / ਸਮੂਹਿਕ ਖੁਦਕੁਸ਼ੀ ਵੱਲ ਧੱਕੇ ਜਾ ਰਹੇ ਪੰਜਾਬ ਦੀ ਹੋਣੀ

ਸਮੂਹਿਕ ਖੁਦਕੁਸ਼ੀ ਵੱਲ ਧੱਕੇ ਜਾ ਰਹੇ ਪੰਜਾਬ ਦੀ ਹੋਣੀ

316844-1rZ8qx1421419655-300x225-300x225ਡਾ. ਅਨੂਪ ਸਿੰਘ
ਪੰਜਾਬ ਵਿਚ ਇੱਕ ਲੋਕ-ਉੱਕਤੀ ਸਦੀਆਂ ਤੋਂ ਪ੍ਰਚੱਲਿਤ ਹੈ ਕਿ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।’ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਹੀ ਕਦੇ 50 ਸਾਲ ਸੁੱਖ-ਸ਼ਾਂਤੀ ਤੇ ਅਮਨ-ਅਮਾਨ ਨਾਲ ਲੰਘੇ ਹੋਣ ਜਦੋਂ ਕੋਈ ਵੱਡੀ ਦੁਰਘਟਨਾ/ਜੰਗ-ਯੁੱਧ ਜਾਂ ਵੱਡੀ ਉੱਥਲ-ਪੁਥਲ ਵਾਲਾ ਵਰਤਾਰਾ ਨਾ ਵਾਪਰਿਆ ਹੋਵੇ। ਬੀਤੀ ਸਦੀ ਵਿਚ 1947 ਦਾ ਮਹਾਂ-ਦੁਖਾਂਤ ਵਾਪਰਿਆ। ਅਜੇ ਇਸ ਦੇ ਜ਼ਖ਼ਮ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਸੀ ਕਿ 1984 ਵਿਚ ਸਾਕਾ ਨੀਲਾ ਤਾਰਾ ਅਤੇ ਦਿੱਲੀ ਤੇ ਉੱਤਰੀ ਭਾਰਤ ਵਿਚ ਸਿੱਖਾਂ ਦਾ ਕਤਲੇਆਮ ਹੋਇਆ। ਪੰਜਾਬੀ ਇਨ੍ਹਾਂ ਦੋ ਵੱਡੇ ਦੁਖਾਂਤਾਂ ਤੋਂ ਅਜੇ ਸੰਭਲ ਹੀ ਰਹੇ ਸਨ ਕਿ ਕਿਸਾਨੀ ਖ਼ੁਦਕੁਸ਼ੀਆਂ ਤੇ ਨਸ਼ਿਆਂ ਦਾ ਹਮਲਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਗ਼ੈਰਤਮੰਦ ਪੰਜਾਬੀਆਂ ਅਤੇ ਦੇਸ਼ ਦੀ ‘ਖੜਗ ਭੁਜਾ’ ਮੰਨੇ ਜਾਂਦੇ ਪੰਜਾਬ ਨੂੰ ਸਮੂਹਿਕ ਖ਼ੁਦਕੁਸ਼ੀ ਵੱਲ ਧੱਕਿਆ ਜਾ ਰਿਹਾ ਹੈ।
ਪੰਜਾਬ ਸਰਕਾਰ ਸਿਰ ਸਵਾ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਪੰਜਾਬ ਦੇ ਬੋਰਡਾਂ, ਕਾਰਪੋਰੇਸ਼ਨਾਂ ਤੇ ਹੋਰ ਅਰਧ-ਸਰਕਾਰੀ ਅਦਾਰਿਆਂ ਸਿਰ ਲਗਪਗ 75 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਦੀ ਪੰਜਾਬ ਸਰਕਾਰ ਨੇ ਗਾਰੰਟੀ ਦਿੱਤੀ ਹੋਈ ਹੈ। ਪੰਜਾਬ ਦੇ ਕਿਸਾਨਾਂ ਸਿਰ ਵੀ ਲਗਪਗ 70-75 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਖੇਤ ਤੇ ਸਨਅਤੀ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਸਿਰ ਕਰਜ਼ੇ ਦਾ ਕੋਈ ਹਿਸਾਬ-ਕਿਤਾਬ ਹੀ ਨਹੀਂ ਲੱਗ ਸਕਦਾ ਕਿਉਂਕਿ ਇਹ ਸਾਰਾ ਕਰਜ਼ਾ ਸ਼ਾਹੂਕਾਰਾਂ, ਆੜ੍ਹਤੀਆਂ, ਪੇਂਡੂ ਜ਼ਿਮੀਦਾਰਾਂ ਅਤੇ ਹੋਰ ਖਾਂਦੇ-ਪੀਂਦੇ ਵਰਗਾਂ ਤੋਂ ਲਿਆ ਗਿਆ ਹੈ। ਪੰਜਾਬ ਵਰਗੇ ਖ਼ੁਸ਼ਹਾਲ ਕਹੇ ਜਾਂਦੇ ਸੂਬੇ ਵਿੱਚ ਘੋਰ ਗੁਰਬਤ ਦੇ ਦ੍ਰਿਸ਼ ਹਰ ਸੰਵੇਦਨਸ਼ੀਲ ਤੇ ਖੁੱਲ੍ਹੀਆਂ-ਅੱਖਾਂ ਵਾਲੇ ਨੂੰ ਪ੍ਰਤੱਖ ਦਿਖਾਈ ਦਿੰਦੇ ਹਨ। ਇਸ ਲਈ ਜੇ ਪੰਜਾਬ ‘ਚ ਸੀਮਾਂਤ/ਛੋਟਾ ਕਿਸਾਨ ਤੇ ਖੇਤ ਮਜ਼ਦੂਰ ਕਰਜ਼ਾ ਬੋਝ ਤੇ ਗ਼ਰੀਬੀ ਕਾਰਨ ਖ਼ੁਦਕੁਸ਼ੀਆਂ ਕਰ ਰਿਹਾ ਹੈ, ਤਾਂ ਇਹ ਵਰਤਾਰਾ ਦੁੱਖਦਾਈ ਤਾਂ ਹੈ, ਪਰ ਅਲੋਕਾਰੀ ਨਹੀਂ ਹੈ। ਉਨ੍ਹਾਂ ਦੀ ਜ਼ਿੰਦਗੀ ਵਿੱਚ ਜ਼ਿੰਦਗੀ ਵਰਗਾ ਕੁਝ ਹੈ ਹੀ ਨਹੀਂ ਜਿਸ ਦੇ ਆਸਰੇ ਉਹ ਜਿਊਣ। ਖੇਤੀ ਬੇਹੱਦ ਘਾਟੇ ਵਾਲਾ ਧੰਦਾ ਬਣ ਗਿਆ ਹੈ। ਕਿਸਾਨਾਂ-ਮਜ਼ਦੂਰਾਂ ਦੇ ਬੱਚਿਆਂ ਲਈ ਮਿਆਰੀ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਦਰਵਾਜ਼ੇ ਬੰਦ ਹਨ। ਉਨ੍ਹਾਂ ਦੇ ਬੱਚੇ ਗ਼ੈਰ-ਹੁਨਰਮੰਦ ਹਨ ਜਿਸ ਕਰਕੇ ਸਰੀਰਕ ਕੰਮ ਤੋਂ ਛੁੱਟ ਉਹ ਕੁਝ ਕਰ ਹੀ ਨਹੀਂ ਸਕਦੇ। ਉਨ੍ਹਾਂ ਕੋਲ ਕੋਈ ਬਦਲਵਾਂ ਲਾਹੇਵੰਦ ਰੁਜ਼ਗਾਰ ਵੀ ਨਹੀਂ। ਸਰੀਰਕ ਮਿਹਨਤ ਦੇ ਉਨ੍ਹਾਂ ਨੂੰ ਪੂਰੇ ਪੈਸੇ ਨਹੀਂ ਮਿਲਦੇ। ਉਹ ਕੀ ਕਰਨ? ਕਿੱਥੇ ਜਾਣ?
ਪੰਜਾਬ ‘ਚ ਵਧ ਰਹੇ ਨਸ਼ੇ ਹੁਣ ਹਕੀਕਤ ਹਨ। ਪੰਜਾਬ ‘ਚ ਬੀਤੇ 14-15 ਸਾਲਾਂ ਵਿਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਅਤੇ ਸ਼ਰਾਬ ਤੋਂ ਹੁੰਦੀ ਆਮਦਨ ਵਿਚ ਅਣਕਿਆਸਿਆ ਵਾਧਾ ਹੋਇਆ ਹੈ। ਲਗਪਗ ਹਰ ਸ਼ਹਿਰ ਦੇ ਕਸਬਿਆਂ ਵਿਚ ਇਨ੍ਹਾਂ ਠੇਕਿਆਂ ਦੀਆਂ ਅਣਅਧਿਕਾਰਤ ਬਰਾਂਚਾਂ ਹਨ ਅਤੇ ਸ਼ਰਾਬ ਦੇ ਕਾਰੋਬਾਰ ਵਿਚ ਲੱਖਾਂ ਲੋਕ ਲੱਗੇ ਹੋਏ ਹਨ। ਵਿਆਹ-ਸ਼ਾਦੀ ਅਤੇ ਹੋਰ ਖ਼ੁਸ਼ੀ ਦੀਆਂ ਰਸਮਾਂ ਸਮੇਂ ਮਹਿੰਗੀ ਤੋਂ ਮਹਿੰਗੀ ਸ਼ਰਾਬ ਅਤੇ ਮਾਸੂਮ ਲੜਕੀਆਂ ਦੁਆਰਾ ਇਸ ਨੂੰ ਵਰਤਾਉਣਾ ਸਮਾਜਿਕ ਹੈਸੀਅਤ ਦਾ ਸੰਕੇਤ ਬਣ ਗਿਆ ਹੈ। ਸ਼ਰਾਬ ਨਸ਼ਿਆਂ ਦਾ ਦਾਖ਼ਲਾ ਦੁਆਰ ਹੈ ਪਰ ਸਾਡੇ ਹਾਕਮ ਸ਼ਰਾਬ ਨੂੰ ਆਪਣੀ ਕਮਾਈ ਦਾ ਪ੍ਰਮੁੱਖ ਸਾਧਨ ਮੰਨ ਰਹੇ ਹਨ। ਜਿੱਤਣ ਲਈ ਨੋਟਾਂ ਦੇ ਨਾਲ ਨਸ਼ਿਆਂ ਦੀ ਵਰਤੋਂ ਖੁੱਲ੍ਹੇਆਮ ਕੀਤੀ ਜਾਂਦੀ ਹੈ। ਹੈਰੋਇਨ, ਸਮੈਕ, ਅਫੀਮ, ਭੁੱਕੀ ਤੇ ਸਿੰਥੈਟਿਕ ਡਰੱਗਜ਼ ਆਦਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ।
ਕਣਕ-ਝੋਨੇ ਦੇ ਫ਼ਸਲੀ ਚੱਕਰ, ਘਰੇਲੂ ਤੇ ਸਨਅਤੀ ਖੇਤਰਾਂ ‘ਚ ਪਾਣੀ ਦੀ ਵਧ ਰਹੀ ਵਰਤੋਂ, ਘਟ ਰਹੇ ਮੀਂਹ ਦੇ ਪਾਣੀ ਦੀ ਸੰਭਾਲ ਨਾ ਹੋਣ ਕਰਕੇ ਪੰਜਾਬ ਵਿਚ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਪਾਣੀ ਨਾਲ ਜੁੜਿਆ ਦੂਜਾ ਵਰਤਾਰਾ ਸਰਵਪੱਖੀ ਪ੍ਰਦੂਸ਼ਣ ਹੈ। ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਤੇ ਬੇਲੋੜੀ ਵਰਤੋਂ, ਸਨਅਤਾਂ ਦੁਆਰਾ ਬਿਨਾਂ ਸੋਧੇ ਪ੍ਰਦੂਸ਼ਿਤ ਪਾਣੀ ਨੂੰ ਧਰਤੀ, ਦਰਿਆਵਾਂ ਅਤੇ ਨਾਲਿਆਂ ਆਦਿ ਵਿੱਚ ਸੁੱਟ ਦੇਣਾ, ਕੂੜਾ ਕਰਕਟ ਤੇ ਮਨੁੱਖੀ ਮਲ-ਮੂਤਰ ਨੂੰ ਜਲ-ਸੋਮਿਆਂ ਵਿਚ ਸੁੱਟ ਦੇਣਾ ਅਤੇ ਈ-ਵੇਸਟ ਸਮੇਤ ਹੋਰ ਫ਼ਾਲਤੂ ਪਦਾਰਥਾਂ ਨੂੰ ਖੁੱਲ੍ਹੇ ਵਿਚ ਪਏ ਰਹਿਣ ਦੇਣਾ, ਪਾਣੀ ਸਮੇਤ ਸਮੁੱਚੇ ਵਾਤਾਵਰਣ ਨੂੰ ਮਲੀਨ ਤੇ ਪਲੀਤ ਕਰ ਰਿਹਾ ਹੈ। ਸਰਵਪੱਖੀ ਪ੍ਰਦੂਸ਼ਣ ਨਾਲ ਕੈਂਸਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ, ਚਮੜੀ ਅਤੇ ਮਾਨਸਿਕ ਰੋਗ ਵਧ ਰਹੇ ਹਨ। ਅਮੀਰਾਂ ਲਈ ਮਹਿੰਗੀਆਂ ਸਿਹਤ ਸੇਵਾਵਾਂ ਦੇਣ ਵਾਲੇ ਪ੍ਰਾਈਵੇਟ ਹਸਪਤਾਲਾਂ ਦਾ ਨਿਰਮਾਣ ਹੋ ਰਿਹਾ ਹੈ, ਪਰ ਆਮ ਲੋਕਾਂ ਲਈ ਸਰਕਾਰੀ ਸਿਹਤ ਕੇਂਦਰਾਂ ਵਿੱਚ ਡਾਕਟਰਾਂ, ਪੈਰਾ ਮੈਡੀਕਲ ਸਟਾਫ, ਦਵਾਈਆਂ ਤੇ ਬਿਮਾਰੀ ਪਰਖ ਲਈ ਸਹੂਲਤਾਂ ਦੀ ਵੱਡੇ ਪੱਧਰ ‘ਤੇ ਘਾਟ ਹੈ। ਲੋਕ ਬੇਇਲਾਜੇ ਮਰ ਰਹੇ ਹਨ। ਸਰਕਾਰਾਂ ਦਿਖਾਵੇ ਦੇ ਵਿਕਾਸ ਲਈ ਜਾਂ ਚੋਟੀ ਦੇ 10 ਫ਼ੀਸਦੀ ਅਮੀਰਾਂ ਲਈ ਸੜਕਾਂ ‘ਤੇ ਫਲਾਈਓਵਰਾਂ ਦਾ ਨਿਰਮਾਣ ਕਰਵਾ ਰਹੀ ਹੈ। ਨਵੇਂ ਰੁੱਖ ਲਗਾਉਣਾ ਤੇ ਜੰਗਲਾਂ ਹੇਠ ਰਕਬਾ ਵਧਾਉਣਾ ਉਨ੍ਹਾਂ ਦੇ ਏਜੰਡੇ ‘ਤੇ ਨਹੀਂ ਹੈ।
ਨੌਜਵਾਨਾਂ ਲਈ ਕੋਈ ਰੁਜ਼ਗਾਰ ਨਹੀਂ ਹੈ। ਬੇਰੁਜ਼ਗਾਰੀ ਦੀ ਹਾਲਤ ਵਿੱਚ ਹਜ਼ਾਰਾਂ ਨੌਜਵਾਨ ਲੁੱਟਾਂ-ਖੋਹਾਂ, ਚੋਰੀਆਂ ਆਦਿ ਤੋਂ ਹੁੰਦੇ ਹੋਏ ਸੰਗਠਿਤ ਗੁੰਡਾ-ਗਿਰੋਹਾਂ ਵਿੱਚ ਸ਼ਾਮਲ ਹੋ ਰਹੇ ਹਨ। ਪੜ੍ਹੇ ਲਿਖੇ ਨੌਜਵਾਨਾਂ ਸਮੇਤ ਲੱਖਾਂ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਧੱਕੇ ਜਾ ਰਹੇ ਹਨ। ਹਰੇ ਇਨਕਲਾਬ ਤੇ ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਆਦਿ ਵਰਤਾਰਿਆਂ ਦੇ ਸਿੱਟੇ ਵਜੋਂ ਨੌਜਵਾਨ ਕਿਰਤ ਸੱਭਿਆਚਾਰ ਤੇ ਹੱਥੀਂ ਕੰਮ ਕਰਨ ਤੋਂ ਇਨਕਾਰੀ ਹੈ।
ਪ੍ਰਚੂਨ ਦੁਕਾਨਾਂ ਦੀ ਥਾਂ ਵੱਡੇ-ਵੱਡੇ ਮਾਲ ਖੁੱਲ੍ਹ ਰਹੇ ਹਨ। ਢਾਬੇ ਬੰਦ ਹੋ ਰਹੇ ਹਨ ਅਤੇ ਆਲੀਸ਼ਾਨ ਹੋਟਲ ਤੇ ਰੈਸਟੋਰੈਂਟ ਉਸਰ ਰਹੇ ਹਨ। ਪ੍ਰਾਈਵੇਟ ਸਿੱਖਿਆ ਸੰਸਥਾਵਾਂ ਦੁਆਰਾ ਅਧਿਆਪਕਾਂ ਮਾਪਿਆਂ ਤੇ ਵਿਦਿਆਰਥੀਆਂ ਦਾ ਬੇਕਿਰਕ ਸ਼ੋਸ਼ਣ ਹੋ ਰਿਹਾ ਹੈ। ਕੋਈ ਸਰਕਾਰੀ ਰੈਗੂਲੇਟਰ ਇਨ੍ਹਾਂ ਸੰਸਥਾਵਾਂ ਦੀ ਕਾਰਜਸ਼ੈਲੀ ਨੂੰ ਕੰਟਰੋਲ ਨਹੀਂ ਕਰ ਰਿਹਾ ਹੈ। ਸਰਕਾਰ ਖ਼ੁਦ ਕਈ ਤਰ੍ਹਾਂ ਦੇ ਸਕੂਲ ਚਲਾ ਰਹੀ ਹੈ, ਜਿਵੇਂ ਆਦਰਸ਼ ਸਕੂਲ (ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ) ਸਰਕਾਰੀ ਕੰਟਰੋਲ ਵਾਲੇ ਛੇ ਅੰਗਰੇਜ਼ੀ ਮਾਧਿਅਮ ਆਦਰਸ਼ ਸਕੂਲ, ਮੈਰੀਟੋਰੀਅਸ ਸਕੂਲ ਅਤੇ ਆਮ ਸਰਕਾਰੀ ਸਕੂਲ। ਇਨ੍ਹਾਂ ਵਿਚ ਇੱਕ ਗੱਲ ਸਾਂਝੀ ਹੈ ਕਿ ਲੋੜੀਂਦੇ ਅਧਿਆਪਕ ਕਿਤੇ ਵੀ ਨਹੀਂ ਹਨ। ਇਕਸਾਰ ਮਿਆਰੀ ਸਿੱਖਿਆ ਸੁਪਨਾ ਬਣ ਕੇ ਰਹਿ ਗਈ ਹੈ।
ਲਗਪਗ ਚਾਰ ਮਹੀਨਿਆਂ ਨੂੰ ਮਾਂ ਬੋਲੀ ਪੰਜਾਬੀ ਦੇ ਆਧਾਰ ‘ਤੇ ਬਣੇ ਪੰਜਾਬੀ ਸੂਬੇ ਦੀ ਗੋਲਡਨ ਜੁਬਲੀ ਮਨਾਈ ਜਾ ਰਹੀ ਹੈ। ਕਿਹੋ ਜਿਹੀ ਵਿਡੰਬਨਾ ਹੈ ਕਿ ਬੀਤੇ 10 ਸਾਲ ਤੋਂ ਪੰਜਾਬੀ ਸੂਬੇ ਦੇ ਮੁਦੱਈ ਤੇ ਵਿਰੋਧੀ ਮਿਲ ਕੇ ਸਰਕਾਰ ਚਲਾ ਰਹੇ ਹਨ ਅਤੇ ਗੋਲਡਨ ਜੁਬਲੀ ਜਸ਼ਨ ਵੀ ਇਕੱਠੇ ਹੀ ਮਨਾ ਰਹੇ ਹਨ। ਪਰ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜ ਕੇ ਬਣਾਈ ਸੂਬੇ ਦੀ ਰਾਜਧਾਨੀ ਦਾ ਫ਼ੈਸਲਾ 50 ਸਾਲ ਬਾਅਦ ਵੀ ਨਹੀਂ ਕਰਵਾ ਸਕੇ ਅਤੇ ਨਾ ਹੀ ਹਰਿਆਣਾ ਤੇ ਹਿਮਾਚਲ ਵਿਚਲੇ ਪੰਜਾਬੀ ਬੋਲਦੇ ਜੁੜਵੇਂ ਖੇਤਰ ਹੀ ਪੰਜਾਬ ‘ਚ ਸ਼ਾਮਲ ਕਰਵਾ ਸਕੇ ਹਨ। ਸਭ ਤੋਂ ਦੁਖਦਾਈ ਸਥਿੱਤੀ ਮਾਂ ਬੋਲੀ ਪੰਜਾਬੀ ਦੀ ਹੈ, ਪੰਜਾਬ ਦੀ ਧਰਤੀ ‘ਤੇ ਖੁੱਲ੍ਹੇ ਕੁਝ ਸਕੂਲਾਂ ਵਿਚ ਪੰਜਾਬੀ ਬੋਲਣ ‘ਤੇ ਪਾਬੰਦੀ ਲੱਗੀ ਹੋਈ ਹੈ। ਰਾਜ ਭਾਸ਼ਾ ਕਾਨੂੰਨ 1967 ਅਤੇ 2008 ‘ਚ ਕੀਤੀਆਂ ਸੋਧਾਂ ਅਜੇ ਤਕ ਲਾਗੂ ਨਹੀਂ ਹੋ ਸਕੀਆਂ। ਪੰਜਾਬੀ ਬੋਲੀ ਦਾ ਪੰਜਾਬ ਵਿਚ ਹੀ ਗਲਾ ਘੁੱਟਣ ਅਤੇ ਸੱਭਿਆਚਾਰ ਦਾ ਸੱਤਿਆਨਾਸ਼ ਕਰਨ ਵਿਚ ਇਨ੍ਹਾਂ ਅੰਗਰੇਜ਼ੀ ਮਾਧਿਅਮ ਸਕੂਲਾਂ ਦੀ ਵੱਡੀ ਭੂਮਿਕਾ ਹੈ। ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਸਾਡੇ ਬਹੁ-ਗਿਣਤੀ ‘ਗਾਇਕਾਂ’ ਨੇ ਵੀ ਤਬਾਹ ਕਰਨ ਵਿਚ ਹਿੱਸਾ ਪਾਇਆ ਹੈ। ਲੱਚਰ ਗਾਇਕੀ ਵਿੱਚ ਹਿੰਸਾ ਤੇ ਹਥਿਆਰਾਂ ਦਾ ਪ੍ਰਦਰਸ਼ਨ ਅਤੇ ਸ਼ਰਾਬ ਤੇ ਨਸ਼ਿਆਂ ਦਾ ਜੱਸ ਗਾਇਨ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਸ਼ੋਰ ਨੂੰ ਸੰਗੀਤ ਸਮਝਿਆ ਜਾਣ ਲੱਗਾ ਹੈ। ਹੋਰ ਤਾਂ ਹੋਰ, ਸਵੇਰ ਵੇਲੇ ਦੀ ਕੁਦਰਤੀ ਸ਼ਾਂਤੀ ਨੂੰ ਵੀ ਧਰਮ ਸਥਾਨਾਂ ‘ਤੇ ਲਗਾਏ ਸਪੀਕਰਾਂ ਨੇ ਭੰਗ ਕਰ ਦਿੱਤਾ ਹੈ।
ਪੰਜਾਬ ਦੇ ਲੋਕਾਂ ਨੂੰ ਅਨੇਕਾਂ ਪਰਿਵਾਰਕ ਸਮੱਸਿਆਵਾਂ ਦਰਪੇਸ਼ ਹਨ। ਉਹ ਅਨਪੜ੍ਹਤਾ-ਅਗਿਆਨਤਾ ਤੇ ਅੰਧ-ਵਿਸ਼ਵਾਸਾਂ ਕਾਰਨ ਚੇਤਨਾ ਸੰਕਟ ਦਾ ਸ਼ਿਕਾਰ ਹਨ। ਸਿੱਟੇ ਵੱਜੋਂ ਉਹ ਮਾਨਸਿਕ ਸ਼ਾਂਤੀ ਲਈ ਡੇਰੇਦਾਰਾਂ ਦੀਆਂ ਭੀੜਾਂ ਵਧਾਉਂਦੇ ਹਨ। ਇਹ ਡੇਰੇਦਾਰ ਪੰਜਾਬੀਆਂ ਨੂੰ ਕਿਰਤ ਸੱਭਿਆਚਾਰ ਤੋਂ ਤੋੜ ਰਹੇ ਹਨ। ਡੇਰਿਆਂ ਦੇ ਮਾਲਕ ਖ਼ੁਦ ਹੱਥੀਂ ਕੋਈ ਕੰਮ ਨਹੀਂ ਕਰਦੇ। ਉਹ ਲੋਕਾਂ ਨੂੰ ਪਰਲੋਕ ਦੇ ਭਰਮ ਵਿਚ ઠਪਾ ਕੇ ਅਗਲਾ ਜਨਮ ਸੰਵਾਰਨ ‘ਤੇ ਜ਼ੋਰ ਦਿੰਦੇ ਹੋਏ ਵਰਤਮਾਨ ਸਮੱਸਿਆਵਾਂ ਤੋਂ ਅੱਖਾਂ ਬੰਦ ਕਰੀ ਰੱਖਦੇ ਹਨ। ਵੱਡੀ ਬਹੁ-ਗਿਣਤੀ ਲੋਕਾਂ ਦੀਆਂ ਸਮੱਸਿਆਵਾਂ ਅੱਜ ਵੀ ਰੋਟੀ, ਕੱਪੜਾ, ਮਕਾਨ, ਸਿਹਤ ਤੇ ਸਿੱਖਿਆ ਸਹੂਲਤਾਂ, ਲਾਹੇਵੰਦ ਰੁਜ਼ਗਾਰ, ਜੀਵਨ ਅਤੇ ਸਮਾਜਿਕ ਸੁਰੱਖਿਆ ਹਨ। ਮਾਦਾ ਭਰੂਣ ਹੱਤਿਆ ਤੇ ਨਸ਼ੇ ਪੰਜਾਬ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਹਨ। ਬੇਰਹਿਮ ਟ੍ਰੈਵਲ ਏਜੰਟ ਨੌਜਵਾਨਾਂ ਦੀਆਂ ਰੀਝਾਂ ਅਤੇ ਮਾਪਿਆਂ ਦੀ ਦਸਾਂ-ਨਹੁੰਆਂ ਦੀ ਕਮਾਈ ਨੂੰ ਚਟਮ ਕਰ ਰਹੇ ਹਨ। ਪੰਜਾਬ ਦੀਆਂ ਰੰਗ-ਬਰੰਗੀਆਂ ਸਰਕਾਰਾਂ ਇਨ੍ਹਾਂ ਲੁਟੇਰੇ ਟ੍ਰੈਵਲ ਏਜੰਟਾਂ ‘ਤੇ ਸ਼ਿਕੰਜਾ ਕੱਸਣ ‘ਚ ਪੂਰੀ ਤਰ੍ਹਾਂ ਅਸਫਲ ਸਿੱਧ ਹੋ ਰਹੀਆਂ ਹਨ। ਸਿਆਸਤਦਾਨ ਇਨ੍ਹਾਂ ਨਾਲ ਘਿਉ-ਖਿਚੜੀ ਹਨ।
ਵਧ ਰਹੇ ਸੜਕੀ ਹਾਦਸੇ ਤੇ ਇਨ੍ਹਾਂ ਵਿਚ ਹੁੰਦੀਆਂ ਬੇਵਕਤੀ ਮੌਤਾਂ ਅਤੇ ਸਦਾ ਲਈ ਅੰਗਹੀਣ ਹੁੰਦੇ ਲੋਕ ਪੰਜਾਬ ਦੇ ਮੌਜੂਦਾ ਦੁਖਾਂਤ ਦੀ ਕਹਾਣੀ ਨੂੰ ਹੋਰ ਗੂੜ੍ਹਾ ਕਰ ਰਹੇ ਹਨ। ਸੜਕ ਹਾਦਸਿਆਂ ਵਿੱਚ ਅੱਧੇ ਤੋਂ ਵੱਧ 16 ਤੋਂ 35 ਸਾਲ ਦੇ ਉਮਰ ਵਰਗ ਦੇ ਹੁੰਦੇ ਹਨ। ਦਰਜਨਾਂ ਲੋਕ ਅਪੰਗ ਹੋ ਕੇ ਮੰਜੇ ‘ਤੇ ਪੈ ਜਾਂਦੇ ਹਨ। ਅਨਟਰੇਂਡ ਡਰਾਈਵਰ, ਵਹੀਕਲਾਂ ਦੀ ਵਧ ਰਹੀ ਗਿਣਤੀ ਤੇ ਸੜਕਾਂ ‘ਤੇ ਵਧ ਰਹੀਆਂ ਭੀੜਾਂ, ਡਰਾਈਵਰਾਂ ਦੁਆਰਾ ਸ਼ਰਾਬ ਤੇ ਹੋਰ ਨਸ਼ੇ ਕਰਕੇ ਗੱਡੀ ਚਲਾਉਣੀ, ਸੜਕਾਂ ਦੀ ਮੰਦੀ ਹਾਲਤ, ਸੜਕੀ ਪ੍ਰਾਜੈਕਟਾਂ ਦਾ ਸਮੇਂ-ਸਿਰ ਪੂਰਾ ਨਾ ਹੋਣਾ, ਪ੍ਰਸ਼ਾਸਨ ਦੁਆਰਾ ਨਿਰਧਾਰਿਤ ਰਫ਼ਤਾਰ ਨੂੰ ਲਾਗੂ ਨਾ ਕਰਵਾ ਸਕਣਾ; ਸਮਾਜਿਕ ਰਾਜਨੀਤਕ ਤੇ ਧਾਰਮਿਕ ਇਕੱਠਾਂ ਕਾਰਨ ਸੜਕਾਂ ‘ਤੇ ਭੀੜਾਂ ਦਾ ਵਧਣਾ; ਪ੍ਰਾਈਵੇਟ ਸਕੂਲਾਂ ਦੀਆਂ ਕੰਡਮ ਗੱਡੀਆਂ ‘ਤੇ ਅਨਟਰੇਂਡ ਡਰਾਈਵਰ ਅਤੇ ਹੋਰ ਕਈ ਕਾਰਨਾਂ ਕਰਕੇ ਸੜਕੀ ਹਾਦਸੇ ਤੇ ਮੌਤਾਂ ਵਧ ਰਹੀਆਂ ਹਨ।ਇਹ ਸਾਰੀਆਂ ਸਮੱਸਿਆਵਾਂ ਪੰਜਾਬ ਨੂੰ ਸਮੂਹਿਕ ਖ਼ੁਦਕੁਸ਼ੀ ਵੱਲ ਧੱਕ ਰਹੀਆਂ ਹਨ। ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਇਨ੍ਹਾਂ ਵਿਕਰਾਲ ਸਮੱਸਿਆਵਾਂ ਦੇ ਹੱਲ ਲਈ ਸੱਤਾਧਾਰੀ ਧਿਰਾਂ ਤੇ ਜਥੇਬੰਦਕ ਦਬਾਅ ਬੇਹੱਦ ਨਿਗੂਣਾ, ਅੱਧ-ਪਚੱਧਾ ਤੇ ਟੁੱਟਵਾਂ ਹੈ। ਕਮਜ਼ੋਰ ਜਿਹਾ ਜਥੇਬੰਦਕ ਵਿਰੋਧ ਵੀ ਬੱਝਵਾਂ ਤੇ ਨਿਰੰਤਰ ਨਹੀਂ ਹੈ। ਅਕਾਲੀ-ਭਾਜਪਾ ਗੱਠਜੋੜ, ਕਾਂਗਰਸ ਤੇ ਬਸਪਾ ਆਦਿ ਰਾਜਨੀਤਿਕ ਪਾਰਟੀਆਂ ਦਾ ਇੱਕੋ-ਇੱਕ ਉਦੇਸ਼ ਲੋਕਾਂ ਦਾ ਧਿਆਨ ਉਨ੍ਹਾਂ ਨੂੰ ਦਰਪੇਸ਼ ਮੁੱਦਿਆਂ ਤੋਂ ਲਾਂਭੇ ਕਰਕੇ ਗ਼ੈਰ-ਜ਼ਰੂਰੀ ਜਾਂ ਫ਼ਜ਼ੂਲ ਦੇ ਮਾਮਲਿਆਂ ਵਿੱਚ ਉਲਝਾਉਣਾ ਅਤੇ ਗੁਮਰਾਹ ਕਰਨਾ ਹੈ। ਬਦਕਿਸਮਤੀ ਨੂੰ ਪੰਜਾਬ ਦੇ ਚਿੰਤਕ, ਸੂਝਵਾਨ ਅਤੇ ਖੱਬੇਪੱਖੀ ਧਿਰਾਂ ਖੱਖੜੀਆਂ ਕਰੇਲੇ ਹਨ। ਇਨ੍ਹਾਂ ਧਿਰਾਂ ਅੰਦਰਲੀ ਧੜੇਬੰਦੀ ਅਤੇ ਆਪਸੀ ਖਹਿਬਾਜ਼ੀ ਵੀ ਨੀਵੇਂ ਪੱਧਰ ‘ਤੇ ਜਾ ਪਹੁੰਚੀ ਹੈ। ਕੁਝ ਅਪਵਾਦਾਂ ਨੂੰ ਛੱਡ ਕੇ ਬਹੁਤੇ ਚਿੰਤਕ ਬੁੱਧੀਜੀਵੀ ਤੇ ਲੇਖਕ ਸਰਕਾਰੀ ‘ਨਿਆਮਤਾਂ’ ਵੱਲ ਝਾਕਦੇ ਰਹਿੰਦੇ ਹਨ। ਇਨ੍ਹਾਂ ਦੀ ਵੱਡੀ ਬਹੁ-ਗਿਣਤੀ ਵਿਖਾਵੇ, ਦੋਗਲੇਪਨ, ਚਾਪਲੂਸ ਮਾਨਸਿਕਤਾ ਅਤੇ ਸ਼ਬਦ-ਜਾਲ ਬੁਣਨ ਦੀ ਸ਼ਿਕਾਰ ਹੈ। ਅੰਗਰੇਜ਼ੀ ਮਾਧਿਅਮ ਸਕੂਲ ਚਲਾ ਰਿਹਾ ‘ਪੰਜਾਬੀ ਲੇਖਕ’ ਮਾਂ-ਬੋਲੀ ਪੰਜਾਬੀ ਦੇ ਹੱਕ ‘ਚ ਕਿਵੇਂ ਲੜਾਈ ਲੜਨ ਦਾ ਦਮ ਭਰ ਰਿਹਾ ਹੈ। ਇਸ ਸਥਿੱਤੀ ‘ਚ ਪੰਜਾਬ ਦਾ ਖ਼ੁਦਕੁਸ਼ੀ ਵੱਲ ਵਧਣਾ ਸੁਭਾਵਿਕ ਹੈ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …