Breaking News
Home / ਭਾਰਤ / ਝਾਰਖੰਡ ਵਿਚ ਮੋਦੀ ਸਰਕਾਰ ਦੀ ਹੋ ਗਈ ਛੁੱਟੀ

ਝਾਰਖੰਡ ਵਿਚ ਮੋਦੀ ਸਰਕਾਰ ਦੀ ਹੋ ਗਈ ਛੁੱਟੀ

ਭਾਜਪਾ ਦੀ ਹਾਰ, ਮੁੱਖ ਮੰਤਰੀ ਰਘੂਬਰ ਦਾਸ ਖੁਦ ਵੀ ਹਾਰੇ ੲ ਝਾਰਖੰਡ ਮੁਕਤੀ ਮੋਰਚਾ-ਕਾਂਗਰਸ ਗਠਜੋੜ ਨੂੰ ਮਿਲਿਆ ਬਹੁਮੱਤ
ਰਾਂਚੀ : ਝਾਰਖੰਡ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਐਲਾਨੇ ਗਏ ਚੋਣ ਨਤੀਜਿਆਂ ‘ਚ ਸਪੱਸ਼ਟ ਹੋ ਗਿਆ ਹੈ ਕਿ ਸੂਬੇ ‘ਚ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ‘ਚ ਬਣਿਆ ਜੇਐੱਮਐੱਮ-ਕਾਂਗਰਸ-ਆਰਜੇਡੀ ਗੱਠਜੋੜ 81 ਮੈਂਬਰੀ ਵਿਧਾਨ ਸਭਾ ‘ਚ 47 ਸੀਟਾਂ ਜਿੱਤ ਕੇ ਸਰਕਾਰ ਕਾਇਮ ਕਰੇਗਾ। ਜਦਕਿ ਸੱਤਾਧਾਰੀ ਭਾਜਪਾ 25 ਸੀਟਾਂ ‘ਤੇ ਸਿਮਟ ਗਈ ਹੈ। ਚੋਣਾਂ ਵਿਚ ਭਾਜਪਾ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਰਘੂਬਰ ਦਾਸ ਆਪਣੀ ਸੀਟ ਵੀ ਨਹੀਂ ਬਚਾ ਸਕੇ। ਭਾਜਪਾ ਦੇ ਹੀ ਬਾਗ਼ੀ ਸਰਯੂ ਰਾਏ ਨੇ ਜਮਸ਼ੇਦਪੁਰ (ਪੂਰਬੀ) ਸੀਟ ਤੋਂ ਉਨ੍ਹਾਂ ਨੂੰ ਮਾਤ ਦਿੱਤੀ ਹੈ। ਮਹਾਗੱਠਜੋੜ ਦੀ ਜਿੱਤ ਦੇ ਨਾਲ ਹੀ ਹੇਮੰਤ ਸੋਰੇਨ ਦਾ ਮੁੱਖ ਮੰਤਰੀ ਬਣਨਾ ਤੈਅ ਹੈ। ਝਾਰਖੰਡ ਮੁਕਤੀ ਮੋਰਚਾ 30 ਸੀਟਾਂ ਜਿੱਤ ਕੇ ਨਾ ਸਿਰਫ਼ ਸਰਕਾਰ ਦੇ ਗਠਨ ਵੱਲ ਵਧਿਆ ਬਲਕਿ ਵਿਧਾਨ ਸਭਾ ਵਿਚ ਸਭ ਤੋਂ ਵੱਡੇ ਦਲ ਦੇ ਰੂਪ ‘ਚ ਵੀ ਉੱਭਰਿਆ ਹੈ। ਜੇਐੱਮਐੱਮ ਦੇ ਨਾਲ ਮਹਾਗੱਠਜੋੜ ਵਿਚ ਸ਼ਾਮਲ ਕਾਂਗਰਸ ਨੇ 16 ਅਤੇ ਆਰਜੇਡੀ ਨੇ ਇਕ ਸੀਟ ਜਿੱਤੀ ਹੈ। ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਆਪਣੀ ਤੇ ਗੱਠਜੋੜ ਦੀ ਜਿੱਤ ਨੂੰ ਸੂਬੇ ਦੇ ਇਤਿਹਾਸ ‘ਚ ਨਵਾਂ ਮੋੜ ਕਰਾਰ ਦਿੰਦਿਆਂ ਇਸ ਨੂੰ ਮੀਲ ਪੱਥਰ ਦੱਸਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਉਮੀਦਾਂ ਉਹ ਟੁੱਟਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਮਹਾਗੱਠਜੋੜ ਰਾਜ ਦੇ ਸਾਰੇ ਵਰਗਾਂ, ਫਿਰਕਿਆਂ ਤੇ ਖਿੱਤਿਆਂ ਦੀਆਂ ਇੱਛਾਵਾਂ ਦਾ ਖਿਆਲ ਰੱਖੇਗਾ। ਹੇਮੰਤ ਨੇ ਆਪਣੇ ਪਿਤਾ ਸ਼ਿਬੂ ਸੋਰੇਨ, ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦਾ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਚੋਣ ਨਤੀਜੇ ਸਾਰਿਆਂ ਦੀ ਮਿਹਨਤ ਦਾ ਸਿੱਟਾ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 37 ਸੀਟਾਂ ਜਿੱਤੀਆਂ ਸਨ। ਭਾਜਪਾ ਦੀ ਸਹਿਯੋਗੀ ਧਿਰ ਆਲ ਝਾਰਖੰਡ ਸਟੂਡੈਂਟਸ ਯੂਨੀਅਨ (ਏਜੇਐੱਸਯੂ) ਸਿਰਫ਼ ਅੱਠ ਸੀਟਾਂ ‘ਤੇ ਚੋਣ ਲੜ ਕੇ ਪੰਜ ਜਿੱਤੀ ਸੀ, ਜਦਕਿ ਇਸ ਵਾਰ ਉਸ ਨੇ 53 ਸੀਟਾਂ ‘ਤੇ ਚੋਣ ਲੜੀ ਤੇ ਮਹਿਜ਼ ਦੋ ‘ਤੇ ਜਿੱਤ ਮਿਲੀ।
ਇਸੇ ਦੌਰਾਨ ਭਾਜਪਾ ਨੇ ਝਾਰਖੰਡ ‘ਚ ਹਾਰ ਦਾ ਕਾਰਨ ‘ਸਥਾਨਕ ਮੁੱਦਿਆਂ’ ਨੂੰ ਦੱਸਿਆ ਹੈ। ਪਾਰਟੀ ਦੇ ਬੁਲਾਰੇ ਜੀਵੀਐੱਲ ਨਰਸਿਮ੍ਹਾ ਰਾਓ ਨੇ ਕਿਹਾ ਕਿ ਪਾਰਟੀ ਕਾਰਨਾਂ ਦੀ ਸਮੀਖਿਆ ਕਰੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ‘ਅੰਦਰੂਨੀ ਤਕਰਾਰ’ ਵੀ ਹਾਰ ਦਾ ਕਾਰਨ ਬਣਿਆ ਹੈ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਪਾਰਟੀ ਕੋਲ ਗੱਠਜੋੜ ਸਹਿਯੋਗੀਆਂ ਦੀ ਘਾਟ ਤੇ ਵਿਰੋਧੀਆਂ ਦੇ ਮਹਾਗੱਠਜੋੜ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਸਥਾਨਕ ਲੀਡਰਸ਼ਿਪ ਸਿਰ ਵੀ ਹਾਰ ਦਾ ਭਾਂਡਾ ਭੰਨ੍ਹਿਆ। ਰਾਓ ਨੇ ਕਿਹਾ ਕਿ ਦੇਖਣ ਵਿਚ ਆ ਰਿਹਾ ਹੈ ਕਿ ਸੂਬਿਆਂ ‘ਚ ਸਰਕਾਰਾਂ ਸਥਾਨਕ ਕਾਰਗੁਜ਼ਾਰੀ ਦੇ ਹਿਸਾਬ ਨਾਲ ਬਣ ਰਹੀਆਂ ਹਨ।
ਅਮਿਤ ਸ਼ਾਹ ਨੇ ਹਾਰ ਕਬੂਲੀ
ਨਵੀਂ ਦਿੱਲੀ: ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਝਾਰਖੰਡ ਦੇ ਵੋਟਰਾਂ ਦਾ ਫ਼ੈਸਲਾ ਪ੍ਰਵਾਨ ਕਰਦੀ ਹੈ।
ਉਨ੍ਹਾਂ ਟਵੀਟ ਕਰਕੇ ਝਾਰਖੰਡ ਦੇ ਲੋਕਾਂ ਦਾ ਇਕ ਕਾਰਜਕਾਲ ਲਈ ਸੇਵਾ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਵਿਧਾਨ ਸਭਾ ਚੋਣਾਂ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਪਾਰਟੀ ਵਰਕਰਾਂ ਦੀ ਪਿੱਠ ਵੀ ਥਾਪੜੀ।
ਨਤੀਜੇ ਫੁੱਟਪਾਊ ਸਿਆਸਤ ਵਿਰੁੱਧ ਫਤਵਾ : ਕੈਪਟਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ-ਜੇਐੱਮਐੱਮ-ਆਰਜੇਡੀ ਗੱਠਜੋੜ ਦੀ ਜਿੱਤ ਦਾ ਸਵਾਗਤ ਕਰਦਿਆਂ ਇਸ ਨੂੰ ਭਾਜਪਾ ਦੀ ਫੁੱਟਪਾਊ ਸਿਆਸਤ ਵਿਰੁੱਧ ਲੋਕ ਫਤਵਾ ਕਰਾਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਦੀ ਪੁੱਠੀ ਗਿਣਤੀ ਇਸ ਸਾਲ ਦੀ ਸ਼ੁਰੂਆਤ ‘ਚ ਸ਼ੁਰੂ ਹੋਈ ਸੀ ਅਤੇ ਇਨ੍ਹਾਂ ਚੋਣ ਨਤੀਜਿਆਂ ਨੇ ਇਸ ‘ਤੇ ਮੋਹਰ ਲਗਾ ਦਿੱਤੀ ਹੈ। ਇਨ੍ਹਾਂ ਨਤੀਜਿਆਂ ਨੇ ਭਾਜਪਾ ਦੀਆਂ ਦੇਸ਼ ਦੇ ਕੋਨੇ-ਕੋਨੇ ਤੱਕ ਖੰਭ ਫੈਲਾਉਣ ਦੀਆਂ ਇੱਛਾਵਾਂ ਨੂੰ ਖਤਮ ਕਰ ਦਿੱਤਾ ਹੈ।

Check Also

ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਭਾਜਪਾ ’ਚ ਹੋਏ ਸ਼ਾਮਲ

ਚਾਰ ਹੋਰ ਆਗੂਆਂ ਨੇ ਵੀ ਫੜਿਆ ਭਾਜਪਾ ਦਾ ਪੱਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਕਾਂਗਰਸ …