ਹਰਜਿੰਦਰ ਸਿੰਘ ਜਵੰਦਾ 94638 28000
ਹਰਜੀਤ ਹਰਮਨ ਪੰਜਾਬੀ ਗਾਇਕੀ ਦੇ ਆਕਾਸ਼ ਮੰਡਲ ਦਾ ਉਹ ਟਿਮਟਮਾਉਂਦਾ ਤਾਰਾ ਹੈ ਜਿਸ ਦੀ ਚਮਕ ਨੂੰ ਵਕਤ ਦੀ ਕੋਈ ਵੀ ਹਨੇਰੀ ਮੱਧਮ ਨਹੀਂ ਕਰ ਸਕੀ ਤੇ ਇਹ ਤਾਰਾ ਸੰਗੀਤ ਦੀ ਸੂਝ ਰੱਖਣ ਵਾਲੇ ਹਰ ਵਿਹੜੇ ਅੰਦਰ ਬੜੀ ਸ਼ਿੱਦਤ ਨਾਲ ਰੌਸ਼ਨੀ ਬਿਖੇਰਦਾ ਆ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਰਿਆਸਤੀ ਸ਼ਹਿਰ ਨਾਭਾ ਦੇ ਨੇੜਲੇ ਪਿੰਡ ਦੋਦਾ ਦੇ ਜੰਮਪਲ ਅਤੇ ਪਿਤਾ ਸ. ਬਚਿੱਤਰ ਸਿੰਘ ਤੇ ਮਾਤਾ ਸਰਦਾਰਨੀ ਅਮਰਜੀਤ ਕੌਰ ਦੇ ਇਸ ਲਾਡਲੇ ਵਲੋਂ ਹੁਣ ਤਕ ਗਾਏ ਹਰ ਗੀਤ ਨੇ ਹੀ ਪੰਜਾਬੀਆਂ ਅਤੇ ਪੰਜਾਬੀਅਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਇਸ ਦੀ ਅਵਾਜ਼ ਵਿੱਚ ਗੰਭੀਰਤਾ, ਸਹਿਜਤਾ ਤੇ ਸਰਲਤਾ ਦਾ ਸੁਮੇਲ ਹੈ। ਹਰਮਨ ਦੀ ਗਾਇਕੀ ਦੀ ਵੱਡੀ ਖ਼ਾਸੀਅਤ ਇਹ ਵੀ ਹੈ ਕਿ ਉਸ ਨੇ ਅੱਜ ਤਕ ਸੱਭਿਆਚਾਰਕ ਤੇ ਸਾਫ ਸੁਥਰੇ ਗੀਤ ਹੀ ਸਰੋਤਿਆਂ ਦੀ ਝੋਲੀ ਪਾਏ ਹਨ ਅਤੇ ਇਹ ਸਿੱਧ ਕਰ ਦਿਖਾਇਆ ਹੈ ਕਿ ਲੱਚਰਤਾ ਦੀ ਹਨੇਰੀ ‘ਚ ਸਭਿਅਤਾ ਦਾ ਦੀਵਾ ਬਾਲਣ ਵਾਲੇ ਵੀ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ। ਆਪਣੀ ਗਾਇਕੀ ਵਿਚ ਜਿੱਥੇ ਉਸ ਨੇ ਘਰੇਲੂ ਰਿਸ਼ਤਿਆਂ, ਸਮਾਜਿਕ ਵਿਸ਼ਿਆਂ ਤੇ ਧਾਰਮਿਕ ਸੂਖ਼ਮ-ਭਾਵਨਾਵਾਂ ਨੂੰ ਬਿਆਨ ਕਰਦੀ ਸ਼ਾਇਰੀ ਦੀ ਚੋਣ ਕੀਤੀ, ਉੱਥੇ ਉਸ ਨੇ ਰੁਮਾਂਟਿਕ ਗੀਤਾਂ ਵਿੱਚ ਵੀ ਸੁਹਜ-ਸੁਆਦ ਮੁਕੰਮਲ ਰੂਪ ਵਿੱਚ ਬਰਕਰਾਰ ਰੱਖਿਆ ਹੈ।
ਹਰਮਨ ਦੀ ਗਾਇਕੀ ਨੂੰ ਹਰ ਉਮਰ ਦੇ ਸਰੋਤਿਆਂ ਵਲੋਂ ਪਸੰਦ ਕੀਤਾ ਜਾਂਦਾ ਹੈ। ਇਸ ਦਾ ਕਾਰਨ ਉਸ ਦੀ ਅਵਾਜ਼, ਅੰਦਾਜ਼ ਅਤੇ ਪੰਜਾਬੀ ਦੀ ਧਨੀ ਕਲਮ ਗੀਤਕਾਰ ਸਵ. ਪ੍ਰਗਟ ਸਿੰਘ ਲਿਧੜਾਂ ਵਲੋਂ ਗਾਇਨ ਸਮੱਗਰੀ ਦੀ ਸੁਹਜਮਈ ਕੀਤੀ ਗਈ ਚੋਣ ਵੀ ਹੈ। ਉਸ ਦੀ ਗਾਇਕੀ ਅਤਿਅੰਤ ਗਹਿਰੀ ਹੈ ਜਿਸ ਨੂੰ ਸੁਣ ਕੇ ਅਜੀਬ ਜਿਹਾ ਸਕੂਨ ਪ੍ਰਾਪਤ ਹੁੰਦਾ ਹੈ। ਉਸ ਦਾ ਸੁਰੀਲਾ ਕੰਠ ਤੇ ਸੁੱਚੇ ਬੋਲ ਸਰੋਤਿਆਂ ਨੂੰ ਮੱਲੋਜ਼ੋਰੀ ਕੀਲਣ ਦੀ ਸਮਰੱਥਾ ਰੱਖਦੇ ਹਨ। ਹਰਮਨ ਵਲੋਂ ਗਾਏ ‘ਕੁੜੀ ਚਿਰਾਂ ਤੋਂ ਵਿਛੜੀ’, ‘ਝਾਂਜਰ’, ‘ਮਿੱਤਰਾਂ ਦਾ ਨਾਂ ਚਲਦਾ’, ‘302 ਬਣ ਜੂ’, ‘ਇੰਤਜਾਰ ਕਰਾਂਗਾ’, ‘ਗੱਲ ਦਿਲ ਦੀ ਦੱਸ ਸੱਜਣਾ’, ‘ਵੰਡੇ ਹੋਏ ਪੰਜਾਬ ਦੀ ਤਰ੍ਹਾਂ’, ‘ਸ਼ਹਿਰ ਤੇਰੇ ਦੀਆਂ ਯਾਦਾਂ’, ‘ਕਾਂ ਬੋਲਦਾ’, ‘ਚਰਖਾ’, ‘ਸੂਰਮਾ’, ‘ਚੰਡੋਲ’, ‘ਉਸ ਰੁੱਤੇ ਸੱਜਣ ਮਿਲਾਦੇ ਰੱਬ’, ‘ਇੰਝ ਨਾ ਕਰੀਂ’, ‘ਮੁੰਦਰੀ’, ‘ਪਜੇਬਾਂ’, ‘ਇਸ ਨਿਰਮੋਹੀ ਨਗਰੀ ਦਾ’, ‘ਇੱਕ ਚੰਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਾਂਗਾ ਮੈਂ’, ‘ਨੀਂ ਤੂੰ ਸੱਚੀਂਮੁੱਚੀਂ ਲੱਗੇ ਪੰਜਾਂ ਪਾਣੀਆਂ ਦੀ ਹੂਰ’, ‘ਸਜਨਾਂ’, ‘ਅਸੀਂ ਉਹ ਨਹੀਂ’, ‘ਚਾਦਰ’, ‘ਸੰਸਾਰ’, ‘ਪ੍ਰਦੇਸੀ’, ‘ਹੱਸ ਕੇ’, ‘ਚੰਨ’, ‘ਸ਼ੌਕ’ ਅਤੇ ‘ਅਵਾਜ਼ਾਂ’, ‘ਜੱਟੀ’, ‘ਤਰੀਕਾਂ’, ‘ਦਿਲਜਾਨੀ’, ‘ਜੱਟ 24 ਕੇਰਟ ਦਾ’ ਅਤੇ ‘ਮਾਏ ਨੀ ਮਾਏ’ ਆਦਿ ਦਰਜਨਾਂ ਹੀ ਗੀਤ ਅਜਿਹੇ ਹਨ ਜੋ ਸਰੋਤਿਆਂ ਦੇ ਮਨਾਂ ਉੱਪਰ ਪੂਰੀ ਤਰ੍ਹਾਂ ਛਾਏ ਹੋਏ ਹਨ। ਗੀਤਾਂ ਰਾਹੀਂ ਸਰੋਤਿਆਂ ਦੀ ਰੂਹ ਤੱਕ ਪਹੁੰਚਣ ਵਾਲਾ ਇਹ ਗਾਇਕ ਆਪਣੇ ਗੀਤਾਂ ਰਾਹੀਂ ਸੱਚ ਕਹਿਣ ਦੀ ਦਲੇਰੀ ਰੱਖਦਾ ਹੈ। ਉਸ ਨੇ ਆਪਣੀਆਂ ਟੇਪਾਂ ਵਿੱਚ ਉਸਾਰੂ ਸੋਚ ਦੇ ਗੀਤਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ। ਸਮਾਜਿਕ ਬੁਰਾਈਆਂ ਤੇ ਵਿਅੰਗਮਈ ਚੋਟ ਕਰਨ ਵਾਲੇ ਗੀਤ ਵੀ ਉਹ ਆਪਣੀ ਐਲਬਮ ਵਿੱਚ ਅਕਸਰ ਸ਼ਾਮਲ ਕਰਦਾ ਹੈ। ਉਸ ਨੇ ਰੁਮਾਂਟਿਕ ਗੀਤ ਵੀ ਗਾਏ ਹਨ ਪਰ ਇਕ ਦਾਇਰੇ ਵਿੱਚ ਰਹਿ ਕੇ ਅਤੇ ਅਸ਼ਲੀਲ ਬੋਲਾਂ ਵਾਲੇ ਗੀਤਾਂ ਨੂੰ ਅਵਾਜ਼ ਦੇਣ ਲਈ ਉਸ ਦੀ ਜ਼ਮੀਰ ਨੇ ਕਦੇ ਵੀ ਉਸ ਨੂੰ ਇਜ਼ਾਜਤ ਨਹੀ ਦਿੱਤੀ। ਇਸ ਤੋਂ ਇਲਾਵਾ ਹਰਮਨ ਨੇ ਕਦੇ ਵੀ ਆਪਣੇ ਗੀਤਾਂ ਦੇ ਵੀਡਿਓ ਫਿਲਮਾਂਕਣ ਵਿਚ ਵੀ ਅਸ਼ਲੀਲਤਾ ਦਾ ਸਹਾਰਾ ਨਹੀਂ ਲਿਆ। ਦੂਜੇ ਪਾਸੇ ਧਾਰਮਿਕ ਖੇਤਰ ਵਿਚ ਵੀ ਹਰਮਨ ਆਪਣੀਆਂ ਧਾਰਮਿਕ ਐਲਬਮਾਂ ‘ਸਿੰਘ ਸੂਰਮੇ’ ਅਤੇ ‘ਸ਼ਾਨ ਏ ਕੌਮ’ ਸਦਕਾ ਚੰਗਾ ਨਾਮਣਾ ਖੱਟ ਚੁੱਕਾ ਹੈ। ਜੇਕਰ ਹਰਮਨ ਨੂੰ ਮਿਲੇ ਇਨਾਮਾਂ ਸਨਮਾਨਾਂ ਦੀ ਗੱਲ ਕਰੀਏ ਤਾਂ ਉਸ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਅਨੇਕਾਂ ਸਨਮਾਨ ਮਿਲੇ ਹਨ ਹਨ, ਪਰ ਸਰੋਤਿਆਂ ਦੇ ਦਿਲੀ ਪਿਆਰ ਨੂੰ ਉਹ ਸਭ ਤੋਂ ਵੱਡਾ ਸਨਮਾਨ ਸਮਝਦਾ ਹੈ। ਇੱਕ ਵਧੀਆ ਕਲਾਕਾਰ ਹੋਣ ਦੇ ਨਾਲ-ਨਾਲ ਉਹ ਚੰਗੀ ਸੋਚ ਰੱਖਣ ਵਾਲਾ ਨੌਜਵਾਨ ਵੀ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਗਾਇਕੀ ਨੇ ਉਸ ਅੰਦਰ ਨਿਮਰਤਾ, ਸਤਿਕਾਰ ਅਤੇ ਮਿਠਾਸ ਦੇ ਭਾਵਾਂ ਨੂੰ ਭਰਪੂਰ ਕਰ ਦਿੱਤਾ ਹੈ। ਫਿਲਮੀ ਖੇਤਰ ‘ਚ ਹਰਮਨ ਨੇ ਆਪਣੀ ਫਿਲਮ ਪਾਰੀ ਦੀ ਸ਼ੁਰੂਆਤ ਭਾਵੇਂ ਬੱਬੂ ਮਾਨ ਦੀ ਫ਼ਿਲਮ ‘ਦੇਸੀ ਰੋਮੀਓ’ ਤੋਂ ਕੀਤੀ ਸੀ ਪਰ ਬਤੌਰ ਹੀਰੋ ਵਜੋਂ ਉਹ ਆਪਣੀ ਲੰਘੇ ਸਾਲ ਆਈ ਫਿਲਮ ‘ਕੁੜਮਾਈਆਂ’ ਨਾਲ ਉੱਭਰ ਕੇ ਸਾਹਮਣੇ ਆਇਆ ਅਤੇ ਦਰਸ਼ਕਾਂ ਵਲੋਂ ਹਰਜੀਤ ਹਰਮਨ ਦੀ ਅਦਾਕਾਰੀ ਨੂੰ ਬੇਹੱਦ ਪਸੰਦ ਕੀਤਾ ਗਿਆ। ਹਰਜੀਤ ਹਰਮਨ ਆਪਣੇ ਫਿਲਮੀ ਸਫਰ ਨੂੰ ਅੱਗੇ ਤੋਰਦਿਆਂ ਹੁਣ ਜਲਦ ਹੀ ਇੱਕ ਹੋਰ ਫਿਲਮ ‘ਤੂੰ ਮੇਰਾ ਕੀ ਲਗਦਾ’ ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ ਹਰਜੀਤ ਹਰਮਨ ਇਨੀਂ ਦਿਨੀਂ ਆਪਣੇ ਨਵੇਂ ਆ ਰਹੇ ਗੀਤ ‘ਮਿਲਾਂਗੇ ਜ਼ਰੂਰ’ ਨੂੰ ਲੈ ਕੇ ਕਾਫੀ ਚਰਚਾਵਾਂ ‘ਚ ਹਨ। ਇਹ ਗੀਤ 30 ਸਤੰਬਰ ਨੂੰ ਨਾਮੀ ਟੀਵੀ ਚੈਨਲਾਂ ਅਤੇ ਸੰਗੀਤਕ ਕੰਪਨੀ ਟੀ-ਸੀਰੀਜ਼ ਦੇ ਯੂਟਿਊਬ ਚੈਨਲ ਤੇ ਰਿਲੀਜ਼ ਹੋਵੇਗਾ। ਇਸ ਗੀਤ ਨੂੰ ਸ਼ਬਦਾਂ ਦੀ ਲੜੀ ਵਿਚ ਪ੍ਰੋਣ ਵਾਲੀ ਕਲਮ ਸਿਰੌਮਰ ਗੀਤਕਾਰ ਸਵ. ਪ੍ਰਗਟ ਸਿੰਘ ਲਿੱਦੜਾਂ ਦੀ ਹੈ। ਇਸ ਗੀਤ ਦਾ ਵੀਡੀਓ ਪਰਗਟ ਸਿੰਘ ਦੇ ਪੁੱਤਰ ਨਾਮੀ ਵੀਡੀਓ ਡਾਇਰੈਕਟਰ ਸਟਾਲਨਵੀਰ ਸਿੰਘ ਨੇ ਤਿਆਰ ਕੀਤਾ ਹੈ ਅਤੇ ઠਰਸਭਿੰਨੇ ਸੰਗੀਤ ਨਾਲ ਹਰ ਵਾਰ ਦੀ ਤਰ੍ਹਾਂ ਸੰਗੀਤਕਾਰ ਅਤੁਲ ਸ਼ਰਮਾ ਨੇ ਸਿੰਗਾਰਿਆ ਹੈ। ਸਰਤੋਂ ਵਰਗ ਵਲੋਂ ਇਸ ਗੀਤ ਦੀ ਸ਼ਿੱਦਤ ਨਾਲ ਉਡੀਕ ਕੀਤੀ ਜਾ ਰਹੀ ਹੈ। ਹਰਜੀਤ ਹਰਮਨ ਭਵਿੱਖ ‘ਚ ਜਲਦ ਹੀ ਹੋਰ ਵੀ ਕਈ ਨਵੇਂ ਗੀਤ ਦਰਸ਼ਕਾਂ ਦੇ ਰੂਬਰੂ ਕਰਨ ਦੀ ਤਿਆਰੀ ਹਨ। ਸੋ ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਦੇ ਸੁਨਿਹਰੀ ਭਵਿੱਖ ਲਈ ਅਜਿਹੇ ਕਲਾਕਾਰਾਂ ਦੀ ਬੇਹੱਦ ਲੋੜ ਹੈ। ਰੱਬ ਕਰੇ, ਉਸ ਦੀ ਉਮਰ ‘ਲੋਕ ਗੀਤਾਂ’ ਜਿੰਨੀ ਹੋਵੇ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …