ਜਿੱਥੇ-ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਗਏ, ਉਥੇ-ਉਥੇ ਨਤਮਸਤਕਹੋਣ ਲਈ ਨਿਕਲਿਆ ‘ਟਰਬਨ ਟਰੈਵਲਰ’ ਦਾ ਕਾਰਵਾਂ
ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਮਨੁੱਖਤਾ, ਪ੍ਰੇਮ ਅਤੇ ਅਧਿਆਤਮ ਦਾ ਪਾਠ ਪੜ੍ਹਾਉਣ ਦੇ ਲਈ ਪੈਦਲ ਹੀ ਕਈ ਯਾਤਰਾਵਾਂ ਕੀਤੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ, ਉਥੇ ਹੀ ਉਨ੍ਹਾਂ ਦੇ ਨਾਮ ‘ਤੇ ਗੁਰਦੁਆਰੇ ਬਣ ਗਏ ਪ੍ਰੰਤੂ ਅੱਜ ਵੀ ਕਈ ਸਥਾਨ ਅਜਿਹੇ ਹਨ ਜਿੱਥੇ ਅਜਿਹਾ ਨਹੀਂ ਹੋ ਸਕਿਆ। ਗੁਰੂ ਸਾਹਿਬ ਦੇ ਉਨ੍ਹਾਂ ਪਦਚਿੰਨ੍ਹਾਂ ਦੀ ਭਾਲ ‘ਚ ‘ਟਰਬਨ ਟ੍ਰੈਵਲਰ’ ਕਹੇ ਜਾਣ ਵਾਲੇ ਅਮਰਜੀਤ ਸਿੰਘ ਚਾਵਲਾ ਆਪਣਾ ਕਾਰਵਾਂ ਲੈ ਕੇ ਵਿਸ਼ਵ ਯਾਤਰਾ ‘ਤੇ ਨਿਕਲੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਧਾਰਮਿਕ ਯਾਤਰਾ ਅੰਮ੍ਰਿਤਸਰ ਪਹੁੰਚੀ। ਦਿੱਲੀ ਦੇ ਪ੍ਰਸਿੱਧ ਕਾਰੋਬਾਰੀ ਚਾਵਲਾ ਦੇ ਨਾਲ ਪ੍ਰਸਿੱਧ ਵਿਦਵਾਨ ਲੇਖਕ ਅਤੇ ਗੁਰੂ ਸਾਹਿਬ ‘ਤੇ ਦਰਜਨਾਂ ਕਿਤਾਬਾਂ ਲਿਖ ਚੁੱਕੇ ਸ਼ੋਧਕਰਤਾ ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ ਤੋਂ ਇਲਾਵਾ ਚਾਵਲਾ ਦੀ ਪਤਨੀ ਗੁਰਸ਼ਰਨ ਕੌਰ, ਲੁਕਮਾਨ ਮਲਿਕ, ਜਸਰਾਜ ਸਿੰਘ, ਹਰਮੀਤ ਸਿੰਘ ਅਤੇ ਸੰਤੋਸ਼ ਕੁਮਾਰ ਯਾਤਰਾ ‘ਤੇ ਨਿਕਲੇ ਹਨ। ਕਾਰ ਨਾਲ ਸਫ਼ਰ ‘ਤੇ ਨਿਕਲੇ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਆਪਣੀ ਯਾਤਰਾ 3 ਜੁਲਾਈ ਨੂੰ ਦਿੱਲੀ ਤੋਂ ਸ਼ੁਰੂ ਕੀਤੀ ਸੀ।
ਰੋਜ਼ਾਨਾ ਔਸਤਨ 135 ਕਿਲੋਮੀਟਰ ਦੀ ਰਫਤਾਰ ਨਾਲ ਉਨ੍ਹਾਂ ਨੇ ਹੁਣ ਤੱਕ 7000 ਕਿਲੋਮੀਟਰ ਦਾ ਸਫ਼ਰ ਤਹਿ ਕੀਤਾ ਹੈ। ਇਸ ਦੇ ਤਹਿਤ ਉਨ੍ਹਾਂ ਨੇ ਦਿੱਲੀ ਤੋਂ ਇਲਾਵਾ ਉਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਪੰਜਾਬ ‘ਚ ਉਨ੍ਹਾਂ ਥਾਵਾਂ ‘ਤੇ ਗਏ, ਜਿੱਥੇ-ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ। ਚਾਵਲਾ ਨੇ ਦੱਸਿਆ ਕਿ ਦੇਸ਼ ਦੇ 29 ‘ਚੋਂ 27 ਰਾਜਾਂ ‘ਚ ਉਨ੍ਹਾਂ ਦੀ ਟੀਮ ਜਾ ਰਹੀ ਹੈ ਅਤੇ ਬਾਬਾ ਨਾਲ ਜੁੜੇ ਸਥਾਨਾਂ ਜਿਸ ‘ਚ ਗੁਰਦੁਆਰਾ, ਮੰਦਿਰ ਅਤੇ ਮਸਜਿਦ ਵੀ ਸ਼ਾਮਲ ਹੈ, ‘ਤੇ ਜਾ ਕੇ ਜਾਣਕਾਰੀ ਇਕੱਠੀ ਕਰ ਰਹੇ ਹਨ।