Breaking News
Home / ਭਾਰਤ / ਨੰਨ੍ਹੀ ‘ਜੰਨਤ ਤਾਰਿਕ’ ਕਰੇ ਡਲ ਦੀ ਸਫਾਈ, ਨਰਿੰਦਰ ਮੋਦੀ ਦੇ ਮਨ ਨੂੰ ਭਾਈ

ਨੰਨ੍ਹੀ ‘ਜੰਨਤ ਤਾਰਿਕ’ ਕਰੇ ਡਲ ਦੀ ਸਫਾਈ, ਨਰਿੰਦਰ ਮੋਦੀ ਦੇ ਮਨ ਨੂੰ ਭਾਈ

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ‘ਚ ਪੰਜ ਸਾਲ ਦੀ ਬੱਚੀ ਦੇ ਸਫ਼ਾਈ ਅਭਿਆਨ ਦੀ ਤਾਰੀਫ਼ ਕੀਤੀ
ਸ੍ਰੀਨਗਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ‘ਚ ਘਾਟੀ ਦੀ ਪੰਜ ਸਾਲਾ ਬੱਚੀ ਜੰਨਤ ਤਾਰਿਕ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜੰਨਤ ਦਾ ਸਫਾਈ ਦੇ ਪ੍ਰਤੀ ਯਤਨ ਕਾਬਿਲ-ਏ-ਤਾਰੀਫ਼ ਹੈ।
ਘਾਟੀ ‘ਚ ਇਨ੍ਹੀਂ ਦਿਨੀਂ ਇਕ ਪੰਜ ਸਾਲ ਦੀ ਬੱਚੀ ਦਾ ਵੀਡੀਓ ਖੂਬ ਵਾਇਰਲ ਹੋਇਆ ਹੈ। ਸ਼ਿਕਾਰੇ ‘ਤੇ ਬੈਠੀ ਇਹ ਬੱਚੀ ਯੂ ਕੇ ਜੀ ‘ਚ ਪੜ੍ਹਦੀ ਹੈ ਅਤੇ ਲੋਕਾਂ ਨੂੰ ਡਲ ਦੀ ਸਫਾਈ ਦੇ ਬਾਰੇ ‘ਚ ਜਾਗਰੂਕ ਕਰ ਰਹੀ ਹੈ। ਉਹ ਪੜ੍ਹਾਈ ਤੋਂ ਬਾਅਦ ਦਾ ਸਮਾਂ ਡੱਲ ਨੂੂੰ ਸਾਫ ਕਰਨ ‘ਚ ਗੁਜ਼ਾਰਦੀ ਹੈ। ਜੰਨਤ ਦੇ ਮੁਤਾਬਕ ਡਲ ਦੀ ਸਫਾਈ ਕਰਦੇ ਸਮੇਂ ਉਸ ਨੂੰ ਚਿਪਸ ਦੇ ਪੈਕੇਟ, ਪਾਣੀ ਦੀ ਬੋਤਲ, ਸ਼ਰਾਬ ਦੀ ਬੋਤਲ ਅਤੇ ਜੁੱਤੇ ਆਦਿ ਚੀਜ਼ਾਂ ਮਿਲਦੀਆਂ ਹਨ। ਉਸ ਨੇ ਡਲ ਦੇ ਆਸ-ਪਾਸ ਦੇ ਲੋਕਾਂ ਦੇ ਨਾਲ ਇਥੇ ਆਉਣ ਵਾਲੇ ਲੋਕਾਂ ਨੂੰ ਵੀ ਡਲ ‘ਚ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ ਤਾਂ ਕਿ ਡਲ ਨੂੰ ਸਾਫ਼ ਅਤੇ ਸੁੰਦਰ ਬਣਾਇਆ ਜਾ ਸਕੇ। ਜੰਨਤ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਤੋਂ ਇਹ ਕੰਮ ਸਿੱਖਿਆ ਹੈ। ਪਿਤਾ ਤਾਰਿਕ ਅਹਿਮਦ ਦੇ ਨਾਲ ਉਹ ਸ਼ਿਕਾਰੇ ਨਾਲ ਡਲ ਦੀ ਸਫਾਈ ਕਰਦੀ ਹੈ।
ਪਿਤਾ ਦੀ ਮੁਹਿੰਮ ਤੋਂ ਪ੍ਰਭਾਵਿਤ
ਤਾਰਿਕ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਨੇ ਕਾਫ਼ੀ ਸਮਾਂ ਪਹਿਲਾਂ ਡਲ ਨੂੰ ਸਾਫ਼ ਬਣਾਉਣ ਦੇ ਲਈ ਮਿਸ਼ਨ ਡਲ ਲੇਕ ਦੇ ਨਾਮ ਨਾਲ ਇਕ ਮੁਹਿੰਮ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਤੋਂ ਉਹ ਰੋਜ਼ਾਨਾ ਡਲ ਨੂੰ ਸਾਫ਼ ਕਰਨ ਨਿਕਲਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜੰਨਤ ਮੈਨੂੰ ਦੇਖ ਕੇ ਹੀ ਇਸ ਮੁਹਿੰਮ ਨਾਲ ਜੁੜੀ ਹੈ। ਤਾਰਿਕ ਨੇ ਘਾਟੀ ਦੇ ਸਥਾਨਕ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਫਾਈ ਦੇ ਪ੍ਰਤੀ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਡਲ ਨਾਲ ਹੀ ਸਾਡੀ ਅਤੇ ਪੂਰੇ ਕਸ਼ਮੀਰ ਦੀ ਪਹਿਚਾਣ ਜੁੜੀ ਹੋਈ ਹੈ। ਇਸ ਦੀ ਸਫਾਈ ਦਾ ਕੰਮ ਸਰਕਾਰ ਦੇ ਭਰੋਸੇ ਨਹੀਂ ਛੱਡਣਾ ਚਾਹੀਦਾ। ਕਈ ਵਾਰ ਸਰਕਾਰਜੀ ਅਧਿਕਾਰੀ ਡਲ ਦੀ ਸਫਾਈ ਕਰਵਾਉਂਦੇ ਹਨ, ਉਨ੍ਹਾਂ ਨੂੰ ਵੀ ਉਹ ਪੂਰੀ ਤਰ੍ਹਾਂ ਗਾਈਡ ਕਰਦੇ ਹਨ।
ਵਿਦਿਆਰਥੀ ਨੇ ਗੋਲੀਆਂ ਮਾਰ ਕੇ ਪ੍ਰਿੰਸੀਪਲ ਦੀ ਕੀਤੀ ਹੱਤਿਆ
ਯਮੁਨਾਨਗਰ : ਝਾੜ ਝੰਬ ਅਤੇ ਸਕੂਲ ਵਿਚੋਂ ਕੱਢੇ ਜਾਣ ਤੋਂ ਖ਼ਫ਼ਾ 12ਵੀਂ ਦੇ ਵਿਦਿਆਰਥੀ ਸ਼ਿਵਾਂਸ਼ ਨੇ ਪਿਤਾ ਦੇ ਰਿਵਾਲਵਰ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਕੇ ਪ੍ਰਿੰਸੀਪਲ ਦੀ ਹੱਤਿਆ ਕਰ ਦਿੱਤੀ। ਥਾਪਰ ਕਾਲੋਨੀ ਵਿਚ ਪੈਂਦੇ ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ਦੀ ਪ੍ਰਿੰਸੀਪਲ ਰਿਤੂ ਛਾਬੜਾ (45) ਦੀ ਛਾਤੀ ਵਿਚ ਚਾਰ ਅਤੇ ਹੱਥਾਂ ਤੇ ਸਰੀਰ ਦੇ ਹੋਰ ਹਿੱਸਿਆਂ ਵਿਚ ਤਿੰਨ ਗੋਲੀਆਂ ਲੱਗੀਆਂ। ਪ੍ਰਿੰਸੀਪਲ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਨ੍ਹਾਂ ਦਮ ਤੋੜ ਦਿੱਤਾ। ਪੁਲਿਸ ਨੇ ਸ਼ਿਵਾਂਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਗਲਤ ਹਰਕਤਾਂ ਕਰਕੇ ਪਿਛਲੇ ਹਫ਼ਤੇ ਸ਼ਿਵਾਂਸ਼ ਨੂੰ ਪ੍ਰਿੰਸੀਪਲ ਨੇ ਸਕੂਲ ਵਿਚੋਂ ਕੱਢ ਦਿੱਤਾ ਸੀ ਅਤੇ ਮਾਪੇ-ਅਧਿਆਪਕ ਬੈਠਕ ਦੌਰਾਨ ਆਪਣੇ ਮਾਪਿਆਂ ਨਾਲ ਉਸ ਨੂੰ ਸਕੂਲ ਆਉਣ ਲਈ ਆਖਿਆ ਸੀ। ਉਸ ਦੇ ਮਾਪੇ ਤਾਂ ਨਹੀਂ ਆਏ ਪਰ ਸ਼ਿਵਾਂਸ਼ ਆਪਣੇ ਪਿਤਾ ਦੀ ਪਿਸਤੌਲ ਲੈ ਕੇ ਆ ਗਿਆ ਤੇ ਸਿੱਧਾ ਪ੍ਰਿੰਸੀਪਲ ਦੇ ਦਫ਼ਤਰ ਵਿਚ ਪਹੁੰਚ ਕੇ ਗੋਲੀਆਂ ਵਰ੍ਹਾ ਦਿੱਤੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਸਕੂਲ ਦਾ ਸਟਾਫ ਅਤੇ ਬੱਚੇ ਪ੍ਰਿੰਸੀਪਲ ਦੇ ਕਮਰੇ ਵਿਚ ਪਹੁੰਚੇ ਤਾਂ ਮੁਲਜ਼ਮ ਉਥੋਂ ਭੱਜ ਨਿਕਲਿਆ। ਕੁਝ ਵਿਅਕਤੀਆਂ ਨੇ ਪਿੱਛਾ ਕਰਕੇ ਉਸ ਨੂੰ ਫੜ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ।

Check Also

ਖੇਤੀ ਕਾਨੂੰਨਾਂ ਖਿਲਾਫ ਦਿੱਲੀ ’ਚ ਰੋਸ ਮਾਰਚ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਮਿਲੀ ਇਜਾਜ਼ਤ

ਭਲਕੇ 17 ਸਤੰਬਰ ਨੂੰ ਕੀਤਾ ਜਾਣਾ ਸੀ ਰੋਸ ਮਾਰਚ ਨਵੀਂ ਦਿੱਲੀ/ਬਿਊਰੋ ਨਿਊਜ਼ ਖੇਤੀ ਕਾਨੂੰਨਾਂ ਖਿਲਾਫ …