ਨਵੀਂ ਦਿੱਲੀ/ਬਿਊਰੋ ਨਿਊਜ਼ : 63ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਇਥੇ ਐਲਾਨ ਕੀਤਾ ਗਿਆ। ਕਈ ਭਾਸ਼ਾਵਾਂ ਵਿੱਚ ਬਣੀ ਫਿਲਮ ‘ਬਾਹੂਬਲੀ’ ਸਰਵੋਤਮ ਫੀਚਰ ਫਿਲਮ ਚੁਣੀ ਗਈ। ਅਮਿਤਾਭ ਬੱਚਨ ਨੂੰ ਫਿਲਮ ‘ਪੀਕੂ’ ਲਈ ਸਰਵੋਤਮ ਅਦਾਕਾਰ ਜਦੋਂ ਕਿ ਕੰਗਨਾ ਰਣੌਤ ਨੂੰ ‘ਤਨੂ ਵੈੱਡਜ਼ ਮਨੂ ਰਿਟਰਨਜ਼’ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। ਅਮਿਤਾਭ (73) ਦਾ ਇਹ ਚੌਥਾ ਕੌਮੀ ਪੁਰਸਕਾਰ ਹੈ। ‘ਪੀਕੂ’ ਵਿੱਚ ਸਨਕੀ ਪਿਤਾ ਦੀ ਭੂਮਿਕਾ ਲਈ ਉਨ੍ਹਾਂ ਨੂੰ ਇਹ ਪੁਰਸਕਾਰ ਮਿਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ‘ਅਗਨੀਪੱਥ’, ‘ਬਲੈਕ’ ਅਤੇ ‘ਪਾ’ ਲਈ ਇਹ ਪੁਰਸਕਾਰ ਮਿਲ ਚੁੱਕਾ ਹੈ। ਪਿਛਲੇ ਹਫ਼ਤੇ ਹੀ 29 ਸਾਲਾਂ ਦੀ ਹੋਈ ਕੰਗਨਾ ਨੂੰ ਰੋਮਾਂਟਿਕ ਕਾਮੇਡੀ ਫਿਲਮ ‘ਤਨੂ ਵਿੱਡਜ਼ ਮਨੂ ਰਿਟਰਨਜ਼’ ਵਿੱਚ ਦੋਹਰੀ ਭੂਮਿਕਾ ਲਈ ਸਰਵੋਤਮ ਅਦਾਕਾਰਾ ਦਾ ਸਨਮਾਨ ਮਿਲਿਆ ਹੈ। ਕੰਗਨਾ ਨੇ ਇਸ ਐਵਾਰਡ ਨੂੰ ਆਪਣੇ ਜਨਮ ਦਾ ਸਰਵੋਤਮ ਤੋਹਫ਼ਾ ਦੱਸਦਿਆਂ ਕਿਹਾ ਕਿ ਇਹ ਪੁਰਸਕਾਰ ਇਸ ਲਈ ਵੀ ਖਾਸ ਹੈ ਕਿਉਂਕਿ ਇਹ ਉਨ੍ਹਾਂ ਨੂੰ ਅਮਿਤਾਭ ਬੱਚਨ ਨਾਲ ਦਿੱਤਾ ਗਿਆ ਹੈ। ਕੰਗਨਾ ਨੂੰ ਤੀਜੀ ਵਾਰ ਕੌਮੀ ਪੁਰਸਕਾਰ ਮਿਲਿਆ ਹੈ। ਇਸ ਤੋਂ ਪਹਿਲਾਂ 2008 ਵਿੱਚ ਫਿਲਮ ‘ਫੈਸ਼ਨ’ ਲਈ ਸਰਵੋਤਮ ਸਹਾਇਕ ਅਦਾਕਾਰਾ ਅਤੇ ਪਿਛਲੇ ਸਾਲ ‘ਕਵੀਨ’ ਲਈ ਸਰਵੋਤਮ ਅਭਿਨੇਤਰੀ ਪੁਰਸਕਾਰ ਮਿਲਿਆ ਸੀ। ઠਰਮੇਸ਼ ਸਿੱਪੀ ਦੀ ਪ੍ਰਧਾਨਗੀ ਵਾਲੀ 11 ਮੈਂਬਰੀ ਜਿਊਰੀ ਨੇ ਐਸ ਐਸ ਰਾਜਾਮੌਲੀ ਦੀ ‘ਬਾਹੂਬਲੀ’ ਨੂੰ ਸਰਵੋਤਮ ਫੀਚਰ ਫਿਲਮ ਐਲਾਨਿਆ। ਪਿਛਲੇ ਸਾਲ ਸਭ ਤੋਂ ਵੱਧ ਵਾਹ ਵਾਹ ਖੱਟਣ ਵਾਲੀ ਫਿਲਮ ‘ਮਸਾਨ’ ਦੇ ਨਿਰਦੇਸ਼ਕ ਨੀਰਜ ਘੇਵਨ ਨੂੰ ਬੈਸਟ ਡੈਬਿਊ ਡਾਇਰੈਕਟਰ ਐਵਾਰਡ ਮਿਲਿਆ। ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਤੇ ਪ੍ਰਿਅੰਕਾ ਚੋਪੜਾ ਦੀਆਂ ਭੂਮਿਕਾਵਾਂ ਵਾਲੀ ਇਤਿਹਾਸਕ ਪਿੱਠਭੂਮੀ ਵਾਲੀ ਪ੍ਰੇਮ ਕਹਾਣੀ ‘ਬਾਜੀਰਾਓ ਮਸਤਾਨੀ’ ਦੇ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਨੂੰ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਮਿਲਿਆ ਹੈ। ਇਸ ਫਿਲਮ ਨੇ ਪੰਜ ਪੁਰਸਕਾਰ ਆਪਣੇ ਨਾਂ ਕੀਤੇ ਹਨ। ਭੰਸਾਲੀ ਨੇ ਕਿਹਾ, ‘ਨਿਰਦੇਸ਼ਕ ਵਜੋਂ ਇਹ ਮੇਰਾ ਪਹਿਲਾ ਕੌਮੀ ਪੁਰਸਕਾਰ ਹੈ। ਮੇਰੀ ਮਾਂ ਹਮੇਸ਼ਾ ਇਹ ਦੁਆ ਕਰਦੀ ਸੀ ਕਿ ਮੈਂ ਇਹ ਐਵਾਰਡ ਜਿੱਤਾਂ ਅਤੇ ਅਖੀਰ ਮਾਂ ਦੀ ਦੁਆ ਕਬੂਲ ਹੋ ਗਈ।’ ਸਲਮਾਨ ਖਾਨ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਬਜਰੰਗੀ ਭਾਈਜਾਨ’ ਨੂੰ ਸਰਵੋਤਮ ਲੋਕਪ੍ਰਿਯ ਫਿਲਮ ਚੁਣਿਆ ਗਿਆ ਹੈ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …