ਬਰੈਂਪਟਨ/ਓਨਟਾਰੀਓ : ਬਰੈਂਪਟਨ ਸਮੇਤ ਜੀਟੀਏ ਦੇ ਬਿਜ਼ਨੈੱਸਾਂ ਨੂੰ ਹੋਰ ਅੱਗੇ ਵਧਾਉਣ, ਖੋਜ ਤੇ ਵਪਾਰ ਵਿਚ ਲਚਕੀਲਾਪਨ ਲਿਆਉਣ, ਪੈਦਾਵਾਰ ‘ਚ ਵਾਧਾ ਕਰਨ, ਸਪਲਾਈ-ਚੇਨਾਂ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਮਾਰਕੀਟਾਂ ਪੈਦਾ ਕਰਨ ਲਈ ਕੈਨੇਡਾ ਸਰਕਾਰ 26 ਮਿਲੀਅਨ ਡਾਲਰ ਨਿਵੇਸ਼ ਕਰ ਰਹੀ ਹੈ। ਇਸਦੇ ਬਾਰੇ ਅਹਿਮ ਐਲਾਨ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਐਂਡ ਡਿਜੀਟਲ ਆਈਨੋਵੇਸ਼ਨ ਮੰਤਰੀ ਮਾਣਯੋਗ ਏਵਾਨ ਸੋਲੋਮੌਨ ਜੋ ‘ਫ਼ੈਡਡੇਵ ਓਟਾਰੀਓ’ ਨਾਲ ਵੀ ਸਬੰਧਿਤ ਹਨ, ਵੱਲੋਂ ਬਰੈਂਪਟਨ ਵਿੱਚ ਆ ਕੇ ਕੀਤਾ ਗਿਆ।
‘ਫ਼ੈੱਡਰਲ ਇਕੌਨੌਮਿਕ ਡਿਵੈੱਲਪਮੈਂਟ ਏਜੰਸੀ ਫ਼ਾਰ ਸਦਰਨ ਓਨਟਾਰੀਓ’ (ਫ਼ੈਡਡੇਵ ਓਨਟਾਰੀਓ) ਰਾਹੀਂ ਕੈਨੇਡਾ ਸਰਕਾਰ ਵੱਲੋਂ ਜੀਟੀਏ ਦੇ 31 ਬਿਜ਼ਨੈੱਸਾਂ ਵਿੱਚ ‘ਰੀਜਨਲ ਟੈਰਿਫ਼ ਰੈੱਸਪੌਂਸ ਇਨੀਸ਼ੀਏਟਿਵ’ (ਆਰਟੀਆਰਆਈ) ਦੁਆਰਾ 26 ਮਿਲੀਅਨ ਡਾਲਰ ਦਾ ਪੂੰਜੀ-ਨਿਵੇਸ਼ ਕੀਤਾ ਜਾ ਰਿਹਾ ਹੈ। ਇਹ ਪੂੰਜੀ-ਨਿਵੇਸ਼ ਬਿਜ਼ਨੈੱਸਾਂ ਨੂੰ ਨਵੀਆਂ ਟੈੱਕਨਾਲੌਜੀਆਂ ਨੂੰ ਅਪਨਾਉਣ, ਪੈਦਾਵਾਰ ਦੀ ਸਮਰੱਥਾ ਵਧਾਉਣ, ਸਥਾਨਕ ਸਪਲਾਈ-ਚੇਨਾਂ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਮੰਡੀਆਂ ਵਿੱਚ ਵਿਭਿੰਨਤਾ ਲਿਆਉਣ ਵਿੱਚ ਮਦਦ ਕਰੇਗਾ। ਇਸ ਦੇ ਨਾਲ ਲੰਮੇਂ ਸਮੇਂ ਲਈ ਅਰਥਚਾਰੇ ਅਤੇ ਇਸਦੇ ਲਚਕੀਲੇਪਨ ਦੇ ਵਾਧੇ ਲਈ ਸਹਾਈ ਹੋਵੇਗਾ।
ਇਸ ਐਲਾਨਨਾਮੇ ਦੇ ਇੱਕ ਹਿੱਸੇ ਵਜੋਂ ਬਰੈਂਪਟਨ ਵਿੱਚ ਸਥਿਤ ‘ਡੇਅਬਾਰ ਇੰਡਸਟਰੀ ਲਿਮਟਿਡ’ ਆਪਣੇ ਇੱਕ ਪ੍ਰਾਜੈੱਕਟ ਲਈ ਫ਼ੈਡਰਲ ਸਰਕਾਰ ਕੋਲੋਂ $12 ਮਿਲੀਅਨ ਤੋਂ ਵੱਧ ਮੁੱਲ ਵਾਲੇ ਪ੍ਰੋਜੈਕਟ ਲਈ 7 ਲੱਖ ਡਾਲਰ ਪੂੰਜੀ ਪ੍ਰਾਪਤ ਕਰੇਗੀ। ਇਹ ਪੂੰਜੀ ਨਿਵੇਸ਼ ਇਸ ਕੰਪਨੀ ਲਈ ਆਪਣੀ ਪੈਦਾਵਾਰ ਦੀ ਸਮਰੱਥਾ ਵਧਾਉਣ, ਮੁਕਾਬਲੇਬਾਜ਼ੀ ਵਿੱਚ ਹੋਰ ਵਧੇਰੇ ਹਿੱਸਾ ਲੈਣ ਅਤੇ ਨਵੀਂਆਂ ਮੰਡੀਆਂ ਲੱਭਣ ਦੇ ਮੌਕੇ ਪੈਦਾ ਕਰਨ ਵਿੱਚ ਸਹਾਇਤਾ ਕਰੇਗਾ। ਇਸ ਨਾਲ ਸਥਾਨਕ ਨੌਕਰੀਆਂ ਵਿੱਚ ਵਾਧਾ ਹੋਵੇਗਾ ਅਤੇ ਬਰੈਂਪਟਨ ਦੇ ਪੈਦਾਵਾਰੀ ਖੇਤਰ ਵਿੱਚ ਮਜ਼ਬੂਤੀ ਆਏਗੀ।
ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਬਰੈਂਪਟਨ ਸਾਊਥ ਦੀ ਨੁਮਾਇੰਦਗੀ ਕਰ ਰਹੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਬਰੈਂਪਟਨ ਨਵੇਂ ਬਿਜ਼ਨੈੱਸਾਂ, ਨਵੀਂ ਖੋਜ ਕਰਨ ਵਾਲੇ ਅਦਾਰਿਆਂ, ਸਿੱਖਿਅਤ ਕਾਮਿਆਂ ਅਤੇ ਉਨ੍ਹਾਂ ਉੱਦਮੀਆਂ ਲਈ ‘ਘਰ’ ਹੈ, ਜਿਹੜੇ ਇਸ ਖਿੱਤੇ ਅਤੇ ਦੇਸ਼ ਦੇ ਅਰਥਚਾਰੇ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ। ਅਜਿਹੇ ਪੂੰਜੀ-ਨਿਵੇਸ਼ਾਂ ਨਾਲ ਸਥਾਨਕ ਕੰਪਨੀਆਂ ਨੂੰ ਆਪਣੇ ਕਾਰਜ ਖੇਤਰ ਦੇ ਆਧੁਨਿਕੀਕਰਨ, ਮੁਕਾਬਲੇਬਾਜ਼ੀ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਨ ਅਤੇ ਦੇਸ਼-ਵਾਸੀਆਂ ਲਈ ਚੰਗੀਆਂ ਨੌਕਰੀਆਂ ਪੈਦਾ ਕਰਨ ਵਿੱਚ ਸਹਾਇਤਾ ਮਿਲਦੀ ਹੈ। ਕੈਨੇਡੀਅਨ ਬਿਜ਼ਨੈੱਸਾਂ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਦੀ ਵਿੱਤੀ ਸਹਾਇਤਾ ਕਰਕੇ ਅਸੀਂ ਦੇਸ਼ ਦਾ ਭਵਿੱਖਮਈ ਅਰਥਚਾਰਾ ਮਜ਼ਬੂਤ ਅਤੇ ਲਚਕੀਲਾ ਬਣਾ ਰਹੇ ਹਾਂ।”

