ਅਮਰੀਕੀ ਟੈਰਿਫ ਦੀ ਧਮਕੀ ਦਰਮਿਆਨ ਮਾਰਕ ਕਾਰਨੀ ਸਰਕਾਰ ਉੱਤੇ ‘ਹੋਰ ਨਾ ਝੁਕਣ’ ਦਾ ਦਬਾਅ
ਟੋਰਾਂਟੋ/ਪ੍ਰਭਜੋਤ ਸਿੰਘ
ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤਾ ਟੁੱਟਿਆ ਤਾਂ ਇੱਕ ਲੱਖ ਕੈਨੇਡੀਅਨ ਨੌਕਰੀਆਂ ਨੂੰ ਖਤਰਾ ਹੋ ਸਕਦਾ ਹੈ। ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ ਦਾ ਭਵਿੱਖ ਹੁਣ ਸਿਰਫ ਵਪਾਰਕ ਮੁੱਦਾ ਨਹੀਂ ਰਿਹਾ, ਸਗੋਂ ਹਜ਼ਾਰਾਂ ਕੈਨੇਡੀਅਨ ਕਾਮਿਆਂ ਦੀ ਰੋਜ਼ੀ-ਰੋਟੀ ਨਾਲ ਜੁੜਿਆ ਸਵਾਲ ਬਣ ਗਿਆ ਹੈ। ‘ਕੈਨੇਡੀਅਨ ਅਮਰੀਕਨ ਬਿਜ਼ਨਸ ਕੌਂਸਲ’ ਲਈ ਆਕਸਫੋਰਡ ਇਕਨਾਮਿਕਸ ਦੀ ਤਾਜ਼ਾ ਰਿਪੋਰਟ ਅਨੁਸਾਰ, ਸਮਝੌਤਾ ਟੁੱਟਣ ਦੀ ਸੂਰਤ ਵਿੱਚ ਕੈਨੇਡਾ ਨੂੰ 1 ਲੱਖ ਤੋਂ ਵੀ ਜ਼ਿਆਦਾ ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ, ਜਦਕਿ ਦੋਵਾਂ ਦੇਸ਼ਾਂ ਵਿੱਚ ਕਰੀਬ 2 ਲੱਖ 14 ਹਜ਼ਾਰ ਨੌਕਰੀਆਂ ਪ੍ਰਭਾਵਿਤ ਹੋਣ ਦਾ ਖਤਰਾ ਹੈ।
ਸਭ ਤੋਂ ਵੱਡੀ ਚਿੰਤਾ ਉਨ੍ਹਾਂ ਉਦਯੋਗਾਂ ਨੂੰ ਲੈ ਕੇ ਹੈ ਜਿਨ੍ਹਾਂ ਦੀਆਂ ਸਪਲਾਈ ਚੇਨਾਂ ਦਹਾਕਿਆਂ ਤੋਂ ਸਰਹੱਦ ਪਾਰ ਵਪਾਰ ਨਾਲ ਜੁੜੀਆਂ ਹਨ। ਆਟੋਮੋਬਾਇਲ, ਧਾਤੂ, ਮਸ਼ੀਨਰੀ, ਇਲੈਕਟ੍ਰੋਨਿਕਸ, ਕੈਮੀਕਲ ਅਤੇ ਲੱਕੜ-ਕਾਗ਼ਜ਼ ਉਦਯੋਗਾਂ ਉੱਤੇ ਇਸਦਾ ਸਿੱਧਾ ਅਸਰ ਪੈ ਸਕਦਾ ਹੈ। ਓਨਟਾਰੀਓ, ਕਿਊਬਿਕ, ਮੈਨੀਟੋਬਾ ਅਤੇ ਨਿਊ ਬ੍ਰੰਜ਼ਵਿਕ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿੱਚ ਸ਼ਾਮਲ ਹਨ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 19 ਅਗਸਤ ਤੋਂ ਕੈਨੇਡੀਅਨ ਵਸਤੂਆਂ ਉੱਤੇ ਨਵੇਂ 50 ਫ਼ੀਸਦੀ ਟੈਰਿਫ ਦੀ ਧਮਕੀ ਨੇ ਓਟਾਵਾ ਲਈ ਸਮਾਂ ਹੋਰ ਘੱਟ ਕਰ ਦਿੱਤਾ ਹੈ।
ਇਸੇ ਦੌਰਾਨ ਕੰਸਰਵੇਟਿਵ ਆਗੂ ਪਿਏਰੇ ਪੋਇਲਿਵਰੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਸਰਕਾਰ ਨੂੰ ਅਮਰੀਕੀ ਮੰਗਾਂ ਅੱਗੇ ‘ਹੋਰ ਨਾ ਝੁਕਣ’ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਓਟਾਵਾ ਪਹਿਲਾਂ ਹੀ ਕਈ ਮਾਮਲਿਆਂ ਵਿੱਚ ਰਿਆਇਤਾਂ ਦੇ ਚੁੱਕਾ ਹੈ। ਪੋਇਲਿਵਰੇ ਨੇ ਕੈਨੇਡੀਅਨ ਸਟੀਲ, ਐਲੂਮੀਨੀਅਮ, ਲੱਕੜ ਅਤੇ ਆਟੋ ਸੈਕਟਰ ਲਈ ਜ਼ੀਰੋ-ਟੈਰਿਫ ਪਹੁੰਚ ਅਤੇ ‘ਬਾਏ ਅਮਰੀਕਨ’ ਨਿਯਮਾਂ ਤੋਂ ਕੈਨੇਡਾ ਨੂੰ ਛੋਟ ਦੀ ਮੰਗ ਕੀਤੀ ਹੈ। ਸਰਕਾਰ ਲਈ ਚੁਣੌਤੀ ਦੋਹਰੀ ਹੈ-ਇੱਕ ਪਾਸੇ ਅਮਰੀਕੀ ਬਾਜ਼ਾਰ ਤੱਕ ਪਹੁੰਚ ਬਚਾਉਣੀ ਅਤੇ ਦੂਜੇ ਪਾਸੇ ਅਜਿਹੀਆਂ ਰਿਆਇਤਾਂ ਤੋਂ ਬਚਣਾ ਹੈ ਜੋ ਲੰਮੇ ਸਮੇਂ ਵਿੱਚ ਕੈਨੇਡੀਅਨ ਉਦਯੋਗ ਅਤੇ ਕਾਮਿਆਂ ਨੂੰ ਕਮਜ਼ੋਰ ਕਰ ਸਕਦੀਆਂ ਹਨ।
ਆਕਸਫੋਰਡ ਇਕਨਾਮਿਕਸ ਦਾ ਅੰਦਾਜ਼ਾ ਹੈ ਕਿ ਜੇ ਨੂੰ ਕਾਇਮ ਰੱਖਣ ਅਤੇ ਵਪਾਰਕ ਰੁਕਾਵਟਾਂ ਘਟਾਉਣ ਵਿੱਚ ਸਫ਼ਲਤਾ ਮਿਲਦੀ ਹੈ ਤਾਂ ਕੈਨੇਡਾ ਵਿੱਚ ਕਰੀਬ 98 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ। ਇਸ ਲਈ ਆਉਣ ਵਾਲੇ ਦਿਨਾਂ ਦੀ ਵਾਰਤਾ ਕੈਨੇਡਾ ਦੀ ਅਰਥਵਿਵਸਥਾ ਲਈ ਨਿਰਣਾਇਕ ਸਾਬਤ ਹੋ ਸਕਦੀ ਹੈ।
ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤਾ ਟੁੱਟਿਆ ਤਾਂ ਇਕ ਲੱਖ ਕੈਨੇਡੀਅਨ ਨੌਕਰੀਆਂ ਨੂੰ ਖਤਰਾ
RELATED ARTICLES

