ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਸਿੰਧੂ
ਬਾਸੇਲ (ਸਵਿਟਜ਼ਰਲੈਂਡ)/ਬਿਊਰੋ ਨਿਊਜ਼ : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ ਸਿੰਗਲ ਦੇ ਫਾਈਨਲ ਵਿਚ ਜਾਪਾਨੀ ਖਿਡਾਰੀ ਨੋਜੋਮੀ ਓਕੁਹਾਰਾ ਨੂੰ ਇਕਤਰਫ਼ਾ ਮੈਚ ਵਿਚ ਕਰਾਰੀ ਹਾਰ ਦਿੰਦੇ ਹੋਏ ਸੋਨ ਤਗਮਾ ਆਪਣੇ ਨਾਮ ਕੀਤਾ। ਉਹ ਇਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਸਵਿਟਜ਼ਰਲੈਂਡ ਦੇ ਬਾਸੇਲ ਵਿਚ 37 ਮਿੰਟ ਤੱਕ ਚੱਲੇ ਇਸ ਖ਼ਿਤਾਬੀ ਮੁਕਾਬਲੇ ਵਿਚ ਵਿਸ਼ਵ ਦੀ ਨੰਬਰ 5 ਖਿਡਾਰਨ ਸਿੰਧੂ ਨੇ 21-7, 21-7 ਨਾਲ ਬਿਹਤਰੀਨ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਟੂਰਨਾਮੈਂਟ ਵਿਚ 2017 ਵਿਚ ਓਕੁਹਾਰਾ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਇਹ ਉਨ੍ਹਾਂ ਦਾ ਵਿਸ਼ਵ ਚੈਂਪੀਅਨਸ਼ਿਪ ਵਿਚ ਪਹਿਲਾ ਸੋਨ ਤਗਮਾ ਹੈ ਜਦੋਂ ਕਿ ਕੁੱਲ 5ਵਾਂ ਤਗਮਾ ਹੈ। ਦੱਸਣਯੋਗ ਹੈ ਕਿ ਉਲੰਪਿਕ ਦੀ ਚਾਂਦੀ ਤਗਮਾ ਜੇਤੂ ਭਾਰਤੀ ਖਿਡਾਰਨ ਇਸ ਟੂਰਨਾਮੈਂਟ ਵਿਚ ਇਸ ਤੋਂ ਪਹਿਲਾਂ 2017 ਅਤੇ 2018 ਵਿਚ ਚਾਂਦੀ ਅਤੇ 2013 ਅਤੇ 2014 ਵਿਚ ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ।
ਪਹਿਲਾ ਸੈੱਟ 16 ਮਿੰਟ ‘ਚ ਜਿੱਤਿਆ : 16 ਮਿੰਟ ਤੱਕ ਚੱਲੇ ਪਹਿਲੇ ਸੈੱਟ ਵਿਚ ਭਾਰਤੀ ਖਿਡਾਰਨ ਨੇ ਜ਼ਬਰਦਸਤ ਸ਼ੁਰੂਆਤ ਕੀਤੀ ਅਤੇ ਲਗਾਤਾਰ 7 ਅੰਕ ਲੈਂਦੇ ਹੋਏ ਜਾਪਾਨੀ ਖਿਡਾਰਨ ‘ਤੇ 8-1 ਨਾਲ ਬੜ੍ਹਤ ਬਣਾਈ। ਇਸ ਦੌਰਾਨ ਵਿਸ਼ਵ ਨੰਬਰ-4 ਨੋਜੋਮੀ ਨੈੱਟ ‘ਤੇ ਬੁਰੀ ਤਰ੍ਹਾਂ ਅਸਫ਼ਲ ਰਹੀ, ਜਿਸ ਦਾ ਫਾਇਦਾ ਸਿੰਧੂ ਨੂੰ ਮਿਲਿਆ। ਸਿੰਧੂ ਨੇ ਇੱਥੇ ਦਬਾਅ ਬਣਾ ਕੇ ਰੱਖਿਆ ਅਤੇ ਜ਼ੋਰਦਾਰ ਸ਼ਾਟ ਲਗਾਏ, ਜਿਸ ਦਾ ਵਿਰੋਧੀ ਖਿਡਾਰੀ ਕੋਲ ਕੋਈ ਜਵਾਬ ਨਹੀਂ ਸੀ। ਪਹਿਲੇ ਸੈੱਟ ਵਿਚ ਬ੍ਰੇਕ ਤੱਕ ਸਿੰਧੂ ਦੀ ਬੜ੍ਹਤ 11-2 ਹੋ ਗਈ ਸੀ। ਬ੍ਰੇਕ ਤੋਂ ਬਾਅਦ ਜਦੋਂ ਖੇਡ ਸ਼ੁਰੂ ਹੋਈ ਤਾਂ ਜਾਪਾਨੀ ਖਿਡਾਰਨ ਨੇ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੀ। ਇਸ ਦੌਰਾਨ ਭਾਰਤੀ ਖਿਡਾਰਨ ਨੇ ਜਾਪਾਨੀ ਖਿਡਾਰੀ ਨੂੰ ਅੰਕ ਪ੍ਰਾਪਤ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਪਹਿਲਾ ਸੈੱਟ 21-7 ਨਾਲ ਜਿੱਤ ਲਿਆ।
ਦੂਸਰਾ ਸੈੱਟ ਵੀ ਰਿਹਾ ਇਕਤਰਫ਼ਾ : ਸਿੰਧੂ ਦੀ ਖੇਡ ਦਾ ਦੂਸਰੇ ਸੈੱਟ ਵਿਚ ਓਕੁਹਾਰਾ ਕੋਲ ਕੋਈ ਜਵਾਬ ਨਹੀਂ ਸੀ। 21 ਮਿੰਟ ਤੱਕ ਚੱਲੇ ਇਸ ਸੈੱਟ ਦੀ ਸ਼ੁਰੂਆਤ ਕਾਫੀ ਰੌਚਿਕ ਰਹੀ ਪਰ ਬਾਅਦ ਵਿਚ ਜਲਦ ਹੀ ਸਿੰਧੂ ਨੇ ਬੜ੍ਹਤ ਬਣਾਉਣੀ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੇ ਬੜ੍ਹਤ 11-4 ਦੀ ਹੋਈ ਗਈ। ਬ੍ਰੇਕ ਤੋਂ ਬਾਅਦ ਸਿੰਧੂ ਨੇ ਲਗਾਤਾਰ 5 ਅੰਕ ਪ੍ਰਾਪਤ ਕੀਤੇ ਅਤੇ ਸਕੋਰ 16-4 ਕਰ ਦਿੱਤਾ। ਇੱਥੇ ਓਕੁਹਾਰਾ ਨੇ ਤਿੰਨ ਅੰਕ ਪ੍ਰਾਪਤ ਕੀਤੇ ਪਰ ਸਿੰਧੂ ਨੇ ਇਹ ਗੇਮ 21-7 ਨਾਲ ਜਿੱਤਦੇ ਹੋਏ ਖ਼ਿਤਾਬ ਆਪਣੇ ਨਾਮ ਕਰ ਲਿਆ। ਇਸ ਜਿੱਤ ਦੇ ਨਾਲ ਹੀ ਉਨ੍ਹਾਂ ਨੇ ਓਕੁਹਾਰਾ ਖ਼ਿਲਾਫ਼ ਜਿੱਤ ਦਾ ਅੰਤਰ 8-8 ਨਾਲ ਬਰਾਬਰ ਕਰ ਲਿਆ ਹੈ।
ਸਿੰਧੂ ਵਰਲਡ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮਿਲੀ
ਮੋਦੀ ਨੇ ਕਿਹਾ – ਇਹ ਹੈ ਭਾਰਤ ਦਾ ਮਾਣ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਭਾਰਤ ਦੀ ਸਟਾਰ ਸ਼ਟਲਰ ਪੀ.ਵੀ. ਸਿੰਧੂ ਨੇ ਭਾਰਤ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੋਦੀ ਨੇ ਕਿਹਾ ਕਿ ਸਿੰਧੂ ਭਾਰਤ ਦਾ ਮਾਣ ਹੈ ਅਤੇ ਉਹ ਅਜਿਹੀ ਚੈਂਪੀਅਨ ਹੈ, ਜਿਸ ਨੇ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਮੋਦੀ ਨੇ ਸਿੰਧੂ ਨੂੰ ਭਵਿੱਖ ਲਈ ਵੀ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਸਿੰਧੂ ਨੇ ਕੇਂਦਰੀ ਖੇਡ ਮੰਤਰੀ ਰਿਜੀਜੂ ਨਾਲ ਵੀ ਮੁਲਾਕਾਤ ਕੀਤੀ। ਰਿਜੀਜੂ ਨੇ ਸਿੰਧੂ ਨੂੰ 10 ਲੱਖ ਰੁਪਏ ਦਾ ਚੈਕ ਇਨਾਮ ਵਜੋਂ ਦਿੱਤਾ। ਇਸ ਮੌਕੇ ਸਿੰਧੂ ਨਾਲ ਉਨ੍ਹਾਂ ਦੇ ਪਿਤਾ ਪੀ.ਵੀ. ਰਮੰਨਾ ਅਤੇ ਕੋਚ ਗੋਪੀਚੰਦ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੈਡਮਿੰਟਨ ਦੇ 42 ਸਾਲ ਦੇ ਇਤਿਹਾਸ ਵਿਚ ਸਿੰਧੂ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਬਣ ਗਈ ਹੈ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …