Breaking News
Home / ਘਰ ਪਰਿਵਾਰ / ਭਾਰਤੀ ਮਹਿਲਾ ਸ਼ਕਤੀ ਦੇ ਹਨ ਵੱਖ-ਵੱਖ ਰੂਪ

ਭਾਰਤੀ ਮਹਿਲਾ ਸ਼ਕਤੀ ਦੇ ਹਨ ਵੱਖ-ਵੱਖ ਰੂਪ

ਜਸਵੰਤ ਸਿੰਘ ‘ਅਜੀਤ’
ਭਾਰਤੀ ਸਮਾਜ ਦੀ ਆਮ ਧਾਰਣਾ ਇਹ ਹੈ ਕਿ ਜੇ ਆਪਣੇ ਪਰਿਵਾਰਕ ਵੰਸ਼ ਨੂੰ ਅੱਗੇ ਵਧਾਉਣਾ ਹੈ ਜਾਂ ਉਸਦੀ ਗੱਡੀ ਨੂੰ ਚਲਾਈ ਰੱਖਣਾ ਹੈ ਤਾਂ ਪਰਿਵਾਰ ਵਿੱਚ ਇੱਕ ਲੜਕੇ (ਮੁੰਡੇ) ਦਾ ਹੋਣਾ ਬਹੁਤ ਜ਼ਰੂਰੀ ਹੈ। ਪ੍ਰੰਤੂ ਬਿਹਾਰ ਦੇ ਚੰਪਾਰਣ ਜ਼ਿਲ੍ਹੇ ਦੇ ਸ਼ਹਿਰ, ਬਗਹਾ ਦੀਆਂ ਬੱਚੀਆਂ, ਰਾਣੀ (੧੫ ਵਰ੍ਹੇ) ਅਤੇ ਰੇਣੂ (੧੩ ਵਰ੍ਹੇ) ਨੇ ਇਸ ਧਾਰਣਾ ਨੂੰ ਪੂਰੀ ਤਰ੍ਹਾਂ ਬਦਲ ਕੇ ਰਖ ਦਿੱਤਾ ਹੈ। ਦਸਿਆ ਜਾਂਦਾ ਹੈ ਕਿ ਸ਼ਹਿਰ ਬਗਹਾ ਤੋਂ ਲਗਭਗ ੨੨ ਕਿਲੋਮੀਟਰ ਦੂਰ ਚੌਤਰਵਾ ਦੀਆਂ ਇਹ ਦੋਵੇਂ ਸਕੀਆਂ ਭੈਣਾਂ ਬਾਾਈਕ, ਕਾਰ ਅਤੇ ਹੋਰ ਚਾਰ ਪਹੀਆਂ ਗੱਡੀਆਂ ਦੇ ਪੰਚਰ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀਆਂ ਹਨ। ਰਾਣੀ ਦੱਸਦੀ ਹੈ ਕਿ ਚਾਰ-ਕੁ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਵਿਕਰਮ ਸ਼ਰਮਾ ਅਚਾਨਕ ਪੈਰਾਲਾਇਸਿਸ ਅਟੈਕ ਹੋਣ ਕਾਰਣ ਕੰਮ ਕਰਨ ਤੋਂ ਲਾਚਾਰ ਹੋ ਗਏ ਸਨ। ਉਨ੍ਹਾਂ ਦੇ ਸਰੀਰ ਦੇ ਸੱਜੇ ਪਾਸੇ ਦੇ ਸਾਰੇ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਪਿਤਾ ਦੀ ਇਸ ਲਾਚਾਰੀ ਕਾਰਣ ਪਰਿਵਾਰ ਨੂੰ ਬੁਰੀ ਤਰ੍ਹਾਂ ਤੋੜ ਕੇ ਰਖ ਦਿੱਤਾ। ਪਰਿਵਾਰ ਨੂੰ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਪੈ ਗਏ। ਪਰਿਵਾਰ ਦੀ ਹਾਲਤ ਦਿਨ-ਬ-ਦਿਨ ਬਦ ਤੋਂ ਬਦਤਰ ਹੋਣ ਲਗੀ ਤਾਂ ਦੋਹਾਂ ਬਚੀਆਂ ਨੇ ਘਰ ਦੇ ਹਾਲਾਤ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੰਭਾਲ ਲਈ। ਰਾਣੀ, ਵਿਕਰਮ ਸ਼ਰਮਾ ਦੀ ਵੱਡੀ ਧੀ ਨੇ ਆਪਣੇ ਪਿਤਾ ਦੀ ਪੰਚਰ ਲਾਉਣ ਦੀ ਦੁਕਾਨ ਸੰਭਾਲਣ ਦਾ ਫੈਸਲਾ ਕਰ ਲਿਆ। ਰਾਣੀ ਨੇ ਦੱਸਿਆ ਕਿ ਜਦੋਂ ਉਸਨੇ ਦੁਕਾਨ ਖੋਲ੍ਹਣੀ ਸ਼ੁਰੂ ਕੀਤੀ ਤਾਂ ਸ਼ੁਰੂ-ਸ਼ੁਰੂ ਵਿੱਚ ਤਾਂ ਉਸਨੂੰ ਬਹੁਤ ਪ੍ਰੇਸ਼ਾਨੀ ਹੋਈ। ਲੋਕੀ ਉਸ ਪਾਸੋਂ ਪੰਚਰ ਲਗਵਾਉਣ ਲਈ ਆਉਣ ਤੋਂ ਕਤਰਾਂਦੇ ਰਹੇ। ਸ਼ਾਇਦ ਇਸਦਾ ਕਾਰਣ ਉਸਦਾ ਲੜਕੀ ਹੋਣਾ ਸੀ। ਸ਼ੁਰੂ-ਸ਼ੁਰੂ ਵਿੱਚ ਤਾਂ ਉਸਦੇ ਪੰਚਰ ਲਾਉਣ ਦੇ ਕੰਮ ਨੂੰ ਲੈ ਕੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਵੀ ਹੋਣ ਲਗ ਪਈਆਂ ਸਨ। ਪਰ ਉਹ ਆਪਣੇ ਫੈਸਲੇ ‘ਤੇ ਡਟੀ ਰਹੀ। ਆਖਿਰ ਲੋਕਾਂ ਦੀ ਸੋਚ ਬਦਲਣ ਲਗ ਪਈ ਅਤੇ ਆਹਿਸਤਾ-ਆਹਿਸਤਾ ਲੋਕਾਂ ਦਾ ਵਿਸ਼ਵਾਸ ਉਸ ‘ਤੇ ਵਧਣ ਲਗਾ। ਉਸ ਤੋਂ ਬਾਅਦ ਇੱਕ ਤੋਂ ਬਾਅਦ ਕਰਕੇ ਉਸਦੀ ਦੁਕਾਨ ਦੇ ਗਾਹਕ ਵਧਣ ਲਗ ਪਏ। ਫਲਸਰੂਪ ਪਰਿਵਾਰ ਦੀ ਗੱਡੀ ਵੀ ਚਲਣ ਲਗੀ। ਰਾਣੀ ਨੇ ਦਸਿਆ ਕਿ ਉਸਦੀ ਛੋਟੀ ਭੈਣ, ਰੇਣੂ ਵੀ ਉਸਦੇ ਨਾਲ ਕੰਮ ਵਿੱਚ ਮਦੱਦ ਕਰਨ ਲਗ ਪਈ। ਉਨ੍ਹਾਂ ਦੇ ਪਿਤਾ ਵਿਕਰਮ ਸ਼ਰਮਾ ਅਨੁਸਾਰ ਜਦੋਂ ਉਨ੍ਹਾਂ ਦੇ ਘਰ ਦੋ ਧੀਆਂ ਦਾ ਹੀ ਜਨਮ ਹੋਇਆ ਤਾਂ, ਰਿਸ਼ਤੇਦਾਰੀ ਵਿੱਚ ਕਈ ਤਰ੍ਹਾਂ ਦੇ ਤਾਅਨੇ ਮਾਰੇ ਜਾਣ ਲਗ ਪਏ। ਲੋਕੀ ਕਹਿੰਦੇ ਕਿ ਵੰਸ਼ ਅਗੇ ਕਿਵੇਂ ਚਲੇਗਾ? ਪ੍ਰੰਤੂ ਅੱਜ ਰਾਣੀ ਅਤੇ ਰੇਣੂ ਨੇ ਸਾਬਤ ਕਰ ਵਿਖਾਇਆ ਹੈ ਕਿ ਧੀਆਂ ਪੁੱਤਰਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ, ਸਗੋਂ ਉਨ੍ਹਾਂ ਨਾਲੋਂ ਦੋ ਕਦਮ ਅੱਗੇ ਹੀ ਹਨ।
ਸ਼ਬਾਨਾ ਆਜ਼ਮੀ ਦੀ ਟਿੱਪਣੀ ‘ਤੇ ਹੰਗਾਮਾ : ਅਦਾਕਾਰਾ ਸ਼ਬਾਨਾ ਆਜ਼ਮੀ ਨੇ ਲੰਘੇ ਦਿਨੀਂ ਬਿਨਾਂ ਕਿਸੇ ਰਾਜਸੀ ਪਾਰਟੀ ਜਾਂ ਰਾਜਸੀ ਵਿਚਾਰਧਾਰਾ ਦਾ ਨਾਂ ਲਏ ਕਿਹਾ ਕਿ ਲੋਕਾਂ ਨੂੰ ਆਪਣੇ ਦਿਲ ਦੀ ਗਲ ਕਹਿਣ ਤੋਂ ਡਰਨਾ ਨਹੀਂ ਚਾਹੀਦਾ। ਜੇ ਅਸੀਂ ਸਮਾਜਕ ਜਾਂ ਰਾਜਨੀਤਕ ਹਾਲਾਤ ਦੀਆਂ ਕਮੀਆਂ ‘ਤੇ ਧਿਆਨ ਨਹੀਂ ਦੇਵਾਂਗੇ ਤਾਂ ਉਹ ਕਿਵੇਂ ਸੁਧਰਨਗੀਆਂ। ਉਨ੍ਹਾਂ ਹੋਰ ਕਿਹਾ ਕਿ ਅੱਜ ਮਾਹੌਲ ਅਜਿਹਾ ਬਣਾ ਦਿੱਤਾ ਗਿਆ ਹੋਇਆ ਹੈ ਕਿ ਜੇ ਤੁਸੀਂ ਕਿਸੇ ਜਾਂ ਖਾਸ ਕਰਕੇ ਸਰਕਾਰ ਦੀ ਆਲੋਚਨਾ ਕਰਦੇ ਹੋ ਤਾਂ ਤੁਹਾਨੂੰ ਤੁਰੰਤ ਹੀ ਰਾਸ਼ਟਰ-ਵਿਰੋਧੀ ਕਰਾਰ ਦੇ ਦਿੱਤਾ ਜਾਂਦਾ ਹੈ। ਸਾਨੂੰ ਇਨ੍ਹਾਂ ਹਾਲਾਤ ਤੋਂ ਡਰਨਾ ਨਹੀਂ ਚਾਹੀਦਾ। ਕਿਸੇ ਨੂੰ ਉਨ੍ਹਾਂ ਦੇ ਪ੍ਰਮਾਣ-ਪੱਤਰ ਦੀ ਲੋੜ ਨਹੀਂ।
ਆਪਣੀ ਇਸ ਟਿੱਪਣੀ ਨੂੰ ਲੈ ਕੇ ਅਲੋਚਨਾ ਦਾ ਸ਼ਿਕਾਰ ਬਣਾਈ ਜਾ ਰਹੀ ਸ਼ਬਾਨਾ ਆਜ਼ਮੀ ਨੇ ਅਪਣੇ ਆਲੋਚਕਾਂ ਨੂੰ ਜਵਾਬ ਦਿੰਦਿਆਂ ਹੋਇਆਂ ਧਾਰਮਿਕ ਕਟੜਵਾਦੀਆਂ ‘ਤੇ ਨਿਸ਼ਾਨਾ ਦਾਗਿਆ। ਉਸਨੇ ਕਿਹਾ ਕਿ ਉਸਨੂੰ ਪਤਾ ਨਹੀਂ ਸੀ ਕਿ ਉਸਦੀ ਇੱਕ ਟਿੱਪਣੀ ਨੂੰ ਲੈ ਕੇ ਇੰਨਾ ਹੰਗਾਮਾ ਹੋਵੇਗਾ। ਉਸਨੇ ਕਿਹਾ ਕਿ ਉਸਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਹ ਦਖਣ-ਪੰਥੀਆਂ ਦੀਆਂ ਨਜ਼ਰਾਂ ਵਿੱਚ ਇੰਨੀ ਮਹਤੱਤਾ ਰਖਦੀ ਹੈ।
ਪਤਨੀਆਂ ਨੂੰ ਚਾਹੀਦੀ ਹੈ ਪਤੀਆਂ ਦੀ ਤਨਖਾਹ ਦੀ ਜਾਣਕਾਰੀ : ਖਬਰਾਂ ਅਨੁਸਾਰ ਝਾਰਖੰਡ ਵਿੱਚ ਸੂਚਨਾ ਦੇ ਅਧਿਕਾਰ (ਆਰਟੀਆਈ) ਅਧੀਨ ਪਤਨੀਆਂ ਆਪਣੇ ਪਤੀਆਂ ਦੀਆਂ ਪੇ-ਸਲਿਪਾਂ (ਤਨਖਾਹ ਦੀ ਪਰਚੀ) ਦੀ ਮੰਗ ਕਰ ਰਹੀਆਂ ਹਨ। ਪਤਾ ਲਗਾ ਹੈ ਕਿ ਇਸੇ ਅਧਿਕਾਰ ਅਧੀਨ ਹੀ ਉਹ ਦਰਖਾਸਤਾਂ ਦੇ ਕੇ ਪਤੀ ਦੀ ਸਰਵਿਸ-ਬੁਕ ਅਤੇ ਉਸਦੀ ਨੌਕਰੀ ਨਾਲ ਜੁੜੇ ਦਸਤਾਵੇਜ਼ਾਂ ਦੀ ਮੰਗ ਵੀ ਕਰ ਰਹੀਆਂ ਹਨ। ਦਸਿਆ ਜਾਂਦਾ ਹੈ ਕਿ ਇੰਨਾ ਹੀ ਨਹੀਂ, ਉਹ ਆਪਣੇ ਸੱਸ-ਸਹੁਰੇ ਦੀ ਜਾਇਦਾਦ ਅਤੇ ਆਮਦਨੀ ਦੇ ਵੇਰਵਿਆਂ ਨੂੰ ਜਾਣਨ ਲਈ ਵੀ ਆਰਟੀਆਈ ਦਾ ਸਹਾਰਾ ਲੈ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਜਨ ਸੂਚਨਾ ਅਧਿਕਾਰੀਆਂ ਨੇ ਅਜਿਹੇ ਕਈ ਮਾਮਲਿਆਂ ਵਿੱਚ ਮੁਲਾਜ਼ਮਾਂ ਦੀ ਨਿਜੀ ਜਾਣਕਾਰੀ ਜਾਂ ਉਨ੍ਹਾਂ ਦੀ ਸਰਵਿਸ-ਬੁਕ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦਰਜਨਾਂ ਅਜਿਹੇ ਮਾਮਲੇ ਰਾਜ ਸੂਚਨਾ ਕਮਿਸ਼ਨ ਪਾਸ ਆ ਗਏ। ਕਮਿਸ਼ਨ ਨੇ ਅਜਿਹੇ ਇੱਕ ਮਾਮਲੇ ਵਿੱਚ ਨਿੱਜੀ ਜਾਣਕਾਰੀ ਉਪਲਬੱਧ ਨਾ ਕਰਵਾਏ ਜਾਣ ਦੀ ਮੂਲ ਭਾਵਨਾ ਨੂੰ ਕਾਇਮ ਰੱਖਦਿਆਂ, ਪਤਨੀ ਦੇ ਮਾਮਲੇ ਵਿੱਚ ਛੋਟ ਦੇਣ ਲਈ ਕਹਿ ਦਿੱਤਾ। ਹਾਲਾਂਕਿ ਅਜਿਹੇ ਮਾਮਲਿਆਂ ਦੇ ਸੰਬੰਧ ਵਿੱਚ ਰਾਜ ਸਰਕਾਰ ਵਲੋਂ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਮੰਨਿਆ ਜਾਂਦਾ ਹੈ ਕਿ ਅਜਿਹੀ ਜਾਣਕਾਰੀ ਮੰਗੇ ਜਾਣ ਦੇ ਕਈ ਕਾਰਣ ਹੋ ਸਕਦੇ ਹਨ। ਇੱਕ ਤਾਂ ਇਹ ਕਿ ਔਰਤਾਂ ਜਾਂ ਰਿਸ਼ਤੇਦਾਰ ਵੱਖ-ਵੱਖ ਕਾਰਣਾਂ ਕਰ ਕੇ ਪਤੀ ਜਾਂ ਆਪਣੇ ਨਜ਼ਦੀਕੀ ਦੀ ਆਮਦਨੀ ਬਾਰੇ ਜਾਣਨਾ ਚਾਹੁੰਦੇ ਹਨ। ਦੂਸਰਾ, ਪਤੀ ਨਾਲ ਝਗੜਾ ਹੋਣ ਦੀ ਦਸ਼ਾ ਵਿੱਚ ਵੀ ਪਤਨੀ ਆਪਣੇ ਪਤੀ ਦੀ ਸਾਰੀ ਕਮਾਈ ਅਤੇ ਉਸਦੇ ਸਰੋਤਾਂ ਦੇ ਸੰਬੰਧ ਵਿੱਚ ਜਾਣੂ ਹੋਣਾ ਚਾਹੁੰਦੀ ਹੈ। ਤੀਜਾ, ਜਾਇਦਾਦ ਦੀ ਵੰਡ ਦੇ ਸਮੇਂ ਪਿਤਾ ਦਾ ਝੁਕਾਉ ਕਿਸੇ ਇੱਕ ਭਰਾ ਵਲ ਹੋਣ ਦੇ ਸ਼ਕ ਕਾਰਣ ਵੀ ਲੋਕੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਨ।
ਪਤੀ ਦੇ ਪੈਸੇ ਅਤੇ ਪਤੀ ਦੀ ਹੀ ਸੁਪਾਰੀ : ਖਬਰਾਂ ਅਨੁਸਾਰ ਦਿੱਲੀ ਦੇ ਭਲਸਵਾ ਡੇਰੀ ਇਲਾਕੇ ਦੀ ਇੱਕ ਔਰਤ ਨੇ ਪ੍ਰੇਮੀ ਨਾਲ ਮਿਲਕੇ ਆਪਣੇ ਪਤੀ ਦਾ ਕਤਲ ਕਰਵਾਉਣ ਦੀ ਸਾਜ਼ਿਸ਼ ਰਚੀ ਅਤੇ ਇਸ ਸਾਜ਼ਿਸ਼ ਨੂੰ ਸਿਰੇ ਚਾੜ੍ਹਨ ਲਈ ਉਸਨੇ ਡੇਢ ਲੱਖ ਰੁਪਏ ਵਿੱਚ ਭਾੜੇ ਦੇ ਕਾਤਲਾਂ ਨਾਲ ਪਤੀ ਦਾ ਕਤਲ ਕਰਵਾਉਣ ਦਾ ਸੌਦਾ ਕਰ ਲਿਆ। ਇਸ ਵਿਚੋਂ ੫੦ ਹਜ਼ਾਰ ਦੀ ਰਕਮ ਪੇਸ਼ਗੀ ਦੇਣ ਲਈ ਉਸਨੇ ਆਪਣੇ ਪਤੀ ਦੀ ਤਿਜੋਰੀ ਵਿਚੋਂ ਹੀ ਚੋਰੀ ਕਰ ਲਈ। ਪੁਲਿਸ ਨੇ ਦੋਸ਼ੀ ਔਰਤ ਅਤੇ ਉਸਦੇ ਪ੍ਰੇਮੀ ਨੂੰ ਗਿਰਫਤਾਰ ਕਰ ਲਿਆ। ਪੁਲਿਸ ਅਨੁਸਾਰ ਇਸ ਔਰਤ ਦਾ ਪਤੀ, ਜੋ ੪੨ ਸਾਲਾਂ ਦਾ ਸੀ, ਭਲਸਵਾ ਡੇਰੀ ਇਲਾਕੇ ਵਿੱਚ ਰਹਿੰਦਾ ਸੀ। ਉਸਦੇ ਪਰਿਵਾਰ ਵਿੱਚ ੩੮ ਵਰ੍ਹਿਆਂ ਦੀ ਪਤਨੀ ਅਤੇ ਤਿੰਨ ਬੱਚੇ ਹਨ। ਪਤੀ ਦੀ ਮੰਗਲ ਬਜ਼ਾਰ ਰੋਡ ‘ਤੇ ਫਰਨੀਚਰ ਦੀ ਦੁਕਾਨ ਹੈ, ਉਹ ਆਪਣੀ ਦੁਕਾਨ ਪੁਰ ਬੈਠਾ ਹੋਇਆ ਸੀ ਕਿ ਇਤਨੇ ਵਿੱਚ ਦੋ ਨੌਜਵਾਨਾਂ ਨੇ ਉਸ ਪੁਰ ਅੰਧਾਧੁੰਦ ਗੋਲੀਆਂ ਚਲਾਣੀਆਂ ਸ਼ੁਰੂ ਕਰ ਕੇ ਉਸਦੀ ਹਤਿਆ ਕਰ ਦਿੱਤੀ। ਜਾਂਚ ਦੌਰਾਨ ਪਤਾ ਚਲਿਆ ਕਿ ਕਾਤਲਾਂ ਨੇ ਦੁਕਾਨ ਤੋਂ ਕੁਝ ਵੀ ਨਹੀਂ ਸੀ ਚੁਰਾਇਆ। ਸੀਸੀਟੀਵੀ ਫੁਟੇਜ ਤੋਂ ਕਾਤਲ ਉਸਦੇ ਘਰ ਵਲ ਜਾਂਦੇ ਨਜ਼ਰ ਆਏ। ਇਸਤੇ ਪੁਲਿਸ ਨੇ ਸ਼ਕ ਦੇ ਅਧਾਰ ਤੇ ਉਸਦੀ ਪਤਨੀ ਤੋਂ ਸਖਤੀ ਨਾਲ ਪੁਛ-ਗਿਛ ਕੀਤੀ, ਜਿਸ ਵਿੱਚ ਸਾਰਾ ਸੱਚ ਸਾਹਮਣੇ ਆ ਗਿਆ।
ਅਤੇ ਅੰਤ ਵਿੱਚ : ਦਿੱਲੀ ਹਾਈਕੋਰਟ ਦੇ ਵਿਦਵਾਨ ਜੱਜਾਂ, ਜਸਟਿਸ ਡੀ ਐਨ ਪਟੇਲ ਅਤੇ ਜਸਟਿਸ ਸੀ ਹਰੀ. ਸ਼ੰਕਰ ‘ਤੇ ਅਧਾਰਤ ਬੈਂਚ ਨੇ ਕੇਂਦਰ ਸਰਕਾਰ ਪਾਸੋਂ ਇਹ ਪੁਛਿਆ ਹੈ ਕਿ ਉਹ ਅਦਾਲਤ ਨੂੰ ਇਹ ਦੱਸੇ ਕਿ ਕੀ ਵਿਆਹ ਹੋਣ ਤੋਂ ਬਾਅਦ ਔਰਤਾਂ ਅਤੇ ਮਰਦਾਂ ਵਿੱਚ ਕਿਸ ਚੀਜ਼ ਦੀ ਕਮੀ ਆ ਜਾਂਦੀ ਹੈ, ਜੋ ਉਨ੍ਹਾਂ (ਵਿਆਹਿਆਂ) ਨੂੰ ਸੈਨਾ ਦੇ ਜੱਜ ਐਡਵੋਕੇਟ ਜਨਰਲ (ਜੈਗ) ਅਰਥਾਤ ਕਾਨੂੰਨੀ ਸ਼ਾਖਾ ਵਿੱਚ ਨਿਯੁਕਤ ਨਹੀਂ ਕੀਤਾ ਜਾਂਦਾ। ਬੈਂਚ ਨੇ ਇਹ ਜਾਣਕਾਰੀ ਆਪਣੇ ਸਾਹਮਣੇ ਦਾਖਲ ਹੋਈ ਇੱਕ ਜਨਹਿਤ ਅਪੀਲ ‘ਤੇ ਸੁਣਵਾਈ ਕਰਦਿਆਂ ਮੰਗੀ।

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …