ਪੈਟਰਿਕ ਬ੍ਰਾਊਨ ਦਾ ਅਸਤੀਫ਼ਾ
ਚੋਣਾਂ ਤੋਂ 4 ਮਹੀਨੇ ਪਹਿਲਾਂ ਓਨਟਾਰੀਓ ਸਿਆਸਤ ‘ਚ ਆਇਆ ਨਵਾਂ ਤੂਫ਼ਾਨ
ਟੋਰਾਂਟੋ/ਬਿਊਰੋ ਨਿਊਜ਼
ਓਨਟਾਰੀਓ ਚੋਣਾਂ ਤੋਂ 4 ਮਹੀਨੇ ਪਹਿਲਾਂ ਉਥੋਂ ਦੀ ਸਿਆਸਤ ਵਿਚ ਇਕ ਵੱਡਾ ਧਮਾਕਾ ਉਸ ਵੇਲੇ ਹੋਇਆ ਜਦੋਂ ਬੜੀ ਤੇਜ਼ੀ ਨਾਲ ਸੱਤਾ ‘ਤੇ ਵੱਡੀ ਦਾਅਵੇਦਾਰੀ ਪੇਸ਼ ਕਰਨ ਵੱਲ ਵਧ ਰਹੀ ਪ੍ਰੌਗਰੈਸਿਵ ਕੰਸਰਵੇਟਿਵ ਪਾਰਟੀ ਦੇ ਆਗੂ ਪੈਟਰਿਕ ਬ੍ਰਾਊਨ ਨੇ ਪਾਰਟੀ ਦੇ ਪ੍ਰਮੁੱਖ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦੋ ਔਰਤਾਂ ਵੱਲੋਂ ਲਗਾਏ ਗਏ ਜਿਣਸੀ ਸੋਸ਼ਣ ਦੇ ਦੋਸ਼ਾਂ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਪਾਰਟੀ ਦਾ ਅਹੁਦਾ ਤਿਆਗ ਦਿੱਤਾ। ਜਦੋਂਕਿ ਅਸਤੀਫ਼ਾ ਦੇਣ ਤੋਂ ਕੁੱਝ ਸਮਾਂ ਪਹਿਲਾਂ ਤੱਕ ਉਨ੍ਹਾਂ ਦਾ ਇਹੋ ਕਹਿਣਾ ਸੀ ਕਿ ਉਨ੍ਹਾਂ ‘ਤੇ ਲਗਾਏ ਗਏ ਆਰੋਪਾਂ ਵਿਚ ਰਤਾ ਵੀ ਸਚਾਈ ਨਹੀਂ ਹੈ ਤੇ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ। ਇੰਝ ਹੀ ਪੈਟਰਿਕ ਬ੍ਰਾਊਨ ਦੇ ਵਕੀਲ ਨੇ ਵੀ ਕਿਹਾ ਸੀ ਕਿ ਉਹ ਇਨ੍ਹਾਂ ਆਰੋਪਾਂ ਤੋਂ ਇਨਕਾਰ ਕਰਦੇ ਹਨ ਕਿ ਇਹ ਪੂਰੀ ਤਰ੍ਹਾਂ ਉਨ੍ਹਾਂ ਦੀ ਦਿੱਖ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਹਨ।
ਜ਼ਿਕਰਯੋਗ ਹੈ ਕਿ ਅਸਤੀਫ਼ਾ ਦੇਣ ਵਾਲੇ ਪੈਟਰਿਕ ਬ੍ਰਾਊਨ ਦੀਆਂ ਅੱਖਾਂ ਵਿਚ ਅੱਥਰੂ ਸਨ ਤੇ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਮੈਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ ਤੇ ਮੇਰੇ ‘ਤੇ ਲੱਗੇ ਸਾਰੇ ਆਰੋਪ ਝੂਠੇ ਹਨ। ਉਨ੍ਹਾਂ ਆਖਿਆ ਕਿ ਮੈਂ ਪਾਰਟੀ ਦੇ ਆਗੂਆਂ, ਆਪਣੇ ਨਜ਼ਦੀਕੀ ਦੋਸਤਾਂ ਤੇ ਪਰਿਵਾਰ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਪਾਰਟੀ ਦੇ ਪ੍ਰਮੁੱਖ ਅਹੁਦੇ ਤੋਂ ਹਟਣ ਦਾ ਫੈਸਲਾ ਲਿਆ ਹੈ, ਪਰ ਮੈਂ ਐਮਪੀਪੀ ਦੇ ਅਹੁਦੇ ‘ਤੇ ਬਣਿਆ ਰਹਾਂਗਾ ਅਤੇ ਆਪਣੇ ‘ਤੇ ਲੱਗੇ ਸਾਰੇ ਆਰੋਪਾਂ ਨੂੰ ਝੂਠ ਸਾਬਤ ਕਰਨ ਤੋਂ ਬਾਅਦ ਫਿਰ ਤੋਂ ਮੁੱਖ ਧਾਰਾ ਵਿਚ ਵਾਪਸ ਪਰਤਾਂਗਾ।
ਇਸ ਸਬੰਧ ਵਿਚ ਪੀਸੀ ਪਾਰਟੀ ਦੇ ਆਗੂ ਸਿਲਵੀਆ ਜੌਹਨਸ ਅਤੇ ਸਟੀਵ ਕਲਾਰਕ ਨੇ ਆਖਿਆ ਕਿ ਕੌਕਸ ਮੈਂਬਰਾਂ ਨੇ ਸਰਬਸੰਮਤੀ ਨਾਲ ਤਹਿ ਕੀਤਾ ਕਿ ਪੈਟਰਿਕ ਬ੍ਰਾਊਨ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਪਾਰਟੀ ਨਹੀਂ ਚਾਹੁੰਦੀ ਕਿ ਬ੍ਰਾਊਨ ‘ਤੇ ਇਸ ਤਰ੍ਹਾਂ ਦੇ ਦੋਸ਼ ਲੱਗਣ ਤੋਂ ਬਾਅਦ ਉਹ ਪਾਰਟੀ ਪ੍ਰਮੁੱਖ ਦੇ ਅਹੁਦੇ ‘ਤੇ ਬਣੇ ਰਹਿਣ। ਉਹ ਕਾਨੂੰਨੀ ਤੌਰ ‘ਤੇ ਆਪਣੇ ਉਤੇ ਲੱਗੇ ਦੋਸ਼ਾਂ ਦਾ ਸਾਹਮਣਾ ਕਰਨਗੇ, ਜਿਸ ਵਿਚ ਪਾਰਟੀ ਉਨ੍ਹਾਂ ਦਾ ਪੂਰਾ ਸਾਥ ਦੇਵੇਗੀ।
ਔਰਤਾਂ ਦਾ ਦਾਅਵਾ : ਬ੍ਰਾਊਨ ਨੇ ਆਪਣੇ ਬੈਡਰੂਮ ‘ਚ ਹੀ ਦੋਵਾਂ ਘਟਨਾਵਾਂ ਨੂੰ ਦਿੱਤਾ ਅੰਜ਼ਾਮ
ਪੈਟਰਿਕ ਬ੍ਰਾਊਨ ‘ਤੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਨ ਦੇ ਦੋਸ਼ ਮੜ੍ਹਦਿਆਂ ਦੋ ਔਰਤਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਜਿਣਸੀ ਸੋਸ਼ਣ ਹੋਇਆ ਹੈ। ਇਨ੍ਹਾਂ ਦੋ ਔਰਤਾਂ ਵਿਚੋਂ ਇੱਕ ਔਰਤ ਨੇ ਆਖਿਆ ਕਿ ਅਜੇ ਉਹ ਹਾਈ ਸਕੂਲ ਵਿੱਚ ਹੀ ਸੀ ਤਾਂ ਉਸ ਸਮੇਂ ਬ੍ਰਾਊਨ, ਜੋ ਕਿ ਬੈਰੀ ਤੋਂ ਸਿਆਸਤਦਾਨ ਸਨ, ਨੇ ਉਸ ਉੱਤੇ ਮੌਖਿਕ ਸੈਕਸ ਕਰਨ ਲਈ ਦਬਾਅ ਪਾਇਆ ਸੀ। ਦੂਜੀ ਔਰਤ ਨੇ ਆਖਿਆ ਕਿ ਫਿਰ ਬ੍ਰਾਊਨ ਜਦੋਂ ਫੈਡਰਲ ਕੰਸਰਵੇਟਿਵ ਐਮਪੀ ਬਣੇ ਤਾਂ ਉਹ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਤੇ ਉਨ੍ਹਾਂ ਦੇ ਆਫਿਸ ਵਿੱਚ ਹੀ ਕੰਮ ਕਰਦੀ ਸੀ ਤੇ ਉਸ ਸਮੇਂ ਉਸ ਨੇ ਇੱਕ ਈਵੈਂਟ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ ਪਰ ਬ੍ਰਾਊਨ ਨੇ ਉਸ ਉੱਤੇ ਜਿਨਸੀ ਹਮਲਾ ਕੀਤਾ।
ਦੋਵੇਂ ਘਟਨਾਵਾਂ ਬ੍ਰਾਊਨ ਦੇ ਬੈਰੀ, ਓਨਟਾਰੀਓ ਸਥਿਤ ਘਰ ਵਿੱਚ ਵਾਪਰੀਆਂ ਦੱਸੀਆਂ ਜਾਂਦੀਆਂ ਹਨ। ਪਹਿਲੀ ਘਟਨਾ ਦਸ ਸਾਲ ਪਹਿਲਾਂ ਵਾਪਰੀ ਦੱਸੀ ਜਾਂਦੀ ਹੈ। ਦੋਸ਼ ਲਾਉਣ ਵਾਲੀ ਔਰਤ ਨੇ ਦੱਸਿਆ ਕਿ ਉਹ ਬੈਰੀ ਵਿੱਚ ਇੱਕ ਹਾਈ ਸਕੂਲ ਦੀ ਵਿਦਿਆਰਥਣ ਸੀ ਤੇ ਬ੍ਰਾਊਨ ਨਾਲ ਉਸ ਦੀ ਮੁਲਾਕਾਤ ਬਾਰ ਵਿੱਚ ਦੋਵਾਂ ਦੇ ਇੱਕ ਕਾਮਨ ਦੋਸਤ ਰਾਹੀਂ ਹੋਈ ਸੀ।ਫਿਰ ਬ੍ਰਾਊਨ ਉਸ ਨੂੰ ਆਪਣੇ ਘਰ ਲੈ ਗਿਆ ਤੇ ਉੱਥੇ ਉਸ ਨੂੰ ਸ਼ਰਾਬ ਪੇਸ਼ ਕੀਤੀ ਤੇ ਫਿਰ ਸਾਰੇ ਘਰ ਦਾ ਟੂਰ ਕਰਾਇਆ ਤੇ ਬੈੱਡਰੂਮ ਵਿੱਚ ਲਿਜਾ ਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਔਰਤ ਨੇ ਆਖਿਆ ਕਿ ਬ੍ਰਾਊਨ ਇੱਕਲਾ ਰਹਿਣ ਵਾਲਾ 29 ਸਾਲਾਂ ਦਾ ਵਿਅਕਤੀ ਹੈ ਜਿਹੜਾ ਬਿਮਾਰ ਹੈ। ਇਹੋ ਜਿਹੀ ਹੀ ਕਹਾਣੀ ਇੱਕ ਹੋਰ ਔਰਤ ਨੇ ਸੁਣਾਈ। ਉਸ ਨੇ ਦੱਸਿਆ ਕਿ ਉਹ ਨਵੰਬਰ 2012 ਵਿੱਚ ਕੰਸਰਵੇਟਿਵ ਐਮਪੀ ਨਾਲ ਏਅਰ ਕੈਨੇਡਾ ਦੀ ਫਲਾਈਟ ਵਿੱਚ ਉਦੋਂ ਮਿਲੀ ਜਦੋਂ ਉਹ 18 ਸਾਲਾਂ ਦੀ ਸੀ।
ਉਡਾਨ ਤੋਂ ਬਾਅਦ ਰਾਤੀਂ 11:21 ਵਜੇ ਬ੍ਰਾਊਨ ਨੇ ਇਸ ਔਰਤ ਨੂੰ ਮੈਸੇਜ ਕੀਤਾ ਕਿ “ਉਹ ਉਸ ਤੋਂ ਪ੍ਰਭਾਵਿਤ ਹੈ ਉਸ ਨੂੰ ਅਜੇ ਤੱਕ ਉਸ ਦਾ ਨਾਂ ਯਾਦ ਹੈ? ਬ੍ਰਾਊਨ ਨੇ ਉਸ ਔਰਤ ਨੂੰ ਆਪਣਾ ਫੋਨ ਨੰਬਰ ਦਿੱਤਾ ਤੇ ਬੈਰੀ ਦੀ ਉਸ ਬਾਰ ਦਾ ਪਤਾ ਵੀ ਦਿੱਤਾ ਜਿੱਥੇ ਉਸ ਨੇ ਉਸ ਰਾਤ ਜਾਣਾ ਸੀ। ਸਾਬਕਾ ਸਟਾਫਰ ਨੇ ਆਖਿਆ ਕਿ ਉਸ ਨੇ ਸੋਚਿਆ ਕਿ ਇੱਕ ਵੱਡੀ ਉਮਰ ਦਾ ਵਿਅਕਤੀ ਉਸ ਦੇ ਪਿੱਛੇ ਕਿਉਂ ਪਿਆ ਹੋਇਆ ਹੈ। ਪਰ ਕਈ ਮਹੀਨੇ ਪਹਿਲਾਂ ਜਦੋਂ ਉਹ ਸਮਰ ਜੌਬ ਦੀ ਭਾਲ ਵਿੱਚ ਸੀ ਤਾਂ ਉਹ ਬ੍ਰਾਊਨ ਕੋਲ ਗਈ ਤੇ ਉਸ ਤੋਂ ਕਿਸੇ ਨੌਕਰੀ ਬਾਰੇ ਪੁੱਛਿਆ। ਪਾਰਲੀਮੈਂਟ ਹਿੱਲ ਵਾਲੇ ਆਫਿਸ ਵਿੱਚ ਇੰਟਰਵਿਊ ਤੋਂ ਬਾਅਦ ਬ੍ਰਾਊਨ ਨੇ ਇਸ ਔਰਤ ਨੂੰ ਆਪਣੇ ਬੈਰੀ ਕੌਂਸਟੀਚੁਐਂਸੀ ਆਫਿਸ ਲਈ ਕੰਮ ਉੱਤੇ ਰੱਖ ਲਿਆ।
ਫਿਰ ਇੱਕ ਦਿਨ ਬਾਰ ਵਿੱਚ ਪਹਿਲਾਂ ਬ੍ਰਾਊਨ ਨੇ ਨਿੱਕੀ ਜਿਹੀ ਪਾਰਟੀ ਦਿੱਤੀ ਤੇ ਫਿਰ ਉਸ ਨੂੰ ਆਪਣੇ ਬੈਰੀ ਸਥਿਤ ਘਰ ਵਿੱਚ ਲੈ ਗਿਆ। ਫਿਰ ਉਸ ਨੇ ਉਸ ਨੂੰ ਤੇ ਆਪਣੇ ਇੱਕ ਦੋਸਤ ਨੂੰ ਆਪਣੀਆਂ ਆਈਪੈਡ ਉੱਤੇ ਸਟੋਰ ਕੀਤੀਆਂ ਤਸਵੀਰਾਂ ਦਿਖਾਉਣ ਲਈ ਆਪਣੇ ਬੈੱਡਰੂਮ ਸੱਦਿਆ। ਫਿਰ ਹੌਲੀ ਜਿਹੀ ਉਸ ਦਾ ਦੋਸਤ ਉੱਥੋਂ ਚਲਾ ਗਿਆ ਤੇ ਉਸ ਨੂੰੰ ਪਤਾ ਹੀ ਨਹੀਂ ਲੱਗਿਆ ਕਿ ਕਿਸ ਵੇਲੇ ਬ੍ਰਾਊਨ ਨੇ ਉਸ ਨੂੰ ਕਲਾਵੇ ਵਿੱਚ ਲੈ ਕੇ ਚੁੰਮਣਾ ਸੁਰੂ ਕਰ ਦਿੱਤਾ। ਫਿਰ ਉਹ ਉਸ ਉੱਤੇ ਹੋਰ ਹਾਵੀ ਹੋਣ ਲੱਗਿਆ ਪਰ ਉਸ ਔਰਤ ਨੇ ਦੱਸਿਆ ਕਿ ਉਹ ਸਮਝ ਚੁੱਕੀ ਸੀ ਕਿ ਉਸ ਉੱਤੇ ਜਿਨਸੀ ਹਮਲਾ ਹੋ ਰਿਹਾ ਹੈ ਪਰ ਉਹ ਕੁੱਝ ਨਹੀਂ ਬੋਲੀ ਤੇ ਸਾਹ ਰੋਕ ਕੇ ਪਈ ਰਹੀ। ਉਸ ਨੇ ਬ੍ਰਾਊਨ ਨੂੰ ਦੱਸਿਆ ਕਿ ਉਸ ਦਾ ਬੁਆਏਫਰੈਂਡ ਹੈ ਤੇ ਉਸ ਨੇ ਘਰ ਜਾਣਾ ਹੈ। ਫਿਰ ਬ੍ਰਾਊਨ ਉਸ ਨੂੰ ਉਸ ਦੇ ਮਾਪਿਆਂ ਦੇ ਘਰ ਛੱਡ ਕੇ ਆਇਆ।
ਸਲਾਹਕਾਰਾਂ ਨੇ ਪਹਿਲਾਂ ਹੀ ਦੇ ਦਿੱਤੇ ਅਸਤੀਫ਼ੇ : ਜਿਣਸੀ ਸੋਸ਼ਣ ਦੇ ਆਰੋਪ ਲੱਗਣ ਦਾ ਮਾਮਲਾ ਉਸ ਵਕਤ ਹੋਰ ਗੰਭੀਰ ਹੋ ਗਿਆ ਜਦੋਂ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਪੈਟਰਿਕ ਬ੍ਰਾਊਨ ਦੇ ਕੁਝ ਨਜ਼ਦੀਕੀ ਸਲਾਹਕਾਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ। ਕੰਪੇਨ ਮੈਨੇਜਰ ਐਂਡਰਿਊ ਬੋਡਿੰਗਟਨ, ਚੀਫ਼ ਆਫ਼ ਸਟਾਫ ਅਲੀ ਖਾਨ ਵੇਲਸੀ ਅਤੇ ਡਿਪਟੀ ਕੰਪੇਨ ਮੈਨੇਜਰ ਡੈਨ ਰੌਬਰਟਸਨ ਨੇ ਵੀ ਇਕ ਸਾਂਝਾ ਬਿਆਨ ਜਾਰੀ ਕਰਕੇ ਆਖਿਆ ਕਿ ਸਾਨੂੰ ਪੈਟਰਿਕ ਬ੍ਰਾਊਨ ‘ਤੇ ਲੱਗੇ ਜਿਣਸੀ ਸੋਸ਼ਣ ਦੇ ਆਰੋਪਾਂ ਦਾ ਸਵੇਰੇ ਹੀ ਪਤਾ ਲੱਗਿਅ ਸੀ ਤੇ ਅਸੀਂ ਪੈਟਰਿਕ ਬ੍ਰਾਊਨ ਨੂੰ ਵੀ ਸਲਾਹ ਦਿੱਤੀ ਸੀ ਪਰ ਉਨ੍ਹਾਂ ਉਸ ਵੇਲੇ ਸਾਡੀ ਸਲਾਹ ਨਹੀਂ ਮੰਨੀ। ਇਸ ਦੌਰਾਨ ਓਨਟਾਰੀਓ ਪੀਸੀ ਦੇ ਪ੍ਰੈਸ ਸਕੱਤਰ ਨਿਕ ਬਰਗਾਮਿਨੀ, ਸਟਾਫਰਕੇਨ, ਬੋਸਨਕੁਲ ਅਤੇ ਜੋਸ਼ੁਆ ਵਰਕਮੈਨ ਨੇ ਵੀ ਟਵੀਟ ਰਾਹੀਂ ਆਪਣਾ ਅਸਤੀਫ਼ਾ ਭੇਜ ਦਿੱਤਾ। ਇਸ ਸਭ ਤੋਂ ਬਾਅਦ ਬ੍ਰਾਊਨ ‘ਤੇ ਦਬਾਅ ਵਧਿਆ ਤੇ ਆਖਰ ਉਨ੍ਹਾਂ ਨੇ ਵੀ ਅਸਤੀਫ਼ਾ ਦੇ ਦਿੱਤਾ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …