Breaking News
Home / ਹਫ਼ਤਾਵਾਰੀ ਫੇਰੀ / ਐਚ ਐਸ ਫੂਲਕਾ ਨੇ ਵਿਰੋਧੀ ਧਿਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਐਚ ਐਸ ਫੂਲਕਾ ਨੇ ਵਿਰੋਧੀ ਧਿਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਮੇਰੇ ਲਈ 1984 ਦੇ ਪੀੜਤ ਪਰਿਵਾਰਾਂ ਦੇ ਕੇਸ ਜ਼ਰੂਰੀ ਹਨ ਅਹੁਦਾ ਨਹੀਂ : ਫੂਲਕਾ
ਚੰਡੀਗੜ੍ਹ/ਬਿਊਰੋ ਨਿਊਜ਼ : 1984 ਦੇ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਲੜਾਈ ਲੜਨ ਵਾਲੇ ਪ੍ਰਸਿੱਧ ਵਕੀਲ ਐਚ ਐਸ ਫੂਲਕਾ ਨੂੰ ਵਿਰੋਧੀ ਧਿਰ ਦੇ ਆਗੂ ਬਣਨ ‘ਤੇ ਬਾਰ ਕੌਂਸਲ ਨੇ ਇਨ੍ਹਾਂ ਮਾਮਲਿਆਂ ਦੀ ਪੈਰਵੀ ਕਰਨ ਤੋਂ ਰੋਕ ਦਿੱਤਾ ਤਾਂ ਫੂਲਕਾ ਨੇ ਵੀ ਦੇਰ ਨਹੀਂ ਲਗਾਈ ਅਸਤੀਫ਼ਾ ਦੇਣ ਲੱਗਿਆਂ। ਸਿੱਖ ਪੀੜਤ ਪਰਿਵਾਰਾਂ ਦੀ ਲੜਾਈ ਲੜਨ ਲਈ ਉਨ੍ਹਾਂ ਕੈਬਨਿਟ ਰੈਂਕ ਨੂੰ ਤਿਆਗ ਦਿੱਤਾ। ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਦਾਖਾ ਤੋਂ ਵਿਧਾਇਕ ਐਚ ਐਸ ਫੂਲਕਾ ਨੇ ਵਿਰੋਧੀ ਧਿਰ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮੰਗਲਵਾਰ ਨੂੰ ਸੌਂਪ ਦਿੱਤਾ। ਅਸਤੀਫ਼ੇ ਤੋਂ ਬਾਅਦ ਫੂਲਕਾ ਨੇ ਕਿਹਾ ਕਿ ਮੈਂ ਹੁਣ ਦਿੱਲੀ ਹਾਈ ਕੋਰਟ ਵਿਚ ’84 ਨਾਲ ਸਬੰਧਤ ਮਾਮਲਿਆਂ ਦੀ ਪੈਰਵੀ ਕਰਾਂਗਾ।
ਸੁਖਬੀਰ ਦੀ ਗੱਡੀ ‘ਚ ਚੜ੍ਹਨ ਦੀ ਫੂਲਕਾ ਨੂੰ ਮਿਲੀ ਸਜ਼ਾ?
ਫੂਲਕਾ ਦੇ ਅਸਤੀਫ਼ੇ ਦੇ ਨਾਲ ਹੀ ਇਹ ਚਰਚਾ ਜ਼ੋਰ ਫੜ ਗਈ ਕਿ ਅਸਤੀਫ਼ਾ ਦਿੱਤਾ ਨਹੀਂ ਲਿਆ ਗਿਆ ਹੈ। ਵਿਧਾਨ ਸਭਾ ਸੈਸ਼ਨ ਦੌਰਾਨ ਦਸਤਾਰ ਮੁੱਦੇ ‘ਤੇ ਜਦੋਂ ਫੂਲਕਾ ਹਸਪਤਾਲ ਜਾਣ ਲਈ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੀ ਗੱਡੀ ‘ਚ ਸਵਾਰ ਹੋ ਗਏ ਉਸ ਦਾ ਖਮਿਆਜ਼ਾ ਉਨ੍ਹਾਂ ਨੂੰ ਅਸਤੀਫ਼ਾ ਦੇ ਕੇ ਭੁਗਤਣਾ ਪਿਆ।
ਵਿਰੋਧੀ ਧਿਰ ਦਾ ਅਹੁਦਾ ਸਾਂਭਣ ਲਈ ਖਹਿਰਾ, ਸੰਧੂ, ਅਰੋੜਾ ਤੇ ਬੀਬੀ ਬਲਜਿੰਦਰ ਵਿਚ ਲੱਗੀ ਦੌੜ
ਐਚ ਐਸ ਫੂਲਕਾ ਦੀ ਥਾਂ ਲੈਣ ਲਈ ‘ਆਪ’ ਲੀਡਰਾਂ ਨੇ ਦਿੱਲੀ ਦਾ ਰੁਖ ਕਰ ਲਿਆ ਹੈ। ਸੁਖਪਾਲ ਖਹਿਰਾ, ਕੰਵਰ ਸੰਧੂ, ਬੀਬੀ ਬਲਜਿੰਦਰ ਕੌਰ ਤੇ ਅਮਨ ਅਰੋੜਾ ਦਾ ਨਾਮ ਚਰਚਾ ‘ਚ ਹੈ। ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਚੋਣਵੇਂ ਵਿਧਾਇਕ ਅਹੁਦਾ ਸਾਂਭਣ ਲਈ ਹਾਈ ਕਮਾਂਡ ਦਾ ਅਸ਼ੀਰਵਾਦ ਲੋਚ ਰਹੇ ਹਨ, ਉਥੇ ਆਪਣੇ ਸਾਥੀ ਵਿਧਾਇਕਾਂ ਤੋਂ ਵੀ ਸਮਰਥਨ ਜੁਟਾ ਰਹੇ ਹਨ ਕਿਉਂਕਿ ਇਸ ਵਾਰ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀ ਬੜੇ ਠਰੰਮੇ ਨਾਲ ਫੈਸਲਾ ਲੈਣਾ ਚਾਹੁੰਦੇ ਹਨ ਕਿ ਕੋਈ ਬਖੇੜਾ ਨਾ ਖੜ੍ਹਾ ਹੋ ਜਾਵੇ ਤੇ ਉਨ੍ਹਾਂ ਤਹਿ ਕੀਤਾ ਹੈ ਕਿ ਉਹ ਪੰਜਾਬ ਦੇ ਸਾਰੇ ਵਿਧਾਇਕਾਂ ਦੀ ਪਹਿਲਾਂ ਗੱਲ ਸੁਣਨਗੇ, ਫਿਰ ਵਿਰੋਧੀ ਧਿਰ ਦਾ ਨੇਤਾ ਚੁਣਨਗੇ। ਇਸੇ ਦੌਰਾਨ ਸੁਖਪਾਲ ਖਹਿਰਾ ‘ਤੇ ਮੀਡੀਆ ਸਾਹਮਣੇ ਧੋਖਾਧੜੀ ਦੇ ਦੋਸ਼ ਲਾਉਣ ਦੇ ਮਾਮਲੇ ਨੂੰ ਖਾਰਜ ਕਰਦਿਆਂ ਖਹਿਰਾ ਨੇ ਆਖਿਆ ਕਿ ਮੈਨੂੰ ਵਿਰੋਧੀ ਧਿਰ ਦਾ ਲੀਡਰ ਬਨਣ ਤੋਂ ਰੋਕਣ ਦੀ ਇਹ ਸਾਜ਼ਿਸ਼ ਹੈ। ਜਦੋਂਕਿ ਹਾਈ ਕਮਾਂਡ ਦੀ ਨਜ਼ਰ ‘ਚ ਸਿਮਰਜੀਤ ਸਿੰਘ ਬੈਂਸ ਵੀ ਹੈ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …