Breaking News
Home / Uncategorized / ਭ੍ਰਿਸ਼ਟ ਸਿਸਟਮ ਨੇ ਤੋਮਰ ਨੂੰ ਡਾਕੂ ਬਣਨ ਲਈ ਕੀਤਾ ਸੀ ਮਜਬੂਰ

ਭ੍ਰਿਸ਼ਟ ਸਿਸਟਮ ਨੇ ਤੋਮਰ ਨੂੰ ਡਾਕੂ ਬਣਨ ਲਈ ਕੀਤਾ ਸੀ ਮਜਬੂਰ

ਕੌਮਾਂਤਰੀ ਦੌੜਾਕ ਤੇ ਸੂਬੇਦਾਰ ਤੋਂ ਡਾਕੂ ਬਣਨ ਵਾਲੇ ਤੋਮਰ ਬਾਰੇ ਖੁਲਾਸੇ, ਫੌਜ ‘ਚ ਲੰਬਾ ਸਮਾਂ ਸਾਥੀ ਰਹੇ ਬਜ਼ੁਰਗ ਨੇ ਖੋਲ੍ਹੀਆਂ ਕਈ ਪਰਤਾਂ
ਬਠਿੰਡਾ : ਭ੍ਰਿਸ਼ਟ ਅਫਸਰਸ਼ਾਹੀ ਤੇ ਸਿਆਸਤਦਾਨਾਂ ਦੇ ਗਠਜੋੜ ਤੇ ਦੇਸ਼ ਦੇ ਸਿਸਟਮ ਤੋਂ ਤੰਗ ਆ ਕੇ ਹਥਿਆਰ ਚੁੱਕਣ ਵਾਲੇ ਭਾਰਤੀ ਫੌਜ ਦੇ ਤੇਜ਼ ਰਫਤਾਰ ਦੌੜਾਕ ਸੂਬੇਦਾਰ ਪਾਨ ਸਿੰਘ ਤੋਮਰ ‘ਤੇ ਬਣੀ ਫਿਲਮ ਪਾਨ ਸਿੰਘ ਤੋਮਰ ਵਿਚ ਭਾਵੇਂ ਉਸਦੇ ਜੀਵਨ ਬਾਰੇ ਕਾਫੀ ਕੁਝ ਵਿਖਾਇਆ ਗਿਆ ਹੈ, ਪਰ ਤੋਮਰ ਦੇ ਜੀਵਨ ਨਾਲ ਸਬੰਧਤ ਕੁਝ ਅਜਿਹੀਆਂ ਘਟਨਾਵਾਂ ਵੀ ਹਨ, ਜਿਨ੍ਹਾਂ ਨੂੰ ਅੱਜ ਤੱਕ ਛੋਹਿਆ ਨਹੀਂ ਗਿਆ। ਫੌਜ ਵਿਚ ਭਰਤੀ ਹੋ ਕੇ ਸੂਬੇਦਾਰ ਬਣਨ ਦੌਰਾਨ ਦੌੜਾਂ ਵਿਚ ਨਵਾਂ ਰਿਕਾਰਡ ਕਾਇਮ ਕਰਕੇ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਖੱਟਣ ਮਗਰੋਂ ਡਾਕੂ ਬਣਨ ਦਾ ਸਫਰ ਤੈਅ ਕਰਨ ਵਾਲੇ ਪਾਨ ਸਿੰਘ ਤੋਮਰ ਦਾ ਬਜ਼ੁਰਗ ਸਾਥੀ ਤੇ ਗੂੜ੍ਹਾ ਦੋਸਤ ਅਜੇ ਵੀ ਉਸ ਨਾਲ ਬਿਤਾਏ ਪਲਾਂ ਨੂੰ ਆਪਣੇ ਜ਼ਿਹਨ ਵਿਚ ਸਮੋਈ ਬੈਠਾ ਹੈ। ਬਠਿੰਡਾ ਵਾਸੀ ਗੁਲਜ਼ਾਰ ਸਿੰਘ ਫੌਜ ਦੇ ਦਿਨਾਂ ਵਿਚ ਗੂੜ੍ਹੇ ਮਿੱਤਰ ਤੇ ਸਾਥੀ ਤੋਮਰ ਨਾਲ ਗੁਜ਼ਾਰੇ ਦਿਨਾਂ ਨੂੰ ਅੱਜ ਵੀ ਯਾਦ ਕਰਦਾ ਹੈ। ਡਾਕੂ ਪਾਨ ਸਿੰਘ ਤੋਮਰ ਦੀ ਸ਼ਰਾਫਤ, ਦਿਆਲਤਾ ਤੇ ਮਿਹਨਤੀ ਸੁਭਾਅ ਦੇ ਦਰਜਨਾਂ ਕਿੱਸੇ ਅੱਜ ਉਸਦੇ ਚੇਤਿਆਂ ਵਿਚ ਵਸੇ ਹੋਏ ਹਨ।  95 ਸਾਲ ਪੂਰੇ ਕਰਨ ਵਾਲੇ ਗੁਲਜ਼ਾਰ ਸਿੰਘ ਮੁਤਾਬਕ ਸੂਬੇਦਾਰ ਪਾਨ ਸਿੰਘ ਤੋਮਰ ਨੂੰ ਮਾੜੇ ਸਰਕਾਰੀ ਪ੍ਰਬੰਧਾਂ ਨੇ ਤੇਜ਼ ਦੌੜਾਕ ਤੋਂ ਹਥਿਆਰ ਚੁੱਕ ਕੇ ਡਾਕੂ ਬਣਨ ਲਈ ਮਜ਼ਬੂਰ ਕੀਤਾ। ਇਕਹਿਰੇ ਸਰੀਰ ਦਾ ਦਰਸ਼ਨੀ ਜਵਾਨ ਪਾਨ ਸਿੰਘ ਤੋਮਰ ਉਸ ਤੋਂ ਦੋ ਮਹੀਨੇ ਬਾਅਦ ਉਸਦੀ ਰੈਜੀਮੈਂਟ ਬੰਗਾਲ ਇੰਜੀਨੀਅਰਿੰਗ ਵਿਚ ਸਾਲ 1950 ਦੇ ਸ਼ੁਰੂ ਵਿਚ ਭਰਤੀ ਹੋਇਆ ਸੀ ਤੇ ਉਹਨਾਂ ਦੀ ਪਹਿਲੀ ਮਿਲਣੀ ਰੁੜਕੀ ਦੀ ਫੌਜੀ ਗਰਾਊਂਡ ਵਿਚ ਹੋਈ ਸੀ। ਇਕ ਫੌਜੀ ਅਫਸਰ ਨੇ ਦੱਸਿਆ ਕਿ ਗੁਲਜ਼ਾਰ ਸਿੰਘ ਤੇਰੇ ਵਾਂਗ ਤੇਜ਼ ਦੌੜਨ ਵਾਲਾ ਇਕ ਹੋਰ ਜਵਾਨ ਆ ਗਿਆ ਹੈ ਤੇ ਹੁਣ ਤੂੰ ਇਕੱਲਾ ਨਹੀਂ, ਸਗੋਂ ਤੁਸੀਂ ਗਿਆਰਾਂ ਹੋ ਗਏ ਹੋ। ਦੋਵਾਂ ਦੀ ਨੇੜਤਾ ਐਨੀ ਵਧ ਗਈ ਕਿ ਜਦੋਂ ਕੋਚ ਕਹਿੰਦਾ ਕਿ ਦੋ ਜਵਾਨ ਬਹੁਤ ਤੇਜ਼ ਦੌੜਦੇ ਹਨ ਤਾਂ ਪਾਨ ਸਿੰਘ ਦਾ ਕਹਿਣਾ ਹੁੰਦਾ ਸੀ ਕਿ ਨਹੀਂ, ਸਾਬ, ਅਸੀਂ ਦੋ ਨਹੀਂ ਗਿਆਰਾਂ ਹਾਂ।
ਇਕੱਠਿਆਂ ਲੈਂਦੇ ਸਨ ਮੁਕਾਬਲੇ ‘ਚ ਹਿੱਸਾ
ਗੁਲਜ਼ਾਰ ਸਿੰਘ ਆਪਣੀ ਐਲਬਮ ਦਿਖਾਉਂਦਾ ਦੱਸਦਾ ਹੈ ਕਿ ਜਦੋਂ ਵੀ ਕਿਤੇ ਦੌੜਾਂ ਹੋਈਆਂ ਤਾਂ ਕਦੇ ਪਾਨ ਸਿੰਘ ਤੇ ਕਦੇ ਉਹ ਪਹਿਲੇ ਨੰਬਰ ‘ਤੇ ਆਉਂਦਾ ਰਿਹਾ। ਸਾਲ 1951 ਵਿਚ ਪੰਜ ਹਜ਼ਾਰ ਮੀਟਰ ਦੀ ਦੌੜ ਵਿਚ ਪਾਨ ਸਿੰਘ ਪਹਿਲੇ ਨੰਬਰ ‘ਤੇ ਰਿਹਾ, ਜਦਕਿ ਉਹ ਦੂਜੇ ਨੰਬਰ ‘ਤੇ ਆਇਆ, ਜਿਸ ਕਾਰਨ ਉਸ ਸਮੇਂ ਦੀ ਕਰਨਲ ਮੈਡਮ ਦੂਬੇ ਨੇ ਦੋਵਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਸੀ। ਉਹ ਦੱਸਦਾ ਹੈ ਕਿ ਸਾਲ 1974 ਤੋਂ 1976 ਦੇ ਸਮੇਂ ਵਿਚ ਸਰਕਾਰੀ ਹਾਈ ਸਕੂਲਾਂ ਵਿਚ ਲੱਗੀ ਸਰੀਰਕ ਸਿੱਖਿਆ ਦੀ ਕਿਤਾਬ ਵਿਚ ਪੰਜ ਹਜ਼ਾਰ ਮੀਟਰ ਦੌੜ ਵਿਚ ਉਸ ਦੇ ਪਹਿਲੇ ਸਥਾਨ ‘ਤੇ ਅਤੇ ਪਾਨ ਸਿੰਘ ਤੋਮਰ ਦੇ ਦੂਜੇ ਸਥਾਨ ‘ਤੇ ਰਹਿਣ ਬਾਰੇ ਦਰਜ ਹੈ। ਪਾਨ ਸਿੰਘ ਪੜ੍ਹਿਆ ਹੋਣ ਕਾਰਨ ਤਰੱਕੀ ਪਾ ਕੇ ਸੂਬੇਦਾਰ ਬਣ ਗਿਆ, ਜਦੋਂ ਕਿ ਅਨਪੜ੍ਹ ਹੋਣ ਕਾਰਨ ਉਸ ਨੂੰ ਤਰੱਕੀ ਨਹੀਂ ਮਿਲ ਸਕੀ। ਉਹ ਦੱਸਦਾ ਹੈ ਕਿ ਤੋਮਰ ਨਾਲ ਉਸਦੀ ਆਖਰੀ ਮਿਲਣੀ 1965 ਵਿਚ ਹੋਈ, ਜਦੋਂ ਉਹ ਪੰਦਰਾਂ ਸਾਲ ਦੀ ਨੌਕਰੀ ਕਰਕੇ ਪੈਨਸ਼ਨ ਆ ਰਿਹਾ ਸੀ। ਉਸ ਸਮੇਂ ਤੋਮਰ ਨੂੰ ਮੇਰੇ ਫੌਜ ਛੱਡਣ ਦਾ ਬਹੁਤ ਦੁੱਖ ਹੋਇਆ ਸੀ। ਕਾਫੀ ਸਮਾਂ ਬਾਅਦ ਉਸ ਨੂੰ ਪਤਾ ਲੱਗਾ ਸੀ ਕਿ ਪਾਨ ਸਿੰਘ ਤੋਮਰ ਆਪਣੇ ਨਾਲ ਸਰਕਾਰ ਤੇ ਪੁਲਿਸ ਦੀ ਸ਼ਹਿ ‘ਤੇ ਕੀਤੀਆਂ ਧੱਕੇਸ਼ਾਹੀਆਂ ਤੋਂ ਤੰਗ ਆ ਕੇ ਡਾਕੂ ਬਣ ਗਿਆ ਹੈ ਤੇ ਉਸ ਨੇ ਇਨਸਾਫ ਲੈਣ ਲਈ ਹਥਿਆਰਬੰਦ ਲੜਾਈ ਸ਼ੁਰੂ ਕਰ ਦਿੱਤੀ ਹੈ। ਇਹ ਸੁਣ ਕੇ ਤਾਂ ਉਸ ਨੂੰ ਬਹੁਤ ਦੁੱਖ ਹੋਇਆ, ਉਸ ਨੇ ਤੋਮਰ ਨੂੰ ਮਿਲਣ ਲਈ ਕੋਸ਼ਿਸ਼ ਵੀ ਕੀਤੀ, ਪਰ ਮੁਲਾਕਾਤ ਨਹੀਂ ਹੋ ਸਕੀ।
ਤੋਮਰ ਦੀ ਜ਼ਿੰਦਗੀ ਦੇ ਨੇੜੇ ਹੈ ਫਿਲਮ
ਗੁਲਜ਼ਾਰ ਸਿੰਘ ਕਹਿੰਦਾ ਹੈ ਕਿ ਉਸ ਨੇ ਪਾਨ ਸਿੰਘ ਤੋਮਰ ਦੀ ਜ਼ਿੰਦਗੀ ‘ਤੇ ਬਣੀ ਫਿਲਮ ਨੂੰ ਕਈ ਵਾਰ ਦੇਖਿਆ ਹੈ ਜੋ ਕਿ ਉਸਦੀ ਜ਼ਿੰਦਗੀ ਦੇ ਕਾਫੀ ਨੇੜੇ ਤੇੜੇ ਢੁੱਕਦੀ ਹੈ। ਉਹ ਦੱਸਦਾ ਹੈ ਕਿ ਫਿਲਮ ਮੁਤਾਬਕ ਪਾਨ ਸਿੰਘ ਜ਼ਿਆਦਾ ਖੁਰਾਦ ਦੇ ਲਾਲਚ ਵਿਚ ਦੌੜਾਂ ਵਾਲੇ ਪਾਸੇ ਆਇਆ ਸੀ ਪਰ ਅਜਿਹਾ ਨਹੀਂ ਹੈ।
ਬਚਪਨ ਤੋਂ ਹੀ ਉਸ ਨੂੰ ਦੌੜਨ ਦਾ ਸ਼ੌਕ ਸੀ ਤੇ ਤੇਜ਼ ਦੌੜਨ ਦੇ ਬਲਬੂਤੇ ਉਹਨਾਂ ਦੋਵਾਂ ਨੂੰ ਫੌਜ ਵਿਚ ਭਰਤੀ ਕੀਤਾ ਗਿਆ ਸੀ। ਉਸ ਦਾ ਕਹਿਣਾ ਸੀ ਕਿ ਫਿਲਮ ਬਣਾਉਣ ਤੋਂ ਪਹਿਲਾਂ ਨਿਰਦੇਸ਼ਕ ਨੂੰ ਉਸ ਦੇ ਸਾਥੀਆਂ ਤੋਂ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਸੀ, ਜਿਸ ਨਾਲ ਫਿਲਮ ਵਿਚ ਪਾਨ ਸਿੰਘ ਸਬੰਧੀ ਹੋਰ ਵੀ ਜਾਣਕਾਰੀ ਪਾਈ ਜਾ ਸਕਦੀ ਸੀ।
ਸੱਤ ਵਾਰ ਰਿਹਾ ਸੀ ਕੌਮੀ ਚੈਂਪੀਅਨ
ਗੁਲਜ਼ਾਰ ਸਿੰਘ ਦੱਸਦਾ ਹੈ ਕਿ ਪਾਨ ਸਿੰਘ ਮੱਧ ਪ੍ਰਦੇਸ਼ ਦੇ ਜ਼ਿਲ੍ਹੇ ਮੋਰੀਨਾ ਦੇ ਭੀਡਸਾ ਦਾ ਰਹਿਣ ਵਾਲਾ ਸੀ। ਉਹ ਦੌੜਾਂ ਵਿਚ 1950 ਤੋਂ 1960 ਦੇ ਸਮੇਂ ਦਰਮਿਆਨ ਸਤ ਵਾਰ ਨੈਸ਼ਨਲ ਚੈਂਪੀਅਨ ਰਿਹਾ ਅਤੇ ਸਾਲ 1958 ਵਿਚ ਉਸ ਨੇ ਟੋਕੀਓ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਹ ਦੱਸਦਾ ਹੈ ਕਿ ਤੋਮਰ ਨੇ 3000 ਮੀਟਰ ਦੌੜ ਨੌਂ ਮਿੰਟ ਚਾਰ ਸੈਕੰਡ ਵਿਚ ਪੂਰੀ ਕਰਕੇ ਨੈਸ਼ਨਲ ਰਿਕਾਰਡ ਬਣਾਇਆ ਸੀ, ਜੋ ਦਸ ਸਾਲ ਤੱਕ ਕਿਸੇ ਤੋਂ ਨਹੀਂ ਸੀ ਟੁੱਟਿਆ।
ਜੰਗ ਵਿਚ ਜਾਣ ਦੀ ਜ਼ਿੱਦ ਕੀਤੀ ਸੀ ਤੋਮਰ ਨੇ
1962 ਤੇ 1965 ਦੀ ਜੰਗ ਵਿਚ ਦੁਸ਼ਮਣਾਂ ਵਿਰੁੱਧ ਲੜਨ ਵਾਲੇ ਬਜ਼ੁਰਗ ਫੌਜੀ ਗੁਲਜ਼ਾਰ ਸਿੰਘ ਦੱਸਦਾ ਹੈ ਕਿ ਖੇਡਾਂ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਸਦਕਾ ਪਾਨ ਸਿੰਘ ਤੋਮਰ ਨੂੰ ਫੌਜੀ ਅਧਿਕਾਰੀਆਂ ਨੇ ਜੰਗ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਸੀ। ਜਿਸ ਕਾਰਨ ਉਹ ਉਸ ਸਮੇਂ ਦੁਖੀ ਤਾਂ ਹੋਇਆ ਹੀ ਤੇ ਉਸ ਨੇ ਜੰਗ ਵਿਚ ਜਾਣ ਦੀ ਜ਼ਿੱਦ ਵੀ ਕੀਤੀ। ਪਾਨ ਸਿੰਘ ਤੋਮਰ ਦਾ ਪੁੱਤਰ ਸੁਰਮ ਸਿੰਘ ਤੋਮਰ ਵੀ ਭਾਰਤੀ ਫੌਜ ਵਿਚ ਸੂਬੇਦਾਰ ਰਿਹਾ ਹੈ। ਉਹ ਉਤਰ ਪ੍ਰਦੇਸ਼ ਦੇ ਬਬੀਨਾ ਸ਼ਹਿਰ ਵਿਚ ਰਹਿੰਦਾ ਹੈ।
ਪਾਨ ਸਿੰਘ ਤੋਮਰ ਸਿੱਖ ਕੌਮ ਨੂੰ ਮੰਨਦਾ ਸੀ ਬਹਾਦਰ
ਪਾਨ ਸਿੰਘ ਤੋਮਰ ਦੀ ਸਿੱਖ ਧਰਮ ਵਿਚ ਸ਼ਰਧਾ ਸੀ। ਇਹੀ ਕਾਰਨ ਸੀ ਕਿ ਮੰਦਰ ਜਾਣ ਤੋਂ ਪਹਿਲਾਂ ਪਾਨ ਸਿੰਘ ਤੋਮਰ ਤੇ ਗੁਲਜ਼ਾਰ ਸਿੰਘ ਰੁੜਕੀ ਵਿਖੇ ਗੁਰਦੁਆਰੇ ਵਿਚ ਮੱਥਾ ਟੇਕਣ ਜਾਂਦੇ ਸਨ। ਉਹ ਸਿੱਖਾਂ ਨੂੰ ਬਹੁਤ ਬਹਾਦਰ ਕੌਮ ਮੰਨਦਾ ਸੀ। ਤੋਮਰ ਨਾਲ ਬਿਤਾਏ ਪਲਾਂ ਬਾਰੇ ਗੁਲਜ਼ਾਰ ਸਿੰਘ ਦੱਸਦਾ ਹੈ ਕਿ ਜਦ ਰੁੜਕੀ ਦੇ ਸਟੇਡੀਅਮ ਵਿਚ ਖੇਡਾਂ ਹੋ ਰਹੀਆਂ ਸਨ ਤਾਂ ਉਸ ਦਿਨ ਸਵੇਰੇ ਉਹ ਗੁਰਦੁਆਰਾ ਸਾਹਿਬ ਤੇ ਮੰਦਰ ਵਿਚ ਅਰਦਾਸਾਂ ਕਰਕੇ ਆਏ ਸਨ ਪਰ ਤੋਮਰ ਨੇ ਉਸ ਨੂੰ ਬਾਅਦ ਵਿਚ ਦੱਸਿਆ ਕਿ ਦੋਵਾਂ ਦੇ ਮਿਲਣ ਦੀ ਅਰਦਾਸ ਕੀਤੀ ਸੀ। ਗੁਲਜ਼ਾਰ ਦੱਸਦਾ ਹੈ ਕਿ ਉਹ ਇਕੋ ਕੋਚ ਦੀ ਅਗਵਾਈ ਵਿਚ ਹੀ ਖੇਡਾਂ ਵਿਚ ਹਿੱਸਾ ਲੈਂਦੇ। ਇਹ ਕੋਚ ਪੰਜਾਬ ਦੇ ਸਿੱਧਵਾਂ ਬੇਟ ਦੇ ਸਨ।

Check Also

ਕਰੋਨਾ ਵਾਇਰਸ ਨੇ ਵਿਸ਼ਵ ਲਈ ਪੈਦਾ ਕੀਤੀਆਂ ਬਹੁਮੁਖੀ ਚੁਣੌਤੀਆਂ

ਕਰੋਨਾ ਵਾਇਰਸ ਕਾਰਨ ਲਾਕਡਾਊਨ ਦੀ ਸਥਿਤੀ ਨੇ ਪੂਰੇ ਵਿਸ਼ਵ ਵਿਚ ਵੱਡੀ ਵਿੱਤੀ ਐਮਰਜੈਂਸੀ ਵਰਗੀ ਸਥਿਤੀ …