
“ਆਪ” ਦੇ ਰਣਨੀਤੀਕਾਰ ਹੁਣ ਭਾਜਪਾ ਨੂੰ ਜਿਤਾਉਣ ਦੀ ਤਿਆਰੀ ‘ਚ
ਰਾਘਵ ਚੱਢਾ ਸਣੇ ਸੱਤ ਭਗੌੜੇ ਸਾਥੀਆਂ ਚੋਂ ਸਿਰਫ਼ ਇੱਕ ਨੂੰ ਮਿਲੀ ਥਾਂ
ਅਮਰਜੀਤ ਸਿੰਘ
ਨਵੀਂ ਦਿੱਲੀ/ਚੰਡੀਗੜ੍ਹ
ਇਹ ਗੱਲ ਉਹਨਾਂ ਰਾਜਸਭਾ ਦੇ ਸੱਤ ਦਲ ਬਦਲੂ ਮੈਂਬਰਾਂ ਨੂੰ ਥੋੜਾ ਜਿਹਾ ਸੁਕੂਨ ਦੇਣ ਵਾਲੀ ਹੋਵੇਗੀ ਕਿ ਅੱਜ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਜੋ ਨਵੀਂ ਕੇਂਦਰੀ ਟੀਮ ਖੜੀ ਕੀਤੀ ਹੈ ਉਸ ਵਿੱਚ ਸੰਦੀਪ ਪਾਠਕ ਦਾ ਨਾਂਅ ਵੀ ਸ਼ਾਮਿਲ ਹੈ। ਬਾਕੀਆਂ ਦੀ ਵਾਰੀ ਕਦੋਂ ਆਵੇਗੀ ਇਸਦਾ ਜਵਾਬ ਹਾਲੇ ਸਮੇਂ ਦੀ ਕੁੱਖ ਵਿੱਚ ਹੈ ਪ੍ਰੰਤੂ ਸੰਦੀਪ ਪਾਠਕ ਦੀ ਅਹਮਿਯਤ ਨੂੰ ਪਛਾਣਦੇ ਹੋਏ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਦਲ ਬਦਲੂ ਰਾਜਸਭਾ ਮੈਂਬਰ ਨੂੰ ਕੌਮੀ ਜਨਰਲ ਸਕੱਤਰ ਦਾ ਅਹੁਦਾ ਦੇ ਦਿੱਤਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਵਾਗਡੋਰ ਪਾਠਕ ਦੇ ਹੱਥ ਹੀ ਹੋਵੇਗੀ।
ਚੇਤੇ ਰਹੇ ਕਿ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਨੀਤੀ ਸੰਦੀਪ ਪਾਠਕ ਨੇ ਹੀ ਘੜੀ ਸੀ ਤੇ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਸੀ। ਮਗਰੋਂ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਇਸਦੇ ਬਦਲੇ ਸੰਦੀਪ ਨੂੰ ਰਾਜਸਭਾ ਦੀ ਮੈਂਬਰਸ਼ਿਪ ਨਾਲ ਨਵਾਜਿਆ ਸੀ। ਇਹ ਗੱਲ ਵੱਖਰੀ ਕਿ ਪਾਠਕ, ਰਾਘਵ ਚੱਢਾ ਦੇ ਨਾਲ ਮਿਲਕੇ ਪਾਰਟੀ ਹੀ ਛੱਡ ਗਏ ਤੇ ਭਾਜਪਾ ‘ਚ ਜਾ ਸ਼ਾਮਿਲ ਹੋਏ । ਐਥੇ ਹੀ ਬਸ ਨਹੀਂ ਕੁੱਲ ਸੱਤ ਰਾਜਸਭਾ ਮੈਂਬਰਾਂ ਨੇ ਇਹਨਾਂ ਨਾਲ ਮਿਲਕੇ, ਆਮ ਆਦਮੀ ਪਾਰਟੀ ਇੱਕੋ ਸਮੇਂ ਛੱਡੀ ਸੀ।
ਹੁਣ ਭਾਰਤੀ ਜਨਤਾ ਪਾਰਟੀ ਨੇ ਸੰਦੀਪ ਪਾਠਕ ਦਾ ਮੁੱਲ ਪਾਇਆ ਹੈ ਤੇ ਆਉਂਦੀਆਂ ਚੋਣਾਂ ਵਿੱਚ ਉਹਨਾਂ ਦਾ ਕੱਦ ਹੋਰ ਜ਼ਿਆਦਾ ਵਧਾਉਣ ਦੀ ਉਮੀਦ ਵੀ ਜਗਾਈ ਹੈ। ਅਰਵਿੰਦ ਕੇਜਰੀਵਾਲ ਦੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਪਾਠਕ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕਾਂ ਨਾਲ ਨੇੜਲੇ ਸੰਬੰਧ ਹਨ, ਭਾਜਪਾ ਨੂੰ ਉਮੀਦ ਹੈ ਕਿ ਉਹ ਉਹਨਾਂ ਵਿਧਾਇਕਾਂ ਨੂੰ ਵੀ ਆਪਣੇ ਨਾਲ ਜੋੜ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਉਹ 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਇੱਕ ਤਕੜੇ ਖਿਡਾਰੀ ਸਿੱਧ ਹੋਣਗੇ।
ਜਿੰਨੀ ਦੇਰ ਪਾਠਕ, ਅਰਵਿੰਦ ਕੇਜਰੀਵਾਲ ਨਾਲ ਰਹੇ ਉਹਨਾਂ ਨੇ ਪੰਜਾਬ ਦਾ ਚੱਪਾ ਚੱਪਾ ਵੇਖਿਆ ਹੈ, ਉਹ ਐਥੋਂ ਦੇ ਭਾਈਚਾਰੇ, ਐਥੋਂ ਦੇ ਧਾਰਮਕ ਰੀਤੀ ਰਿਵਾਜਾਂ ਤੋਂ ਬਾਖੂਬੀ ਵਾਕ਼ਫ ਹਨ। ਮੰਨਿਆ ਜਾਂਦਾ ਹੈ ਕਿ ਪਾਠਕ ਦੀ ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਤੇ ਮਜ਼ਬੂਤ ਪਕੜ ਹੈ ਅਤੇ ਉਨ੍ਹਾਂ ਨੇ ਇਸਤੋਂ ਪਹਿਲਾਂ ਵੀ ਪੂਰੇ ਰਾਜ ਦਾ ਰਾਜਨੀਤਿਕ ਨਕਸ਼ਾ ਤਿਆਰ ਕੀਤਾ ਹੈ। ਪਾਠਕ ਆਪਣੇ ਸਾਥੀ ਦਲਬਦਲੂਆਂ ਲਈ ਭਾਜਪਾ ਵਿੱਚ ਕੀ ਕਿਰਦਾਰ ਨਿਭਾਉਣਗੇ, ਇਹ ਬਹੁਤ ਛੇਤੀ ਨਜ਼ਰ ਆਏਗਾ, ਸ਼ਾਇਦ ਭਾਜਪਾ ਦੀਆਂ ਸੰਗਠਨਾਤਮਕ ਚੋਣਾਂ ਤੋਂ ਬਾਅਦ।

