ਰੋਜ਼ਾਨਾ 2 ਨਬਾਲਗਾਂ ਨਾਲ ਹੋਇਆ ਜਬਰ-ਜਨਾਹ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੀ ਤਾਜ਼ਾ ਰਿਪਰੋਟ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਦੇਸ਼ ਭਰ ‘ਚ ਮਹਿਲਾਵਾਂ ਲਈ ਸਭ ਤੋਂ ਅਸੁਰੱਖਿਅਤ ਮੈਟਰੋਪਾਲੀਟਨ ਸ਼ਹਿਰ ਹੈ, ਜਿਥੇ ਪਿਛਲੇ ਸਾਲ ਰੋਜ਼ਾਨਾ 2 ਨਬਾਲਗ ਲੜਕੀਆਂ ਨਾਲ ਜਬਰ-ਜਨਾਹ ਹੋਏ ਹਨ।
ਐਨ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਿਕ 2021 ‘ਚ ਮਹਿਲਾਵਾਂ ਖਿਲਾਫ 13,892 ਅਪਰਾਧ ਹੋਏ, ਜੋ 2020 ਦੇ 9,782 ਦੇ ਅੰਕੜਿਆਂ ਦੀ ਤੁਲਨਾ ‘ਚ 40 ਫੀਸਦੀ ਵਧੇਰੇ ਸਨ। ਮਹਿਲਾਵਾਂ ਖਿਲਾਫ ਅਪਰਾਧਿਕ ਮਾਮਲਿਆਂ ਦੇ ਅੰਕੜਿਆਂ ਅਨੁਸਾਰ ਦੇਸ਼ ਦੇ 19 ਮੈਟਰੋਪਾਲੀਟਨ ਸ਼ਹਿਰਾਂ ਦੇ ਕੁੱਲ 43,414 ਅਪਰਾਧਾਂ ‘ਚੋਂ 13,892 ਅਪਰਾਧ 32.20 ਫੀਸਦੀ ਨਾਲ ਇੱਕਲੇ ਦਿੱਲੀ ‘ਚ ਹੋਏ ਹਨ, ਜਿਸ ਤੋਂ ਬਾਅਦ ਮੁੰਬਈ ‘ਚ 5,543 ਤੇ ਬੈਂਗਲੁਰੂ 3,127 ਅਪਰਾਧਾਂ ਨਾਲ ਕ੍ਰਮਵਾਰ 12.76 ਫੀਸਦੀ ਤੇ 7.2 ਫੀਸਦੀ ਨਾਲ ਦੂਜੇ ਤੇ ਤੀਜੇ ਸਥਾਨ ‘ਤੇ ਰਹੇ ਸਨ। ਇਸੇ ਤਰ੍ਹਾਂ 2021 ਦੌਰਾਨ ਦਿੱਲੀ ‘ਚ ਹਰ ਰੋਜ਼ 2 ਨਬਾਲਗ ਲੜਕੀਆਂ ਨਾਲ ਜਬਰ-ਜਨਾਹ ਹੋਇਆ ਤੇ 19 ਮੈਟਰੋਪਾਲੀਟਨ ਸ਼ਹਿਰਾਂ ਦੇ ਮਹਿਲਾਵਾਂ ਦੇ ਕੁੱਲ 8,664 ਅਗਵਾ ਮਾਮਲਿਆਂ ‘ਚੋਂ 3,948 ਦਿੱਲੀ ਨਾਲ ਸਬੰਧਿਤ ਹਨ।