ਚਾਰਾ ਘੁਟਾਲਾ ਮਾਮਲੇ ’ਚ ਮਿਲੀ ਜ਼ਮਾਨਤ ਨੂੰ ਸੀਬੀਆਈ ਨੇ ਸੁਪਰੀਮ ਕੋਰਟ ’ਚ ਦਿੱਤੀ ਚੁਣੌਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਤੋਂ ਵਧ ਸਕਦੀਆਂ ਹਨ। ਲਾਲੂ ਯਾਦਵ ਦੇ ਲਈ ਨਵੀਂ ਮੁਸੀਬਤ ਖੜ੍ਹੀ ਕਰਦੇ ਹੋਏ ਸੀਬੀਆਈ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੀਬੀਆਈ ਨੇ ਕਥਿਤ ਚਾਰਾ ਘੁਟਾਲਾ ਨਾਲ ਜੁੜੇ ਮਾਮਲੇ ’ਚ ਲਾਲੂ ਯਾਦਵ ਨੂੰ ਮਿਲੀ ਜ਼ਮਾਨਤ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੀਬੀਆਈ ਵੱਲੋਂ ਸੁਪਰੀਮ ਕੋਰਟ ’ਚ ਲਾਲੂ ਯਾਦਵ ਖਿਲਾਫ਼ ਪਾਈ ਗਈ ਪਟੀਸ਼ਨ ’ਤੇ ਆਉਂਦੀ 25 ਅਗਸਤ ਨੂੰ ਸੁਣਵਾਈ ਹੋਵੇਗੀ। ਧਿਆਨ ਰਹੇ ਕਿ ਆਰਜੇਡੀ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਨੇ ਚਾਰਾ ਘੁਟਾਲਾ ਮਾਮਲੇ ਨਾਲ ਜੁੜੇ ਘੱਟੋ ਘੱਟ ਚਾਰ ਮਾਮਲਿਆਂ ’ਚ ਜ਼ਮਾਨਤ ਦੇ ਦਿੱਤੀ ਸੀ। ਸੀਬੀਆਈ ਨੇ ਝਾਰਖੰਡ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲਾਲੂ ਯਾਦਵ ਨੂੰ ਚਾਰਾ ਘੁਟਾਲਾ ਮਾਮਲੇ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਨ੍ਹਾਂ ਦੀਆਂ ਕਈ ਅਪੀਲਾਂ ਅਦਾਲਤ ’ਚ ਪੈਂਡਿੰਗ ਹਨ।